ਸਿੱਖ ਸਦਭਾਵਨਾ ਦਲ ਵਲੋਂ ਅਕਾਲ ਤਖ਼ਤ ਸਾਹਿਬ ਦੇ ਬਾਹਰ ਬਾਦਲਾਂ ਦਾ ਵਿਰੋਧ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ੍ਰੀ ਦਰਬਾਰ ਸਾਹਿਬ ਵਿਖੇ ਇਕ ਪਾਸੇ ਬਾਦਲਾਂ ਵਲੋਂ ਰਖਵਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣ ਦੀ ਤਿਆਰੀ ਚੱਲ ਰਹੀ ਹੈ ਤਾਂ ਦੂਜੇ....

ਸਿੱਖ ਸਦਭਾਵਨਾ ਦਲ

ਅੰਮ੍ਰਿਤਸਰ (ਸ.ਸ.ਸ) : ਸ੍ਰੀ ਦਰਬਾਰ ਸਾਹਿਬ ਵਿਖੇ ਇਕ ਪਾਸੇ ਬਾਦਲਾਂ ਵਲੋਂ ਰਖਵਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣ ਦੀ ਤਿਆਰੀ ਚੱਲ ਰਹੀ ਹੈ ਤਾਂ ਦੂਜੇ ਪਾਸੇ ਵੱਡੀ ਗਿਣਤੀ ਵਿਚ ਸਿੱਖ ਸੰਗਤ ਵਲੋਂ ਬਾਦਲਾਂ ਵਿਰੁਧ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹੈ। ਸਾਬਕਾ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਦੀ ਅਗਵਾਈ ਵਿਚ ਕੀਤੇ ਜਾ ਰਹੇ ਇਸ ਪ੍ਰਦਰਸ਼ਨ ਵਿਚ ਸੰਗਤਾਂ ਵਲੋਂ ਜਿੱਥੇ ਬਾਦਲ ਪਰਿਵਾਰ ਦਾ ਹੱਥਾਂ ਵਿਚ ਪੋਸਟਰ ਫੜ ਕੇ ਵਿਰੋਧ ਕੀਤਾ ਜਾ ਰਿਹੈ ਉਥੇ ਹੀ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ ਫ਼ਖ਼ਰ ਏ ਕੌਮ ਦਾ ਐਵਾਰਡ ਵਾਪਸ ਲੈਣ ਦੀ ਵੀ ਮੰਗ ਕੀਤੀ ਜਾ ਰਹੀ ਹੈ।

ਇਸ ਮੌਕੇ ਬੋਲਦਿਆਂ ਭਾਈ ਬਲਦੇਵ ਸਿੰਘ ਵਡਾਲਾ ਨੇ ਆਖਿਆ ਕਿ ਇਹ ਸ਼ਾਂਤਮਈ ਰੋਸ ਪ੍ਰਦਰਸ਼ਨ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤਹਿਤ ਸਿੱਖ ਸਦਭਾਵਨਾ ਦਲ ਵਲੋਂ ਕੀਤਾ ਜਾ ਰਿਹਾ ਹੈ। ਜਿਸ ਵਿਚ ਬਾਦਲ ਕੋਲੋਂ ਫ਼ਖ਼ਰ ਏ ਕੌਮ ਦਾ ਐਵਾਰਡ ਵਾਪਸ ਲਏ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਪ੍ਰਦਰਸ਼ਨ ਬਾਰੇ ਦੱਸਿਆ ਕਿ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤਹਿਤ ਸਿੱਖ ਸਦਭਾਵਨਾ ਦਲ ਵੱਲੋਂ ਅਸੀਂ ਅਕਾਲ ਤਖ਼ਤ ਸਾਹਿਬ ਦੇ ਬਾਹਰ ਹੋਕਾ ਦੇਣ ਨੂੰ ਖੜ੍ਹੇ ਹਾਂ, ਕਿ ਜੋ ਸਿਆਸੀ ਪਰਵਾਰ ਵੱਲੋਂ ਸਿਆਸੀ ਡਰਾਮਾ ਬਾਹਰ ਖੇਡਦੇ ਤਾਂ ਕੋਈ ਗੱਲ ਨਹੀਂ ਸੀ

ਪਰ ਇਹ ਸਿਆਸੀ ਡਰਾਮਾ ਗੁਰੂ ਘਰ ਵਿਚ ਖੇਡਿਆ ਜਾ ਰਿਹੈ ਕਿ ਅਸੀਂ ਭੁੱਲਾਂ ਬਖ਼ਸ਼ਾਉਣ ਆਏ ਹਾਂ ਤੇ ਨਾਲ ਉਹ ਭੁੱਲਾਂ ਤੇ ਗੁਣਾਹ ਮੰਨਣ ਨੂੰ ਤਿਆਰ ਵੀ ਨਹੀਂ। ਦੂਜੀ ਗੱਲ ਬਾਹਰ ਕੀਤੇ ਗੁਣਾਹ ਗੁਰੂ ਘਰ ਬਖ਼ਸ਼ੇ ਜਾ ਸਕਦੇ ਸੀ ਪਰ ਗੁਰੂ ਘਰ ਕੀਤੇ ਗੁਣਾਹਾਂ ਦੀ ਪੰਡ ਪਾਪਾਂ ਦੀ ਉਸ ਦੀ ਸਜ਼ਾ ਬਾਦਲਾਂ ਨੂੰ ਮਿਲ ਰਹੀ ਅਤੇ ਅਗਾਂਹ ਜਾ ਕੇ ਵੀ ਮਿਲਣੀ ਹੈ, ਰੱਬ ਇਸ ਪਰਵਾਰ ਨੂੰ ਜਿਊਂਦਾ ਰੱਖੇ ਤਾਂ ਕਿ ਇਹ ਭੁਗਤ ਸਕਣ ਅਤੇ ਅੱਗੇ ਉਹਨਾਂ ਨੇ ਕਿਹਾ ਕਿ ਅਖੌਤੀ ਜਥੇਦਾਰਾਂ ਵੱਲੋਂ ਇਹਨਾਂ ਨੂੰ ਫ਼ਕਰ-ਏ-ਕੌਮ ਦਿਤਾ ਗਿਆ ਹੈ।

ਗੁਰੂ ਕੀ ਸੰਗਤ ਸਿੱਖ ਸਦਭਾਵਨਾ ਦਲ,ਅਤੇ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਹਿੱਸਾ ਬਣੇ ਇਕ-ਇਕ ਨਗਰ ਚੋਂ ਇਕ-ਇਕ ਨੌਜਵਾਨ ਸਾਡਾ ਸਾਥ ਦਵੋ ਅਸੀਂ ਇਹਨਾਂ ਤੋਂ ਫ਼ਕਰ-ਏ-ਕੌਮ ਵਾਪਸ ਲਵਾਂਗੇ ਅਤੇ ਜਿਹੜੀ ਬਾਦਲਾਂ ਵੱਲੋਂ ਕਰਵਾਈਆਂ ਅਖੰਡ ਪਾਠ ‘ਤੇ ਦੇਗਾਂ ਹਮੇਸ਼ਾਂ ਲਈ ਬੰਦ ਕਰਾਂਗੇ। ਦਸ ਦਈਏ ਕਿ ਬੀਤੇ ਦਿਨ ਬਾਦਲ ਪਰਿਵਾਰ ਅਕਾਲੀਆਂ ਆਗੂਆਂ ਸਮੇਤ ਅਪਣੀਆਂ ਭੁੱਲਾਂ ਬਖਸ਼ਾਉਣ ਲਈ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਸਨ, ਜਿਨ੍ਹਾਂ ਵਿਚੋਂ ਪਿਛਲੇ ਤਿੰਨ ਦਿਨਾਂ ਤੋਂ ਆਖੰਡ ਪਾਠ ਸਾਹਿਬ ਆਰੰਭ ਕਰਵਾ ਕੇ ਸੇਵਾ ਕੀਤੀ ਜਾ ਰਹੀ ਹੈ ।

ਪਰ ਕੁੱਝ ਸਿੱਖ ਜਥੇਬੰਦੀਆਂ ਵਲੋਂ ਇਸ ਨੂੰ ਬਾਦਲ ਪਰਿਵਾਰ ਦੀ ਡਰਾਮੇਬਾਜ਼ੀ ਕਰਾਰ ਦਿਤਾ ਜਾ ਰਿਹੈ। ਕਿਉਂਕਿ ਬਾਦਲ ਪਰਿਵਾਰ ਵਲੋਂ ਭੁੱਲਾਂ ਬਖ਼ਸ਼ਾਉਣ ਦੀ ਗੱਲ ਤਾਂ ਆਖੀ ਜਾ ਰਹੀ ਹੈ ਪਰ ਉਨ੍ਹਾਂ ਭੁੱਲਾਂ ਦਾ ਖ਼ੁਲਾਸਾ ਨਹੀਂ ਕੀਤਾ ਜਾ ਰਿਹੈ ਜੋ ਉਨ੍ਹਾਂ ਤੋਂ ਹੋਈਆਂ ਹਨ। ਸੋ ਬਾਦਲ ਭਾਵੇਂ ਭੁੱਲਾਂ ਬਖ਼ਸ਼ਾ ਕੇ ਪਾਰਟੀ ਦਾ ਅਕਸ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਇਹ ਤਰੀਕਾ ਵੀ ਉਨ੍ਹਾਂ ਨੂੰ ਪੁੱਠਾ ਪੈਂਦਾ ਨਜ਼ਰ ਆ ਰਿਹੈ।