ਮਿਜ਼ੋਰਮ ਦੇ ਟੈਕਸੀ ਡਰਾਇਵਰ ਤੋਂ 3 ਕਿੱਲੋ ਹੈਰੋਇਨ ਬਰਾਮਦ, ਜਲੰਧਰ ‘ਚ ਕਰਨੀ ਸੀ ਡਿਲੀਵਰੀ
ਜਲੰਧਰ ਪੁਲਿਸ ਦੀ ਕ੍ਰਾਈਮ ਬ੍ਰਾਂਚ (ਦਿਹਾਤੀ) ਨੇ ਵੀਰਵਾਰ ਨੂੰ ਮਿਜ਼ੋਰਮ ਦੇ ਇਕ ਟੈਕਸੀ ਡਰਾਇਵਰ ਨੂੰ 3 ਕਿੱਲੋ 70 ਗ੍ਰਾਮ ਹੈਰੋਇਨ...
ਜਲੰਧਰ : ਜਲੰਧਰ ਪੁਲਿਸ ਦੀ ਕ੍ਰਾਈਮ ਬ੍ਰਾਂਚ (ਦਿਹਾਤੀ) ਨੇ ਵੀਰਵਾਰ ਨੂੰ ਮਿਜ਼ੋਰਮ ਦੇ ਇਕ ਟੈਕਸੀ ਡਰਾਇਵਰ ਨੂੰ 3 ਕਿੱਲੋ 70 ਗ੍ਰਾਮ ਹੈਰੋਇਨ ਦੇ ਨਾਲ ਗ਼੍ਰਿਫ਼ਤਾਰ ਕੀਤਾ ਹੈ। ਪੁਲਿਸ ਦੇ ਮੁਤਾਬਕ ਪੁੱਛਗਿਛ ਵਿਚ ਦੋਸ਼ੀ ਨੇ ਖ਼ੁਲਾਸਾ ਕੀਤਾ ਕਿ ਉਹ ਇਕ ਔਰਤ ਦੇ ਕਹਿਣ ਉਤੇ ਜਲੰਧਰ ਵਿਚ ਡਿਲੀਵਰੀ ਦੇਣ ਆਇਆ ਸੀ। ਫ਼ਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿਚ ਜੁੱਟੀ ਹੈ ਕਿ ਇਥੇ ਉਸ ਨੇ ਕਿਸ ਨੂੰ ਇਹ ਡਿਲੀਵਰੀ ਦੇਣੀ ਸੀ।
ਮੀਡੀਆ ਦੇ ਸਾਹਮਣੇ ਜਲੰਧਰ ਦਿਹਾਤ ਦੇ ਐਸਐਸਪੀ ਨਵਜੋਤ ਸਿੰਘ ਮਾਹਲ ਨੇ ਖ਼ੁਲਾਸਾ ਕੀਤਾ ਕਿ ਪੁਲਿਸ ਨੂੰ ਨਸ਼ਾ ਤਸਕਰੀ ਨਾਲ ਸਬੰਧਤ ਇਕ ਗੁਪਤ ਸੂਚਨਾ ਮਿਲੀ ਸੀ। ਇਸ ਉਤੇ ਕਾਰਵਾਈ ਕਰਦੇ ਹੋਏ ਕ੍ਰਾਈਮ ਬ੍ਰਾਂਚ-1 ਦੇ ਇੰਨਚਾਰਜ ਇੰਨਸਪੈਕਟਰ ਹਰਿੰਦਰ ਨੇ ਨਕੋਦਰ ਰੋਡ ਉਤੇ ਪੈਂਦੇ ਪਿੰਡ ਕੰਗ ਸਾਬੂ ਦੇ ਬੱਸ ਸਟਾਪ ਉਤੇ ਨਾਕਾਬੰਦੀ ਕੀਤੀ। ਬੱਸ ਵਿਚੋਂ ਉਤਰੇ ਇਕ ਵਿਅਕਤੀ ਉਤੇ ਸ਼ੱਕ ਹੋਇਆ, ਜਿਸ ਦੇ ਮੋਢਿਆਂ ਉਤੇ ਕਿਟਬੈਗ ਸੀ।
ਪੁਲਿਸ ਨੇ ਉਸ ਨੂੰ ਤੁਰਤ ਹਿਰਾਸਤ ਵਿਚ ਲੈ ਕੇ ਸ਼ਾਹਕੋਟ ਦੇ ਡੀਐਸਪੀ ਪਰਮਿੰਦਰ ਸਿੰਘ ਦੇ ਸਾਹਮਣੇ ਉਸ ਦੀ ਤਲਾਸ਼ੀ ਲਈ। ਇਸ ਦੌਰਾਨ ਬੈਗ ਵਿਚੋਂ 3 ਕਿੱਲੋ 70 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁੱਛਗਿਛ ਵਿਚ ਇਸ ਸ਼ੱਕੀ ਵਿਅਕਤੀ ਨੇ ਅਪਣੀ ਪਹਿਚਾਣ ਮਿਜ਼ੋਰਮ ਦੀ ਰਾਜਧਾਨੀ ਆਈਜੋਲ ਦੇ ਰਹਿਣ ਵਾਲੇ ਅਬਰਾਹਿਮ ਦੇ ਰੂਪ ਵਿਚ ਦਿਤੀ। ਉਹ ਪੇਸ਼ੇ ਤੋਂ ਟੈਕਸੀ ਡਰਾਇਵਰ ਹੈ।
ਉਸ ਨੇ ਇਹ ਵੀ ਦੱਸਿਆ ਕਿ ਉਹ ਪਾਚੁਆਊ ਨਾਮ ਦੀ ਇਕ ਔਰਤ ਦੇ ਸੰਪਰਕ ਵਿਚ ਆਇਆ ਤਾਂ ਉਸ ਤੋਂ ਬਾਅਦ ਤਸਕਰੀ ਵਿਚ ਉਸ ਦੀ ਮਦਦ ਕਰਨ ਲੱਗ ਗਿਆ। ਉਸ ਦੇ ਕਹਿਣ ਉਤੇ ਹੁਣ ਉਹ ਦਿੱਲੀ ਤੋਂ ਹੈਰੋਇਨ ਲਿਆ ਕੇ ਜਲੰਧਰ ਵਿਚ ਡਿਲੀਵਰੀ ਦੇਣ ਆਇਆ ਸੀ। ਜਦੋਂ ਕਾਬੂ ਤਸਕਰ ਤੋਂ ਪੁੱਛਿਆ ਗਿਆ ਕਿ ਇਹ ਨਸ਼ਾ ਕਿਸ ਨੇ ਮੰਗਵਾਇਆ ਹੈ ਤਾਂ ਇਸ ਦੇ ਜਵਾਬ ਵਿਚ ਉਸ ਨੇ ਪੁਲਿਸ ਨੂੰ ਇਕ ਮੋਬਾਇਲ ਨੰਬਰ ਦਿਤਾ ਹੈ,
ਜਿਸ ਦੇ ਬਾਰੇ ਕਿਹਾ ਗਿਆ ਸੀ ਬੱਸ ਅੱਡੇ ਉਤੇ ਪਹੁੰਚ ਕੇ ਸੰਪਰਕ ਕਰ ਲੈਣਾ। ਫ਼ਿਲਹਾਲ ਪੁਲਿਸ ਮੋਬਾਇਲ ਨੰਬਰ ਦੇ ਜ਼ਰੀਏ ਨਸ਼ੇ ਦੀ ਖੇਪ ਮੰਗਵਾਉਣ ਵਾਲੇ ਦੀ ਭਾਲ ਵਿਚ ਜੁੱਟੀ ਹੈ।