ਜਾਗੋ ਕੱਢਦੇ ਸਮੇਂ ਚੱਲੀ ਗੋਲੀ, ਫ਼ੋਟੋਗ੍ਰਾਫ਼ਰ ਦੀ ਮੌਕੇ 'ਤੇ ਹੋਈ ਮੌਤ
ਨੇੜਲੇ ਪਿੰਡ ਹਰਦੋਬਲਾਂ ਵਿਚ ਇਕ ਵਿਆਹ ਸਮਾਗਮ ਵਿਚ ਕੱਢੀ ਗਈ ਜਾਗੋ ਦੌਰਾਨ ਅਚਾਨਕ ਚੱਲੀ ਗੋਲੀ ਕਾਰਨ ਫ਼ੋਟੋਗ੍ਰਾਫ਼ਰ ਦੀ ਮੌਕੇ 'ਤੇ ਮੌਤ ਹੋ ਗਈ ਹੈ...
ਦਸੂਹਾ : ਨੇੜਲੇ ਪਿੰਡ ਹਰਦੋਬਲਾਂ ਵਿਚ ਇਕ ਵਿਆਹ ਸਮਾਗਮ ਵਿਚ ਕੱਢੀ ਗਈ ਜਾਗੋ ਦੌਰਾਨ ਅਚਾਨਕ ਚੱਲੀ ਗੋਲੀ ਕਾਰਨ ਫ਼ੋਟੋਗ੍ਰਾਫ਼ਰ ਦੀ ਮੌਕੇ 'ਤੇ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ ਉਰਫ਼ ਜੱਸੀ ਪੁੱਤਰ ਕਮਲਜੀਤ ਸਿੰਘ ਵਾਸੀ ਮਨਸੂਰਪੁਰ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਹਰਦੋਬਲਾਂ ਵਿਚ ਉਪਜੀਤ ਸਿੰਘ ਉਰਫ਼ ਟੀਟੂ ਦੀ ਲੜਕੀ ਦਾ ਵਿਆਹ ਸੀ ਅਤੇ ਜਿਸ ਸਬੰਧੀ ਰਾਤ ਲਗਪਗ ਸਾਢੇ ਅੱਠ ਵਜੇ ਜਾਗੋ ਕੱਢੀ ਜਾ ਰਹੀ ਸੀ ਕਿ ਇੱਕ ਰਿਸ਼ਤੇਦਾਰ ਵੱਲੋਂ ਚਲਾਈ ਗੋਲੀ ਜਾਗੋ ਦੀ ਮੂਵੀ ਬਣਾ ਰਹੇ ਫ਼ੋਟੋਗ੍ਰਾਫ਼ਰ ਜਸਵਿੰਦਰ ਸਿੰਘ ਦੇ ਵੱਜੀ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਡੀਐਸਪੀ ਦਸੂਹਾ ਮੌਕੇ 'ਤੇ ਪਹੁੰਚੇ ਅਤੇ ਮੌਕਾ ਦਾ ਜਾਇਜ਼ਾ ਲੈ ਕੇ ਲਾਸ਼ ਨੂੰ ਸਿਵਲ ਹਸਪਤਾਲ ਦਸੂਹਾ ਪਹੁੰਚਾਇਆ। ਇਸ ਘਟਨਾ ਮਗਰੋਂ ਫ਼ੋਟੋਗ੍ਰਾਫ਼ਰ ਐਸੋਸੀਏਸ਼ਨ ਦੇ ਜ਼ਿਲ੍ਹਾ ਪੱਧਰ ਦੇ ਆਗੂਆਂ ਨੇ ਹਸਪਤਾਲ ਵਿਚ ਰੋਸ ਮੁਜ਼ਾਹਰਾ ਕੀਤਾ ਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਪੁਲਿਸ ਅਧਿਕਾਰੀਆਂ ਨੇ ਪਰਵਾਰ ਵਾਲਿਆਂ ਦੇ ਬਿਆਨ ਦਰਜ਼ ਕੀਤੇ ਅਤੇ ਡੀਐਸਪੀ ਨੇ ਕਿਹਾ ਕਿ ਮਾਮਲਾ ਦਰਜ਼ ਕਰਨ ਮਗਰੋਂ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।