ਦਿੱਲੀ ਵਿਧਾਨ ਸਭਾ ਚੋਣਾਂ : 62.59 ਫ਼ੀ ਸਦੀ ਵੋਟਰਾਂ ਨੇ ਕੀਤੀ ਹੱਕ ਦੀ ਵਰਤੋਂ!

ਏਜੰਸੀ

ਖ਼ਬਰਾਂ, ਰਾਸ਼ਟਰੀ

ਵੋਟਿੰਗ ਫ਼ੀ ਸਦ ਦਾ ਅੰਕੜਾ ਦੇਰੀ ਨਾਲ ਜਾਰੀ ਕਰਨਾ ਹੈਰਾਨੀਜਨਕ : ਕੇਜਰੀਵਾਲ

file photo

ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ਵਿਚ ਕੁਲ 62.59 ਫ਼ੀ ਸਦੀ ਵੋਟਰਾਂ ਨੇ ਅਪਣੇ ਹੱਕ ਦੀ ਵਰਤੋਂ ਕੀਤੀ ਹੈ। ਮਤਦਾਨ ਦੇ ਆਖ਼ਰੀ ਅੰਕੜੇ ਜਾਰੀ ਕਰਦਿਆਂ ਸੀਨੀਅਰ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ। ਦਿੱਲੀ ਵਿਧਾਨ ਸਭਾ ਦੀਆਂ ਕੁਲ 70 ਸੀਟਾਂ ਲਈ ਸਨਿਚਰਵਾਰ ਨੂੰ ਵੋਟਾਂ ਪਈਆਂ ਸਨ।

ਦਿੱਲੀ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਦੇ ਸੀਨੀਅਰ ਅਧਿਕਾਰੀ ਨੇ ਦਸਿਆ, 'ਚੋਣਾਂ ਦੇ ਅੰਤਮ ਅੰਕੜਿਆਂ ਮੁਤਾਬਕ 62.59 ਫ਼ੀ ਸਦੀ ਮਤਦਾਨ ਹੋਇਆ।' ਸਾਲ 2015 ਦੀਆਂ ਵਿਧਾਨ ਸਭਾ ਚੋਣਾਂ ਵਿਚ 67.47 ਫ਼ੀ ਸਦੀ ਮਤਦਾਨ ਹੋਇਆ ਸੀ। ਦਿੱਲੀ ਦੇ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਸਟੀਕ ਚੋਣ ਅੰਕੜਾ ਜਾਰੀ ਕਰਨ ਲਈ ਉਹ ਵਿਸ਼ਲੇਸ਼ਣ ਕਰਨ ਵਿਚ ਰੁੱਝੇ ਹੋਏ ਸਨ ਜਿਸ ਕਾਰਨ ਥੋੜਾ ਸਮਾਂ ਲਗਿਆ ਹੈ।

ਇਸ ਤੋਂ ਪਹਿਲਾਂ, ਚੋਣ ਕਮਿਸ਼ਨ ਦੁਆਰਾ ਦਿੱਲੀ ਵਿਧਾਨ ਸਭਾ ਚੋਣਾਂ ਦੇ ਆਖ਼ਰੀ ਮਤਦਾਨ ਫ਼ੀ ਸਦੀ ਦੇ ਐਲਾਨ ਵਿਚ ਦੇਰੀ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 'ਪੂਰੀ ਤਰ੍ਹਾਂ ਹੈਰਾਨ ਕਰਨ ਵਾਲਾ' ਕਰਾਰ ਦਿੰਦਿਆਂ ਸਵਾਲ ਕੀਤਾ ਸੀ ਕਿ ਮਤਦਾਨ ਖ਼ਤਮ ਹੋਣ ਦੇ ਕਈ ਘੰਟਿਆਂ ਮਗਰੋਂ ਵੀ ਕਮਿਸ਼ਨ ਅੰਕੜੇ ਜਾਰੀ ਕਿਉਂ ਨਹੀਂ ਕਰ ਰਿਹਾ?

ਕੇਜਰੀਵਾਲ ਨੇ ਟਵਿਟਰ 'ਤੇ ਕਿਹਾ, 'ਪੂਰੀ ਤਰ੍ਹਾਂ ਹੈਰਾਨ ਕਰਨ ਵਾਲਾ। ਚੋਣ ਕਮਿਸ਼ਨ ਕੀ ਕਰ ਰਿਹਾ ਹੈ? ਮਤਦਾਨ ਖ਼ਤਮ ਹੋਣ ਦੇ ਕਈ ਘੰਟਿਆਂ ਮਗਰੋਂ ਵੀ ਉਹ ਮਤਦਾਨ ਫ਼ੀ ਸਦ ਦੇ ਅੰਕੜੇ ਜਾਰੀ ਕਿਉਂ ਨਹੀਂ ਕਰ ਰਹੇ? ਕਮਿਸ਼ਨ ਨੇ ਕਲ ਰਾਤ ਆਖ਼ਰੀ ਮਤਦਾਨ ਫ਼ੀ ਸਦੀ 61.46 ਫ਼ੀ ਸਦੀ ਦਸਿਆ ਸੀ। ਕੌਮੀ ਰਾਜਧਾਨੀ ਵਿਚ ਨਵੀਂ ਸਰਕਾਰ ਚੁਣਨ ਲਈ ਸਨਿਚਰਵਾਰ ਸ਼ਾਮ ਨੂੰ ਮਤਦਾਨ ਖ਼ਤਮ ਹੋ ਗਿਆ ਸੀ।

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੇ ਸਿੰਘ ਨੇ ਪੱਤਰਕਾਰਾਂ ਨੂੰ ਕਿਹਾ ਕਿ ਦੇਸ਼ ਦੇ ਇਤਿਹਾਸ ਵਿਚ ਸ਼ਾਇਦ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਚੋਣ ਕਮਿਸ਼ਨ ਮਤਦਾਨ ਫ਼ੀ ਸਦੀ ਦਾ ਅੰਕੜਾ ਜਾਰੀ ਕਰਨ ਲਈ ਤਿਆਰ ਨਹੀਂ ਹੈ। ਬਾਅਦ ਵਿਚ ਚੋਣ ਕਮਿਸ਼ਨ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਸੀ ਕਿ ਪੋਲਿੰਗ ਸਟੇਸ਼ਨਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੋਣ ਕਾਰਨ ਦੇਰੀ ਹੋ ਰਹੀ ਹੈ।