ਬੰਗਾਂ-ਮਾਤਾ ਨੈਣਾ ਦੇਵੀ ਸੜਕ ਪ੍ਰੋਜੈਕਟ ਨੂੰ ਲੈ ਕੇ ਸੰਦੋਆ ਅਤੇ ਸ਼ੇਰਗਿੱਲ ਨੇ ਚੰਦੂਮਾਜਰਾ ਨੂੰ ਘੇਰਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੇਂਦਰ ਸਰਕਾਰ ਵੱਲੋਂ ਬੰਗਾ-ਗੜਸ਼ੰਕਰ-ਸ੍ਰੀ ਅਨੰਦਪੁਰ ਸਾਹਿਬ-ਨੈਣਾ ਦੇਵੀ ਸੜਕ ਮਾਰਗ ਨੂੰ....

Aap

ਚੰਡੀਗੜ (ਸ.ਸ.ਸ) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੇਂਦਰ ਸਰਕਾਰ ਵੱਲੋਂ ਬੰਗਾ-ਗੜਸ਼ੰਕਰ-ਸ੍ਰੀ ਅਨੰਦਪੁਰ ਸਾਹਿਬ-ਨੈਣਾ ਦੇਵੀ ਸੜਕ ਮਾਰਗ ਨੂੰ 470 ਕਰੋੜ ਰੁਪਏ ਦੀ ਲਾਗਤ ਨਾਲ ਨੈਸ਼ਨਲ ਹਾਈਵੇ ਬਣਾਉਣ ਦੇ ਪ੍ਰੋਜੈਕਟ ਤੋਂ ਮੁੱਕਰਨ ‘ਤੇ ਅਕਾਲੀ-ਭਾਜਪਾ ਗੱਠਜੋੜ ਨੂੰ ਜੁਮਲੇਬਾਜ਼ਾਂ ਦਾ ਗੱਠਜੋੜ ਦੱਸਿਆ ਹੈ। ‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ‘ਆਪ’ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਨੇ ਦੋਸ਼ ਲਗਾਇਆ ਹੈ।

ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰੋਪੜ ਦੀ ਅਨਾਜ ਮੰਡੀ ‘ਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸ੍ਰੀ ਅਨੰਦਪੁਰ ਸਾਹਿਬ ਅਤੇ ਮਾਤਾ ਨੈਣਾ ਦੇਵੀ ਨਾਲ ਸੰਬੰਧਿਤ ਇਸ 58.40 ਕਿੱਲੋਮੀਟਰ ਲੰਬੇ ਪ੍ਰੋਜੈਕਟ ਦਾ ਜੁਮਲਾ ਛੱਡ ਕੇ ਜਨਤਾ ਦੀਆਂ ਭਾਵਨਾਵਾਂ ਨਾਲ ਖੇਡਿਆ ਸੀ। ਅਮਰਜੀਤ ਸਿੰਘ ਸੰਦੋਆ ਅਤੇ ਨਰਿੰਦਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਜਦੋਂ ਨਿਤਿਨ ਗਡਕਰੀ ਵੋਟਾਂ ਲਈ ਝੂਠੇ ਵਾਅਦਿਆਂ ਨਾਲ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰ ਰਹੇ ਸਨ ਉਦੋਂ ਸਥਾਨਕ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਆਪਣੇ ਭਾਜਪਾ ਨੇਤਾ ਦੀ ਜੁਮਲੇਬਾਜੀ ਨੂੰ ਹੋਰ ਤੁਣਕੇ ਲਗਾਉਂਦੇ ਹੋਏ ਕਹਿ ਰਹੇ ਸਨ।

ਕਿ ਕੇਂਦਰ ਦੀ ਅਕਾਲੀ-ਭਾਜਪਾ ਸਰਕਾਰ ਪੰਜਾਬ ਲਈ ਨੋਟਾਂ ਦੇ ਟਰੱਕ ਭਰ ਕੇ ਭੇਜਣ ਲੱਗੀ ਹੈ, ਇਸ ਪ੍ਰੋਜੈਕਟ ਲਈ ਲੋੜੀਂਦੇ 470 ਕਰੋੜ ਰੁਪਏ ਦੇ ਨੋਟਾਂ ਦਾ ਭਾਰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਭਾਰ ਤੋਂ ਵੱਧ ਹੈ। ‘ਆਪ’ ਆਗੂਆਂ ਨੇ ਪ੍ਰੋ. ਚੰਦੂਮਾਜਰਾ ਨੂੰ ਦੋਵੇਂ ਹੱਥੀ ਲੈਂਦਿਆਂ ਕਿਹਾ ਕਿ ਚੰਦੂਮਾਜਰਾ ਹੁਣ ਆਪਣੇ ਝੂਠੇ ਲਾਰਿਆਂ ਅਤੇ ਭਾਜਪਾ ਆਗੂਆਂ ਦੀ ਜੁਮਲੇਬਾਜੀ ਦੇ ਪਰਦਾ ਪਾਉਣ ਦੀ ਕੋਸ਼ਿਸ਼ ‘ਚ ਅਫ਼ਸਰਾਂ ‘ਤੇ ਦੋਸ਼ ਲਗਾਉਣ ਲੱਗੇ ਹਨ। ਸੰਦੋਆ ਅਤੇ ਸ਼ੇਰਗਿੱਲ ਨੇ ਪ੍ਰੋ. ਚੰਦੂਮਾਜਰਾ ਨੂੰ ਪੁੱਛਿਆ ਕਿ ਕੀ ਨਰਿੰਦਰ ਮੋਦੀ ਸਰਕਾਰ ਉੱਤੇ ਅਫ਼ਸਰਸ਼ਾਹੀ ਭਾਰੀ ਹੈ?

ਜੇਕਰ ਅਜਿਹਾ ਹੈ ਤਾਂ ਪ੍ਰੋ. ਚੰਦੂਮਾਜਰਾ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਅਸਤੀਫ਼ੇ ਦੇ ਦੇਣੇ ਚਾਹੀਦੇ ਹਨ ਅਤੇ ਭਾਜਪਾ ਨਾਲੋਂ ਸਿਆਸੀ ਨਾਤਾ ਤੋੜ ਲੈਣਾ ਚਾਹੀਦਾ ਹੈ, ਕਿਉਂਕਿ ਇਹ ਪ੍ਰੋਜੈਕਟ ਆਰਥਿਕ ਅਤੇ ਇਤਿਹਾਸਕ ਤੌਰ ‘ਤੇ ਵੀ ਬੇਹੱਦ ਮਹੱਤਤਾ ਰੱਖਦਾ ਹੈ। ‘ਆਪ’ ਆਗੂਆਂ ਨੇ ਕਿਹਾ ਕਿ ਪੰਜਾਬ ਅਤੇ ਦੇਸ਼ ਦੀ ਜਨਤਾ ਅਕਾਲੀ-ਭਾਜਪਾ ਅਤੇ ਕਾਂਗਰਸ ਵਰਗੀਆਂ ਰਿਵਾਇਤੀ ਪਾਰਟੀਆਂ ਦੀ ਲਾਰੇਬਾਜ਼ੀ ਤੋਂ ਅੱਕ ਅਤੇ ਥੱਕ ਚੁੱਕੀ ਹੈ, ਇਸ ਲਈ ਆਗਾਮੀ ਲੋਕ ਸਭਾ ਚੋਣਾਂ ‘ਚ ਇਨਾਂ ਰਿਵਾਇਤੀ ਪਾਰਟੀਆਂ ਨੂੰ ਚੰਗੀ ਤਰਾਂ ਸਬਕ ਸਿਖਾਏਗੀ।