ਹੁਣ ਅਸਲਾ ਲਾਇਸੈਂਸ ਬਣਾਉਣ ਲਈ ਪਾਸ ਕਰਨਾ ਹੋਵੇਗਾ ਇਹ ਟੈਸਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੁਣ ਅਸਲਾ ਲੈਣਾ ਹੋਇਆ ਹੋਰ ਔਖਾ, ਕਰਨਾ ਹੋਵੇਗਾ ਇਹ ਕੰਮ...

Armed Licence

ਚੰਡੀਗੜ੍ਹ: ਅਸਲਾ ਧਾਰਕਾਂ ਵੱਲੋਂ ਆਏ ਦਿਨ ਅਪਰਾਧਿਕ ਗਤੀਵਿਧੀਆਂ ਵਿਚ ਕੀਤੇ ਗਏ ਵਾਧੇ ਤੋਂ ਬਾਅਦ ਸਰਕਾਰ ਨੇ ਫੈਸਲਾ ਲਿਆ ਸੀ ਕਿ ਨਸ਼ਾ ਕਰਨ ਵਾਲਿਆਂ ਨੂੰ ਪ੍ਰਸ਼ਾਸਨ ਅਸਲਾ ਲਾਇਸੈਂਸ ਜਾਰੀ ਨਾ ਕਰੇ ਅਤੇ ਹਰ ਅਸਲਾ ਲੈਣ ਵਾਲੇ ਵਿਅਕਤੀ ਨੂੰ ਪਹਿਲਾਂ ਡੋਪ ਟੈਸਟ ਪਾਸ ਕਰਨਾ ਪਵੇਗਾ। ਸਿਹਤ ਵਿਭਾਗ ਵੱਲੋਂ ਰਾਜ ਦੇ ਸਾਰੇ ਸਿਵਲ ਸਰਜਨਜ਼ ਨੂੰ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ ਡੋਪ ਟੈਸਟ ਜ਼ਰੂਰੀ ਕਰ ਦਿੱਤਾ ਗਿਆ ਸੀ।

ਡੋਪ ਟੈਸਟ ਮਨੋਰੋਗ ਡਾਕਟਰ ਦੀ ਦੇਖ-ਰੇਖ ਵਿਚ ਕਰਨ ਮਗਰੋਂ ਹੀ ਮੈਡੀਕਲ ਫਿਟਨੈੱਸ ਦਾ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਅਸਲਾ ਧਾਰਕਾਂ ਲਈ ਡੋਪ ਟੈਸਟ ਨਹੀਂ ਕੀਤਾ ਜਾਂਦਾ ਸੀ। ਹੁਣ ਡੋਪ ਟੈਸਟ ਸਰਕਾਰੀ ਹਸਪਤਾਲਾਂ ਵਿਚ ਹੀ ਹੋਵੇਗਾ। ਪ੍ਰਾਈਵੇਟ ਹਸਪਤਾਲਾਂ ਦੇ ਟੈਸਟ ਨੂੰ ਪ੍ਰਸ਼ਾਸਨ ਨਹੀਂ ਮੰਨੇਗਾ। ਇੱਥੇ ਦੱਸਣਯੋਗ ਹੈ ਕਿ ਹੁਣ ਅਸਲਾ ਰੱਖਣ ਦੇ ਸ਼ੌਕੀਨ ਲੋਕਾਂ ਨੂੰ ਹੁਣ ਪੱਕਾ ਨਿਸ਼ਾਨਾ ਲਗਾਏ ਬਿਨਾਂ ਲਾਇਸੈਂਸ ਜਾਰੀ ਨਹੀਂ ਕੀਤਾ ਜਾਵੇਗਾ।

ਬਠਿੰਡਾ ਵਿਚ ਹਾਲ ਹੀ ਵਿਚ ਜ਼ਿਲਾ ਪ੍ਰਸ਼ਾਸਨ ਵਲੋਂ ਇਸ ਸੰਬੰਧੀ ਆਦੇਸ਼ ਜਾਰੀ ਕੀਤੇ ਗਏ ਹਨ ਕਿ ਅਸਲੇ ਦਾ ਲਾਇਸੈਂਸ ਬੇਸ਼ੱਕ ਪੁਰਾਣਾ ਹੋਵੇ ਜਾਂ ਨਵਾਂ ਉਸ ਨੂੰ ਜਾਰੀ ਕਰਨ ਤੋਂ ਪਹਿਲਾਂ ਅਸਲਾ ਧਾਰਕ ਨੂੰ ਸ਼ੂਟਿੰਗ ਟੈਸਟ ਦੇਣਾ ਹੋਵੇਗਾ। ਇਸ ਦੇ ਲਈ ਬਠਿੰਡਾ ਵਿਚ ਸ਼ੂਟਿੰਗ ਰੇਂਜ ਸ਼ੁਰੂ ਕਰ ਦਿੱਤੀ ਗਈ ਹੈ। ਅਸਲੇ ਲਈ ਬਿਨੈਕਾਰ ਨੂੰ 25 ਮੀਟਰ ਦੀ ਦੂਰੀ ਤੋਂ ਟਾਰਗੇਟ 'ਤੇ ਨਿਸ਼ਾਨਾ ਲਗਾਉਣਾ ਹੋਵੇਗਾ।

ਇਹ ਨਿਯਮ ਲਾਇਸੈਂਸ ਰੀਨਿਊ ਕਰਵਾਉਣ ਵਾਲਿਆਂ ਲਈ ਵੀ ਲਾਗੂ ਹੋਵੇਗਾ। ਪ੍ਰਸ਼ਾਸਨ ਵਲੋਂ ਸ਼ੂਟਿੰਗ ਦੀ ਜਾਣਕਾਰੀ ਦੇਣ ਲਈ ਇਕ ਇੰਸਟਰਕਟਰ ਵੀ ਰੱਖਿਆ ਗਿਆ ਹੈ, ਜੋ ਪਹਿਲਾਂ ਬੰਦੂਕ ਚਲਾਉਣ ਦੇ ਬਾਰੇ ਵਿਚ ਜਾਣਕਾਰੀ ਦੇਵੇਗਾ। ਇਸ ਦੇ ਬਾਅਦ ਸ਼ੂਟਿੰਗ ਕਰਵਾਈ ਜਾਵੇਗੀ। ਬਿਨੈਕਾਰ ਜੇਕਰ ਫੇਲ ਹੋ ਜਾਂਦਾ ਹੈ ਤਾਂ ਉਸ ਨੂੰ ਇਕ ਹਫਤੇ ਬਾਅਦ ਫਿਰ ਤੋਂ ਮੌਕਾ ਦਿੱਤਾ ਜਾਵੇਗਾ ਪਰ ਉਦੋਂ ਤੱਕ ਇਹ ਅਸਲਾ ਜਾਰੀ ਨਹੀਂ ਹੋਵੇਗਾ, ਜਦੋਂ ਤੱਕ ਉਹ ਠੀਕ ਨਿਸ਼ਾਨਾ ਨਹੀਂ ਲਗਾਉਂਦਾ।

ਟੈਸਟ ਲਈ 1770 ਰੁਪਏ ਦੀ ਫੀਸ ਜ਼ਿਲਾ ਬਠਿੰਡਾ ਰਾਇਫਲ ਐਸੋਸੀਏਸ਼ਨ ਦੇ ਨਾਮ ਤੋਂ ਬੈਂਕ ਵਿਚ ਜਮ੍ਹਾਂ ਕਰਵਾਉਣੀ ਹੋਵੇਗੀ। ਇਸ ਸਮੇਂ ਜ਼ਿਲੇ ਵਿਚ ਕਰੀਬ 33 ਹਜ਼ਾਰ ਅਸਲਾ ਲਾਇਸੈਂਸਧਾਰੀ ਹੈ। ਅੱਗੇ ਇਨ੍ਹਾਂ ਸਾਰਿਆਂ ਨੂੰ ਵੀ ਆਪਣੇ ਲਾਇਸੈਂਸ ਨੂੰ ਰੀਨਿਊ ਕਰਵਾਉਣ ਦੌਰਾਨ ਟੈਸਟ ਦੇਣਾ ਹੋਵੇਗਾ।