ਸਿੱਧੂ ਨੇ ਫਿਰ ਕੀਤਾ ਟਵੀਟ, ਕਿਹਾ ਸਾਰਾ ਪੰਜਾਬ ਇਕ ਆਵਾਜ਼ ਵਿਚ ਇਨਸਾਫ਼ ਦੀ ਗੁਹਾਰ ਲਗਾ ਰਿਹਾ ਹੈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਦਾ ਤਸ਼ੱਦਦ ਸਹਿਣ ਵਾਲੇ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਨਾਲ ਸਾਲ ਕੀਤੀ ਮੁਲਾਕਾਤ ਦਾ ਵੀਡੀਓ ਕੀਤਾ ਸ਼ੇਅਰ

Navjot Sidhu

ਚੰਡੀਗੜ੍ਹ: ਬੇਅਦਬੀ ਅਤੇ ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਇਨਸਾਫ ਨਾ ਮਿਲਣ ਦੇ ਚਲਦਿਆਂ ਨਵਜੋਤ ਸਿੰਘ ਸਿੱਧੂ ਲਗਾਤਾਰ ਸੋਸ਼ਲ ਮੀਡੀਆ ਜ਼ਰੀਏ ਕੈਪਟਨ ਸਰਕਾਰ ਨੂੰ ਨਿਸ਼ਾਨੇ ਉੱਤੇ ਲੈ ਰਹੇ ਹਨ। ਤਾਜ਼ਾ ਟਵੀਟ ਵਿਚ ਨਵਜੋਤ ਸਿੱਧੂ ਨੇ ਪੁਲਿਸ ਦਾ ਤਸ਼ੱਦਦ ਸਹਿਣ ਵਾਲੇ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਨਾਲ ਸਾਲ 2018 ਵਿਚ ਕੀਤੀ ਮੁਲਾਕਾਤ ਦਾ ਵੀਡੀਓ ਸ਼ੇਅਰ ਕੀਤਾ। ਉਹਨਾਂ ਕਿਹਾ ਕਿ ਆਤਮਾ ’ਤੇ ਕੀਤਾ ਵਾਰ ਕਦੇ ਨਾ ਭਰਨ ਵਾਲਾ ਨਾਸੂਰ ਬਣ ਕੇ ਰਿਸਦਾ ਰਹਿੰਦਾ ਹੈ।

ਨਵਜੋਤ ਸਿੱਧੂ ਨੇ ਲਿਖਿਆ, ‘ਸਾਰਾ ਪੰਜਾਬ ਇਕ ਆਵਾਜ਼ ਵਿਚ ਇਨਸਾਫ਼ ਦੀ ਗੁਹਾਰ ਲਗਾ ਰਿਹਾ ਹੈ!! ਬਾਦਲ ਰਾਜ ਵਿਚ ਪੁਲਿਸ ਵਲੋਂ ਅੰਨਾ ਤਸ਼ੱਦਦ ਸਹਿਣ ਵਾਲੇ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਨਾਲ ਸਾਲ 2018 ਵਿਚ ਮੈਂ ਤੇ ਮੇਰੇ ਹੋਰ ਪਾਰਟੀ ਦੇ ਸਾਥੀਆਂ ਦੀ ਮੁਲਾਕਾਤ’। ਉਹਨਾਂ ਅਫ਼ਸੋਸ ਜ਼ਾਹਿਰ ਕਰਦਿਆਂ ਅੱਗੇ ਲਿਖਿਆ, ‘ਅਫਸੋਸ ! ਅਸੀਂ ਅੱਜ ਵੀ ਇਨਸਾਫ ਨੂੰ ਉਡੀਕ ਰਹੇ ਹਾਂI  ਜੰਗਲ ਕੱਟ ਕੇ ਹਰੇ ਹੋ ਜਾਂਦੇ ਨੇ, ਤਲਵਾਰ ਦੇ ਜ਼ਖਮ ਭਰ ਜਾਂਦਾ ਨੇ, ਪਰ ਆਤਮਾ ’ਤੇ ਕੀਤਾ ਵਾਰ ਕਦੇ ਨਾ ਭਰਨ ਵਾਲਾ ਨਾਸੂਰ ਬਣ ਕੇ ਰਿਸਦਾ ਰਹਿੰਦਾ ਹੈ’।

ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਵਿਚਕਾਰ ਸ਼ੁਰੂ ਹੋਈ ਖੁਲ੍ਹੀ ਜੰਗ ਹੁਣ ਫ਼ੈਸਲਾਕੁੰਨ ਮੋੜ ਵਲ ਵਧਦੀ ਵਿਖਾਈ ਦੇ ਰਹੀ ਹੈ। ਕੈਪਟਨ ਵਲੋਂ ਸਿੱਧੂ ਨੂੰ ਪਟਿਆਲਾ ਤੋਂ ਚੋਣ ਲੜਨ ਦੀ ਦਿਤੀ ਚੁਣੌਤੀ ਅਤੇ ਉਸ ਤੋਂ ਬਾਅਦ ਦਰਵਾਜ਼ੇ ਬੰਦ ਹੋਣ ਦੀ ਗੱਲ ਕਹਿਣ ਤੋਂ ਬਾਅਦ ਟਕਰਾਅ ਹੋਰ ਵਧਿਆ ਹੈ।

ਸਿੱਧੂ ਉਸ ਤੋਂ ਬਾਅਦ ਹਰ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਪਰ ਸਿੱਧੂ ਨਿਸ਼ਾਨੇ ਸਾਧ ਰਹੇ ਹਨ। ਬੀਤੇ ਦਿਨੀਂ ਉਹਨਾਂ ਕਿਹਾ ਸੀ ਕਿ ਪੰਜਾਬ ’ਚ ਕਾਂਗਰਸ ਸਰਕਾਰ ਦੀ ਥਾਂ ਬਾਦਲਾਂ ਦੀ ਹਕੂਮਤ ਚੱਲ ਰਹੀ ਹੈ। ਸਾਡੇ ਵਿਧਾਇਕਾਂ ਅਤੇ ਪਾਰਟੀ ਵਰਕਰਾਂ ਦੀ ਗੱਲ ਸੁਨਣ ਦੀ ਬਜਾਏ ਅਫ਼ਸਰਸ਼ਾਹੀ ਅਤੇ ਪੁਲਿਸ ਬਾਦਲ ਪਰਿਵਾਰ ਦੀ ਇੱਛਾ ਮੁਤਾਬਕ ਕੰਮ ਕਰ ਰਹੇ ਹਨ।