ਫ਼ਤਿਹਵੀਰ ਦੀ ਮੌਤ ਤੇ ਰਾਜਾ ਵੜਿੰਗ ਨੇ ਦੁਖ ਕੀਤਾ ਜ਼ਾਹਰ

ਏਜੰਸੀ

ਖ਼ਬਰਾਂ, ਪੰਜਾਬ

ਸੰਗਰੂਰ ਦੇ ਪਿੰਡ ਭਗਵਾਨਪੁਰਾ 'ਚ 6 ਦਿਨਾਂ ਤੋਂ ਬੋਰਵੈੱਲ 'ਚ ਡਿੱਗੇ ਫਤਿਹਵੀਰ ਦੀ ਮੌਤ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ

Fatehveer singh

ਸੰਗਰੂਰ : ਸੰਗਰੂਰ ਦੇ ਪਿੰਡ ਭਗਵਾਨਪੁਰਾ 'ਚ 6 ਦਿਨਾਂ ਤੋਂ ਬੋਰਵੈੱਲ 'ਚ ਡਿੱਗੇ ਫਤਿਹਵੀਰ ਦੀ ਮੌਤ ਤੇ  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਦੋ ਸਾਲਾ ਮਾਸੂਮ ਫਤਿਹਵੀਰ ਦੀ ਮੌਤ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ ਉਨ੍ਹਾਂ ਅਪਣੇ ਟਵੀਟ ਵਿਚ ਲਿਖਿਆ ''ਬੱਚੇ ਫਤਿਹਵੀਰ ਦੀ ਦੁਖਦਾਈ ਮੌਤ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਮੈਂ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਪਰਿਵਾਰ ਨੂੰ ਇਸ ਵੱਡੇ ਨੁਕਸਾਨ ਨੂੰ ਸਹਿਣ ਕਰਨ ਦੀ ਸ਼ਕਤੀ ਬਖ਼ਸ਼ੇ।'' ਤੇ ਉਥੇ ਹੀ ਹੁਣ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਫੇਸਬੁੱਕ 'ਤੇ ਪੋਸਟ ਪਾ ਕੇ ਦੁਖ ਜ਼ਾਹਰ ਕੀਤਾ।

ਫੇਸਬੁੱਕ 'ਤੇ ਪਾਈ ਪੋਸਟ 'ਚ ਰਾਜਾ ਵੜਿੰਗ ਨੇ ਲਿਖਿਆ, 'ਅਲਵਿਦਾ ਫਤਿਹਵੀਰ ਸਿੰਘ, ਦਿਲ ਰੌਂਦਾ ਤੈਨੂੰ ਅਲਵਿਦਾ ਕਹਿਣ ਲੱਗਿਆ ਜੋ ਤੇਰੇ ਨਾਲ ਹੋਇਆ ਰੱਬ ਕਿਸੇ ਨਾਲ ਨਾ ਕਰੇ। ਵਾਹਿਗੁਰੂ ਤੈਨੂੰ ਆਪਣੇ ਚਰਨਾਂ 'ਚ ਜਗ੍ਹਾ ਦੇਵੇ ਅਤੇ ਪਰਿਵਾਰ ਨੂੰ ਹੌਸਲਾ ਰੱਖਣ ਦਾ ਹੌਸਲਾ ਦੇਵੇ।' ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਵਾਹਿਗੁਰੂ ਸਭ ਦੇ ਬੱਚਿਆਂ ਨੂੰ ਹੱਸਦਾ ਵੱਸਦਾ ਰੱਖੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 9 ਜੂਨ ਨੂੰ ਰਾਜਾ ਵੜਿੰਗ ਨੇ ਬੋਰਵੈੱਲ 'ਚ ਡਿੱਗੇ ਫਤਿਹਵੀਰ ਸਿੰਘ ਦੀ ਜ਼ਿੰਦਗੀ ਬਚਾਉਣ ਲਈ ਲੋਕਾਂ ਨੂੰ ਅਰਦਾਸ ਕਰਨ ਲਈ ਕਿਹਾ ਸੀ। ਉਨ੍ਹਾਂ ਲਿਖਿਆ ਸੀ, 'ਸੰਗਰੂਰ 'ਚ ਬੋਰਵੈੱਲ 'ਚ ਡਿੱਗੇ ਫਤਿਹਵੀਰ ਦੀ ਜ਼ਿੰਦਗੀ ਲਈ ਆਓ ਅਰਦਾਸ ਕਰੀਏ। ਪਰਮਾਤਮਾ ਫਤਿਹ ਨੂੰ ਲੰਬੀ ਉਮਰ ਦੇਵੇ।

ਜ਼ਿਕਰਯੋਗ ਹੈ ਕਿ 6 ਜੂਨ ਨੂੰ ਸੰਗਰੂਰ ਦੇ ਪਿੰਡ ਭਗਵਾਨਪੁਰਾ 'ਚ ਫਤਿਹਵੀਰ ਸਿੰਘ ਖੇਡਦੇ ਹੋਏ ਘਰ ਦੇ ਨੇੜੇ ਬਣੇ ਬੋਰਵੈੱਲ 'ਚ ਡਿੱਗ ਗਿਆ ਸੀ। ਉਸੇ ਦਿਨ ਤੋਂ ਹੀ ਫਤਿਹਵੀਰ ਨੂੰ ਬਚਾਉਣ ਲਈ ਪੂਰਾ ਦੇਸ਼ ਅਰਦਾਸਾਂ ਕਰ ਰਿਹਾ ਸੀ। ਕਈ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਫਤਿਹਵੀਰ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਆਖੀਰ 'ਚ ਉਹ ਜ਼ਿੰਦਗੀ ਦੀ ਜੰਗ ਹਾਰ ਗਿਆ। ਉਥੇ ਹੀ ਦੂਜੇ ਪਾਸੇ ਫਤਿਹਵੀਰ ਦੀ ਮੌਤ ਤੋਂ ਬਾਅਦ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕ ਕੈਪਟਨ ਸਰਕਾਰ ਖਿਲਾਫ ਜਮ ਕੇ ਭੜਾਸ ਕੱਢ ਰਹੇ ਹਨ।