ਆਲੂ ਦਾ ਘੱਟ ਮੁੱਲ ਮਿਲਣ ਦੇ ਬਾਵਜੂਦ ਵੀ ਦੋ ਕਿਸਾਨ ਭਰਾਵਾਂ ਨੇ ਨਹੀਂ ਛੱਡੀ ਆਲੂਆਂ ਦੀ ਫ਼ਸਲ ਉਗਾਉਣੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

MSP ਨਾ ਮਿਲਣ ਕਾਰਨ ਆਪਣੀ ਫ਼ਸਲ ਨੂੰ ਖ਼ੁਦ ਵੇਚ ਕੇ ਕਮਾ ਰਹੇ ਨੇ ਮੋਟਾ ਪੈਸਾ

Despite receiving low prices for potatoes, two farmer brothers did not give up growing potatoes.

ਅਸੀਂ ਅਕਸਰ ਕਿਸਾਨਾਂ ਨੂੰ ਕਹਿੰਦੇ ਹੋਏ ਦੇਖਦੇ ਹਾਂ ਕਿ ਖੇਤੀਬਾੜੀ ਵਿਚ ਸਾਨੂੰ ਕੁੱਝ ਨਹੀਂ ਬਚਦਾ। ਸਾਨੂੰ ਕਣਕ, ਝੋਨਾ ਆਦਿ ਫ਼ਸਲਾਂ ਵਿਚ ਘਾਟਾ ਪੈ ਗਿਆ। ਸਾਡੀ ਫ਼ਸਲ ’ਤੇ ਮੀਂਹ, ਗੜੇ ਪੈ ਗਏ ਸਾਡੀ ਫ਼ਸਲ ਖ਼ਰਾਬ ਹੋ ਗਈ ਸਾਨੂੰ ਮੁਆਵਜ਼ਾ ਦਿਤਾ ਜਾਵੇ ਜਾਂ ਫਿਰ ਕੁੱਝ ਕਿਸਾਨ ਕਰਜ਼ਾ ਲੈ ਕੇ ਆਪ ਦਾ ਕੰਮ ਚਲਾਉਂਦੇ ਹਨ ਤੇ ਬਾਅਦ ਵਿਚ ਕਰਜ਼ਾ ਨਾ ਮੋੜ ਹੋਣ ਕਾਰਨ ਉਹ ਖ਼ੁਦਕੁਸ਼ੀਆਂ ਕਰ ਲੈਂਦੇ ਹਨ। ਪਰ ਜੇ ਆਪਣੀਆਂ ਫ਼ਸਲਾਂ ਦਾ ਬਦਲਾਅ ਕਰ ਕੇ ਆਲੂ, ਭਿੰਡੀ, ਖੀਰਾ, ਗੋਭੀ ਆਦਿ ਫ਼ਸਲਾਂ ਦੀ ਵੀ ਖੇਤੀ ਕਰੀਏ ਤਾਂ ਅਸੀਂ ਆਪਣਾ ਘਾਟਾ ਪੂਰਾ ਕਰ ਸਕਦੇ ਹਾਂ ਤੇ ਆਪਣਾ ਚੰਗਾ ਗੁਜ਼ਾਰਾ ਚਲਾ ਸਕਦੇ ਹਾਂ।

ਅੱਜ ਅਸੀਂ ਜ਼ਿਲ੍ਹਾ ਬਠਿੰਡਾ ਦੇ ਪਿੰਡ ਬਲੂਆਣਾ ਦੇ ਦੋ ਕਿਸਾਨ ਭਰਾਵਾਂ ਇਕਬਾਲ ਸਿੰਘ ਤੇ ਸਤਪਾਲ ਸਿੰਘ ਦੀ ਗੱਲ ਕਰ ਰਹੇ ਹਾਂ ਜੋ ਕਣਕ ਤੇ ਝੋਨੇ ਦੀ ਖੇਤੀ ਤਾਂ ਕਰਦੇ ਹੀ ਹਨ ਤੇ ਨਾਲ ਹੀ ਆਲੂਆਂ ਦੀ ਖੇਤੀ ਵੀ ਕਰਦੇ ਹਨ ਤੇ ਚੰਗੇ ਪੈਸੇ ਕਮਾਉਂਦੇ ਹਨ। ਦਸ ਦਈਏ ਕਿ ਪਿਛਲੇ ਕਈਂ ਸਾਲਾਂ ਤੋਂ ਐਮਐਸਪੀ ਨੂੰ ਲੈ ਕੇ ਕਿਸਾਨਾਂ ਵਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਾਹੇ ਹਨ ਤੇ ਫ਼ਸਲਾਂ ਦੇ ਪੂਰੇ ਮੁੱਲ ਨਾ ਮਿਲਣ ਕਾਰਨ ਕਈਂ ਵਾਰ ਤਾਂ ਕਿਸਾਨਾਂ ਨੇ ਆਪਣੀਆਂ ਫ਼ਸਲਾਂ ਸੜਕਾਂ ’ਤੇ ਸੁੱਟੀਆਂ ਹਨ, ਪਰ ਪਿੰਡ ਬਲੂਆਣਾ ਦੇ ਇਨ੍ਹਾਂ ਦੋ ਭਰਾਵਾਂ ਨੇ ਸੋਚਿਆ ਕਿ ਕੁੱਝ ਅਲੱਗ ਕੀਤਾ ਜਾਵੇ ਤਾਂ ਉਨ੍ਹਾਂ ਨੇ ਸੋਚਿਆ ਕਿ ਉਹ ਆਪਣੀ ਆਲੂਆਂ ਦੀ ਫ਼ਸਲ ਆਪ ਹੀ ਵੇਚਣਗੇ।

ਰੋਜ਼ਾਨਾ ਸਪੋਕਸਮੈਨ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਇਕਬਾਲ ਸਿੰਘ ਨੇ ਕਿਹਾ ਕਿ ਸਾਨੂੰ ਆਲੂਆਂ ਦੀ ਖੇਤੀ ਕਰਦੇ ਹੋਏ ਤਿੰਨ ਸਾਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਅਸੀਂ ਆਲੂਆਂ ਦੀ ਭਰੀ ਟਰਾਲੀ ਸੜਕ ’ਤੇ ਖੜਾ ਕੇ ਵੇਚਦੇ ਹਾਂ ਤੇ ਚੰਗੀ ਕਮਾਈ ਹੋ ਜਾਂਦੀ ਹੈ। ਪਹਿਲਾਂ ਅਸੀਂ ਵਪਾਰੀਆਂ ਨੂੰ ਵੇਚਦੇ ਸੀ ਜਿਸ ਕਾਰਨ ਸਾਨੂੰ ਫ਼ਸਲ ਦਾ ਅੱਧਾ ਮੁੱਲ  ਹੀ ਮਿਲਦਾ ਸੀ। ਵਪਾਰੀ ਸਾਡੇ ਤੋਂ 12 ਤੋਂ 13 ਰੁਪਏ ਕਿਲੋ ਆਲੂ ਲੈਂਦੇ ਹਨ ਤੇ ਸਟੋਰ ਕਰ ਕੇ ਰੱਖ ਲੈਂਦੇ ਹਨ ਬਾਅਦ ਵਿਚ ਉਹੀ ਆਲੂ 40 ਤੋਂ 45 ਰੁਪਏ ਕਿਲੋ ਵੇਚਦੇ ਹਨ।

ਪਰ ਅਸੀਂ ਪਿਛਲੇ ਸਾਲ 25 ਰੁਪਏ ਕਿਲੋ, 100 ਦੇ ਚਾਰ ਕਿਲੋ ਆਲੂ ਵੇਚੇ ਹਨ ਤੇ ਠੀਕ ਠਾਕ ਪੈਸੇ ਕਮਾਏ ਸਨ। ਉਨ੍ਹਾਂ ਕਿਹਾ ਕਿ ਸਾਡੇ ਖੇਤ ਮੇਨ ਰੋਡ ’ਤੇ ਹੀ ਹਨ ਤੇ ਬਹੁਤ ਦੂਰ ਦੂਰ ਤੋਂ ਲੋਕ ਆ ਕੇ ਸਾਡੇ ਤੋਂ ਆਲੂ ਲੈ ਕੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਆਲੂਆਂ ਦੀ ਫ਼ਸਲ ਵਿਚ ਰੇਅ ਤੇ ਸਪਰੇਅ ਦੀ ਬਹੁਤ ਘੱਟ ਵਰਤੋਂ ਕਰਦੇ ਹਾਂ, ਜਿਸ ਕਾਰਨ ਸਾਡੇ ਆਲੂਆਂ ਦਾ ਸਾਈਜ਼ ਛੋਟਾ ਰਹਿ ਜਾਂਦਾ ਹੈ। ਅਸੀਂ ਆਰਗੈਨਿਕ ਖੇਤੀ ਕਰ ਕੇ ਹੀ ਆਲੂ ਉਗਾਉਂਦੇ ਹਾਂ। ਉਨ੍ਹਾਂ ਕਿਹਾ ਕਿ ਜਿਹੜੇ ਆਲੂ ਬਿਨਾਂ ਸਪਰੇਅ ਤੋਂ ਉਗਾਏ ਹੋਣਗੇ ਉਹ ਅੰਦਰੋਂ ਚਿੱਟੇ ਹੋਣਗੇ ਤੇ ਜਿਹੜੇ ਜ਼ਿਆਦਾ ਸਪਰੇਅ ਤੇ ਯੂਰੀਆ ਪਾ ਕੇ ਉਗਾਏ ਹੋਣਗੇ ਉਹ ਅੰਦਰੋਂ ਕਾਲੇ ਹੋਣਗੇ।

ਉਨ੍ਹਾਂ ਕਿਹਾ ਕਿ ਸ਼ੁਰੂ ਦੇ ਪਹਿਲੇ ਸਾਲ ਤਾਂ ਸਾਡੇ ਆਲੂ ਸਟੋਰ ਵਿਚ ਹੀ ਪਏ ਰਹੇ ਕਿਉਂਕਿ ਮੁੱਲ ਪੂਰਾ ਮਿਲਿਆ ਨਹੀਂ। ਜਿਸ ਕਰ ਕੇ ਅਸੀਂ ਅਗਲੇ ਸਾਲ ਉਨ੍ਹਾਂ ਦੀ ਬੀਜਾਈ ਹੀ ਕੀਤੀ ਸੀ। ਉਨ੍ਹਾਂ ਕਿਹਾ ਕਿ ਬਾਅਦ ਵਿਚ ਅਸੀਂ ਆਪਣੀ ਫ਼ਸਲ ਆਪ ਵੇਚਣ ਲੱਗ ਪਏ ਤੇ ਹੁਣ ਵਧੀਆ ਪੈਸੇ ਕਮਾ ਲੈਂਦੇ ਹਾਂ ਤੇ ਘਰ ਦਾ ਗੁਜ਼ਾਰਾ ਵੀ ਵਧੀਆ ਚਲੀ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇ ਅਸੀਂ ਆਪਣੀਆਂ ਫ਼ਸਲਾਂ ਵਪਾਰੀਆਂ ਨੂੰ ਨਾ ਦੇ ਕੇ ਆਪ ਵੇਚੀਏ ਤਾਂ ਸਾਨੂੰ ਜ਼ਿਆਦਾ ਫ਼ਾਇਦਾ ਹੁੰਦਾ ਹੈ ਤੇ ਖ਼ਰੀਦਦਾਰ ਨੂੰ ਵੀ ਫ਼ਾਇਦਾ ਹੁੰਦਾ ਹੈ ਉਨ੍ਹਾਂ ਸਹੀ ਮੁੱਲ ’ਤੇ ਸਹੀ ਚੀਜ਼ ਮਿਲ ਜਾਂਦੀ ਹੈ।

ਪਿਛਲੇ ਸਾਲ ਅਸੀਂ ਤਿੰਨ ਕਿਲਿਆਂ ਵਿਚ ਆਲੂ ਲਗਾਏ ਸੀ ਪਰ ਇਸ ਸਾਲ ਆਸੀਂ ਪੰਜ ਕਿਲਿਆਂ ਵਿਚ ਆਲੂ ਲਗਾਏ ਹਨ ਤੇ ਆਉਣ ਵਾਲੇ ਸਾਲਾਂ ਵਿਚ ਹੋਰ ਵੀ ਵਧਾਵਾਂਗੇ। ਜਿਹੜਾ ਇਕ ਵਾਰ ਸਾਡੇ ਤੋਂ ਆਲੂ ਲੈ ਗਿਆ ਉਹ ਫਿਰ ਕਿਤੇ ਹੋਰ ਤੋਂ ਆਲੂ ਨਹੀਂ ਲੈਂਦਾ ਸਾਡੇ ਕੋਲ ਹੀ ਆਉਂਦਾ ਹੈ। ਸਾਡੇ ਕੋਲ ਵਪਾਰੀ ਵੀ ਆਉਂਦੇ ਹਨ ਪਰ ਅਸੀਂ ਉਨ੍ਹਾਂ ਨੂੰ ਨਾਂਹ ਕਰ ਦਿੰਦੇ ਹਾਂ। ਪਿਛਲੇ ਸਾਲ ਕਣਕ ਦੀ ਫ਼ਸਲ ’ਤੇ ਗੜੇਮਾਰੀ ਹੋ ਗਈ ਸੀ ਜਿਸ ਕਾਰਨ ਕਿਸਾਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਪਰ ਅਸੀਂ ਆਲੂ ਵੇਚ ਕੇ ਆਪਣਾ ਘਾਟਾ ਵੀ ਪੂਰਾ ਕੀਤਾ ਤੇ ਸਾਲ ਭਰ ਆਪ ਦਾ ਖ਼ਰਚਾ ਵੀ ਚਲਾਇਆ।

ਉਨ੍ਹਾਂ ਕਿਹਾ ਕਿ ਕਣਕ ਜਾਂ ਝੋਨੇ ਦੀ ਫ਼ਸਲ ’ਤੇ ਪਤਾ ਨਹੀਂ ਕਦੋਂ ਕੁਦਰਤੀ ਆਫ਼ਤ ਪੈ ਜਾਵੇ ਇਸ ਕਰ ਕੇ ਅਸੀਂ ਕਣਕ ਤੇ ਝੋਨੇ ਦੇ ਨਾਲ ਨਾਲ ਆਲੂ ਤੇ ਮੱਕੀ ਦੀ ਫ਼ਸਲ ਦੀ ਖੇਤੀ ਕਰਦੇ ਹਾਂ। ਕਿਸਾਨ ਇਕਬਾਲ ਸਿੰਘ ਤੇ ਸਤਪਾਲ ਸਿੰਘ ਨੇ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਮਿਹਨਤ ਕਰੋ ਤੇ ਆਪ ਦੀ ਫ਼ਸਲ ਆਪ ਵੇਚੋ ਜਿਸ ਨਾਲ ਸਾਨੂੰ ਆਪਣੀ ਫ਼ਸਲ ਦਾ ਪੂਰਾ ਮੁੱਲ ਮਿਲ ਜਾਂਦਾ ਹੈ ਤੇ ਲੋਕਾਂ ਨੂੰ ਚੰਗੇ ਭਾਅ ’ਤੇ ਚੰਗੀ ਚੀਜ਼ ਮਿਲ ਜਾਂਦੀ ਹੈ।