ਕਿਸਾਨਾਂ 'ਤੇ ਕੁਦਰਤ ਦੀ ਮਾਰ, ਪੱਕਣ 'ਤੇ ਆਈ ਫਸਲ 'ਤੇ ਹੋਈ ਗੜੇਮਾਰੀ , ਹੋਰ ਮੀਂਹ ਦੀ ਚਿਤਾਵਨੀ
11 ਤੋਂ 14 ਤਕ ਪੰਜਾਬ ਦੇ ਕਈ ਹਿੱਸਿਆਂ ਵਿਚ ਮੁੜ ਬਾਰਸ਼ ਦੀ ਚਿਤਾਵਨੀ
ਚੰਡੀਗੜ੍ਹ : ਮੌਸਮ ਵਿਚ ਗਰਮੀ ਵਧਣ ਦੇ ਨਾਲ-ਨਾਲ ਫ਼ਸਲਾਂ ਪਕਾ ਵੱਲ ਵੱਧ ਰਹੀਆਂ ਹਨ। ਦੂਜੇ ਪਾਸੇ ਮੌਸਮ ਵਿਚ ਆਏ ਅਚਾਨਕ ਬਦਲਾਅ ਕਾਰਨ ਕਿਸਾਨਾਂ ਵਿਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਬੀਤੇ ਸਾਲ ਵੀ ਇਨ੍ਹੀਂ ਦਿਨੀਂ ਆ ਕੇ ਪੰਜਾਬ ਦੇ ਕਈ ਇਲਾਕਿਆਂ ਵਿਚ ਹੋਈ ਗੜੇਮਾਰੀ ਅਤੇ ਹਨੇਰੀ ਕਾਰਨ ਕਣਕਾਂ ਦਾ ਭਾਰੀ ਨੁਕਸਾਨ ਹੋਇਆ ਸੀ। ਇਸ ਸਾਲ ਵੀ ਉਹੋ ਜਿਹੇ ਹੀ ਹਾਲਾਤ ਬਣਦੇ ਵਿਖਾਈ ਦੇ ਰਹੇ ਹਨ।
ਭਾਵੇਂ ਇਸ ਵਾਰ ਸਰਦੀਆਂ ਵਿਚ ਮੀਂਹ ਪਿਛਲੇ ਵਰ੍ਹੇ ਵਾਂਗ ਨਹੀਂ ਪਏ, ਪਰ ਫਰਵਰੀ, ਮਾਰਚ ਮਹੀਨਾ ਆਉਂਦੇ-ਆਉਂਦੇ ਮੌਸਮ ਨੇ ਪਿਛਲੇ ਸਾਲ ਵਾਲਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੀ ਝਲਕ ਬੀਤੇ ਕੱਲ੍ਹ ਬੁੱਧਵਾਰ ਨੂੰ ਸਮਾਣਾ ਦੇ ਕਈ ਪਿੰਡਾਂ ਵਿਚ ਵੇਖਣ ਨੂੰ ਮਿਲੀ ਹੈ, ਜਿੱਥੇ ਅੱਧੇ ਘੰਟੇ ਲਈ ਮੀਂਹ ਦੇ ਨਾਲ-ਨਾਲ ਹੋਈ ਗੜੇਮਾਰੀ ਨੇ ਪੱਕਣ 'ਤੇ ਆਈਆਂ ਫ਼ਸਲਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ।
ਕਈ ਪਿੰਡਾਂ ਵਿਚ ਹੋਈ ਗੜੇਮਾਰੀ ਅਤੇ ਮੀਂਹ ਕਾਰਨ ਕਿਸਾਨਾਂ ਦੀ ਕਣਕ ਅਤੇ ਸਰ੍ਹੋਂ ਦੀ ਫ਼ਸਲ ਧਰਤੀ 'ਤੇ ਵਿੱਛ ਗਈ ਹੈ। ਸੰਗਰੂਰ ਦੇ ਭਵਾਨੀਗੜ 'ਚ ਵੀ 10 ਮਿੰਟ ਹਲਕੀ ਬਾਰਸ਼ ਹੋਈ ਅਤੇ ਕਪੂਰਥਲਾ ਵਿਚ ਵੀ ਹਲਕੇ ਮੀਂਹ ਦੇ ਛਰਾਟੇ ਵੇਖਣ ਨੂੰ ਮਿਲੇ ਹਨ। ਉਥੇ ਹੀ ਮਾਰਚ ਮਹੀਨੇ ਦੌਰਾਨ ਦੂਜਾ ਪੱਛਮੀ ਗੜਬੜੀ ਚੱਕਰ ਮੁੜ ਸਰਗਰਮ ਹੁੰਦਾ ਦਿਖਾਈ ਦੇ ਰਿਹਾ ਹੈ। ਇਸ ਨਾਲ ਮੁੜ ਮੀਂਹ, ਹਨੇਰੀ ਅਤੇ ਗੜੇਮਾਰੀ ਦੇ ਹਾਲਾਤ ਬਣ ਸਕਦੇ ਹਨ।
ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਤਕ ਕਈ ਸੂਬਿਆਂ 'ਚ ਤੂਫਾਨ ਦਾ ਅਲਰਟ ਜਾਰੀ ਕੀਤਾ ਹੈ। ਹਿਮਾਚਲ, ਕਸ਼ਮੀਰ, ਲੱਦਾਖ ਸਮੇਤ ਦੇਸ਼ ਦੇ ਕਈ ਭਾਗਾਂ ਵਿਚ ਭਾਰੀ ਮੀਂਹ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਇਸ ਤੋਂ ਇਲਾਵਾ ਪੰਜਾਬ ਦੇ ਕਈ ਇਲਾਕਿਆਂ ਵਿਚ ਵੀ 11 ਤੋਂ 14 ਮਾਰਚ ਤਕ ਮੀਂਹ ਪੈ ਸਕਦਾ ਹੈ।