'ਆਪ' ਦੀ ਜਿੱਤ ਨਾਲ ਅਕਾਲੀ ਦਲ ਬਾਦਲ ਡਬਲ ਜ਼ੀਰੋ ਹੋਇਆ : ਪਰਮਿੰਦਰ ਢੀਂਡਸਾ

ਏਜੰਸੀ

ਖ਼ਬਰਾਂ, ਪੰਜਾਬ

ਕਿਹਾ, ਭਾਜਪਾ ਨੇ ਬਾਦਲ ਗੁੱਟ ਨੂੰ ਠੁੱਡ ਮਾਰ ਕੇ ਲਾਂਭੇ ਕੀਤਾ

file photo

ਚੰਡੀਗੜ੍ਹ : ਦਿੱਲੀ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ (ਆਪ) ਦੀ ਫਿਰ ਇਕ ਵਾਰ ਭਾਰੀ ਜਿੱਤ 'ਤੇ ਅਪਣੀ ਪ੍ਰਤੀਕਿਰਿਆ ਦਿੰਦੇ ਹੋਏ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਅਕਾਲੀ ਦਲ ਦਾ ਬਾਦਲ ਗੁੱਟ ਹੁਣ ਜ਼ੀਰੋ ਤੋਂ ਵੀ ਹੇਠਾਂ ਡਿਗ ਕੇ ਡਬਲ ਜ਼ੀਰੋ ਹੋ ਗਿਆ ਹੈ।

ਅੱਜ ਇਥੇ ਵਿਧਾਨ ਸਭਾ 'ਚ ਇਕ ਕਮੇਟੀ ਦੀ ਬੈਠਕ 'ਚ ਹਾਜ਼ਰੀ ਭਰਨ ਆਏ ਨੌਜਵਾਨ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਦਸਿਆ ਕਿ ਕੇਂਦਰ 'ਚ ਸੱਤਾਧਾਰੀ ਬੀ.ਜੇ.ਪੀ. ਪਾਰਟੀ ਨੇ ਪਹਿਲਾਂ ਬਾਦਲ ਅਕਾਲੀ ਦਲ ਨੂੰ ਕੁਲ 70 ਸੀਟਾਂ 'ਚੋਂ 4 'ਤੇ ਸਿੱਖ ਉਮੀਦਵਾਰਾਂ ਨੂੰ ਟਿਕਟ ਦੇਣ ਦੇ ਚੋਣ ਸਮਝੌਤੇ ਤੋਂ ਨਾਂਹ ਕੀਤੀ, ਫਿਰ ਬਾਦਲ ਗੁੱਟ ਨੂੰ ਠੁੱਡ ਮਾਰ ਕੇ ਲਾਂਭੇ ਕੀਤਾ ਅਤੇ ਹੁਣ ਅਕਾਲੀ ਦਲ ਬਾਦਲ ਵੋਟ ਏਰੀਆ 'ਚੋਂ ਵੀ ਖੁਦ ਹਾਰ ਗਈ। ਉਨ੍ਹਾਂ ਕਿਹਾ ਕਿ ਇਸ ਤੋਂ ਪ੍ਰਤੀਤ ਹੁੰਦਾ ਹੈ ਕਿ ਦਿੱਲੀ ਦਾ ਸਿੱਖ ਅਤੇ ਅਕਾਲੀ ਵੋਟਰ ਵੀ ਬਾਦਲ ਪਰਵਾਰ ਤੋਂ ਪਰ੍ਹੇ ਚਲਾ ਗਿਆ ਹੈ।

ਇਹ ਪੁੱਛੇ ਜਾਣ 'ਤੇ ਕਿ ਢੀਂਡਸਾ ਗੁੱਟ ਜਾਂ ਟਕਸਾਲੀ ਅਕਾਲੀ ਆਗੂਆਂ ਦੀ ਭਵਿੱਖ 'ਚ ਕੀ ਭੂਮਿਕਾ ਰਹੇਗੀ, ਦੇ ਜੁਆਬ ਵਿਚ ਅਕਾਲੀ ਦਲ 'ਚੋਂ ਬਾਹਰ ਹੋਏ ਇਸ ਨੌਜਵਾਨ ਵਿਧਾਇਕ ਨੇ ਕਿਹਾ ਕਿ ਪਹਿਲਾਂ ਤਾਂ 23 ਫ਼ਰਵਰੀ ਦੀ ਸੰਗਰੂਰ ਰੈਲੀ 'ਚ ਵੱਧ ਤੋਂ ਵੱਧ ਇਕੱਠ ਕਰਨ ਦਾ ਨਿਸ਼ਾਨਾ ਹੈ, ਫਿਰ ਅਗਲੇ ਕਦਮ 'ਚ ਸੀਨੀਅਰ ਅਕਾਲੀ ਨੇਤਾਵਾਂ ਦੀ ਮੀਟਿੰਗ ਕਰਾਂਗੇ, ਉਸ ਉਪਰੰਤ ਸੂਬੇ ਦੇ ਵੱਖ-ਵੱਖ ਇਲਾਕਿਆਂ ਵਿਚ ਗੇੜਾ ਮਾਰਾਂਗੇ ਅਤੇ ਅਗਲੇ 6 ਮਹੀਨਿਆਂ 'ਚ ਨਵੀਂ ਰੂਪ ਰੇਖਾ ਤਿਆਰ ਕੀਤੀ ਜਾਵੇਗੀ।

ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਫ਼ਿਲਹਾਲ ਤਾਂ ਗ਼ੈਰ-ਬਾਦਲ ਗੁੱਟ ਦੇ ਅਕਾਲੀ ਦਲ ਨੂੰ ਤਕੜਾ ਕਰਨਾ ਹੈ ਕਿਉਂਕਿ 2022 ਵਿਚ ਅਸੈਂਬਲੀ ਚੋਣਾਂ ਤਕ ਸੱਤਾਧਾਰੀ ਕਾਂਗਰਸ ਦੇ ਨਿਮਾਣ ਵਲ ਜਾ ਰਹੇ ਗਰਾਫ਼ ਅਤੇ ਪੈਦਾ ਹੋਈ ਖ਼ਾਲੀ ਥਾਂ ਨੂੰ ਭਰਨ ਵਾਸਤੇ ਦੂਸਰਾ ਜਾਂ ਤੀਸਰਾ ਬਦਲ ਬਣਨ ਦੀ ਕੋਸ਼ਿਸ਼ ਕਰਨੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ 'ਚ 19 ਵਿਧਾਇਕਾਂ ਵਾਲੀ 'ਆਪ' ਦੇ 5 ਗੁੱਟਾਂ 'ਚ ਵੰਡੇ ਜਾਣ 'ਤੇ ਜੋ ਸਥਿਤੀ ਪੈਦਾ ਹੋ ਗਈ ਸੀ ਹੁਣ ਦਿੱਲੀ ਵਿਧਾਨ ਸਭਾ 'ਚ ਭਾਰੀ ਜਿੱਤ ਨਾਲ ਇਹ 5 ਗੁੱਟ ਫਿਰ ਇਕੱਠੇ ਹੋਣ ਦਾ ਯਤਨ ਕਰਨਗੇ ਜਿਸ ਤੋਂ ਬੀ.ਜੇ.ਪੀ. ਵੀ ਪੰਜਾਬ 'ਚ ਬਾਦਲ ਅਕਾਲੀ ਦਲ ਨਾਲੋਂ ਨਾਤਾ ਤੋੜ ਕੇ ਕਿਸੇ ਪੰਥਕ ਗੁੱਟ ਨਾਲ ਸਾਂਝ ਪਾਏਗੀ ਅਤੇ 'ਆਪ' ਦੇ ਜੇਤੂ ਰੱਥ ਨੂੰ ਪੰਜਾਬ 'ਚੋਂ ਰੋਕਣ ਦਾ ਯਤਨ ਕਰੇਗੀ।