ਕੈਪਟਨ ਵਲੋਂ ਫ਼ਤਹਿਵੀਰ ਦੀ ਮੌਤ ਮਗਰੋਂ ਸਾਰੇ ਖੁੱਲ੍ਹੇ ਬੋਰਾਂ ਨੂੰ ਬੰਦ ਕਰਨ ਦੇ ਨਿਰਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਵਲੋਂ ਅਜਿਹੀਆਂ ਘਟਨਾਵਾਂ ਰੋਕਣ ਲਈ ਐਸ.ਓ.ਪੀਜ਼ ਤਿਆਰ ਕਰਨ ਲਈ ਆਫ਼ਤ ਪ੍ਰਬੰਧਨ ਗਰੁੱਪ ਨੂੰ ਵੀ ਹੁਕਮ

Captain Amarinder Singh

ਚੰਡੀਗੜ੍ਹ: ਸੰਗਰੂਰ ਜ਼ਿਲ੍ਹੇ ਦੇ ਸੁਨਾਮ ਇਲਾਕੇ ਦੇ ਪਿੰਡ ਭਗਵਾਨਪੁਰ ਵਿਖੇ ਬੋਰ ਵਿਚ ਡਿੱਗ ਕੇ 2 ਸਾਲਾਂ ਦੇ ਮਾਸੂਮ ਫ਼ਤਹਿਵੀਰ ਸਿੰਘ ਦੀ ਹੋਈ ਦਰਦਨਾਕ ਮੌਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਭਰ ਵਿਚ ਖੁੱਲ੍ਹੇ ਪਏ ਸਾਰੇ ਬੋਰਾਂ ਨੂੰ ਬੰਦ ਕਰਨ ਦੇ ਹੁਕਮ ਦਿਤੇ ਹਨ। ਫ਼ਤਹਿਵੀਰ ਸਿੰਘ ਨੂੰ 108 ਘੰਟੇ ਦੀ ਸਖ਼ਤ ਜਦੋ-ਜਹਿਦ ਦੇ ਬਾਵਜੂਦ ਬਚਾਇਆ ਨਾ ਜਾ ਸਕਿਆ।

ਮੁੱਖ ਮੰਤਰੀ ਨੇ ਸੂਬੇ ਭਰ ਵਿਚ ਖੁੱਲ੍ਹੇ ਪਏ ਬੋਰਾਂ ਬਾਰੇ ਡਿਪਟੀ ਕਮਿਸ਼ਨਰਾਂ ਤੋਂ ਜਾਣਕਾਰੀ ਮੰਗੀ ਹੈ ਅਤੇ ਉਨ੍ਹਾਂ ਨੇ ਇਸ ਤਰ੍ਹਾਂ ਦੀ ਦੁਖਦਾਈ ਘਟਨਾ ਤੋਂ ਬਚਣ ਲਈ ਇਨ੍ਹਾਂ ਦੇ ਸਬੰਧ ਵਿਚ ਤੁਰਤ ਕਦਮ ਚੁੱਕੇ ਜਾਣ ਦੇ ਨਿਰਦੇਸ਼ ਦਿਤੇ ਹਨ। ਇਸ ਘਟਨਾ ’ਤੇ ਗੰਭੀਰ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਮੁੱਖ ਸਕੱਤਰ ਦੀ ਅਗਵਾਈ ਵਾਲੇ ਆਫਤ ਪ੍ਰਬੰਧਨ ਗਰੁੱਪ ਨੂੰ ਅਜਿਹਿਆਂ ਘਟਨਾਵਾਂ ਤੋਂ ਬਚਣ ਅਤੇ ਰੋਕਣ ਲਈ ਐਸ.ਪੀ.ਓਜ (ਸਟੈਂਡਰਡ ਆਪਰੇਟਿੰਗ ਪ੍ਰਾਸੀਜ਼ਰ) ਨੂੰ ਅੰਤਿਮ ਰੂਪ ਦੇਣ ਲਈ ਅਖਿਆ ਹੈ।

ਮੁੱਖ ਮੰਤਰੀ ਫਤਹਿਵੀਰ ਨੂੰ ਬਚਾਉਣ ਲਈ ਬਚਾਉ ਕਾਰਜਾਂ ਦੀ ਲਗਾਤਾਰ ਨਿਗਰਾਨੀ ਕਰਦੇ ਰਹੇ। ਕੁਦਰਤੀ ਆਫਤਾਂ ਨਾਲ ਨਿਪਟਣ ਲਈ ਗਠਿਤ ਕੀਤੇ ਗਰੁੱਪ ਨੂੰ ਰਾਹਤ ਕਾਰਜਾਂ ਵਿਚ ਕਿਸੇ ਵੀ ਤਰ੍ਹਾਂ ਦੇ ਘਾਟ ਦਾ ਅਧਿਐਨ ਕਰਨ ਅਤੇ ਭਵਿੱਖ ਵਿਚ ਇਸ ਤਰ੍ਹਾਂ ਦੇ ਕਿਸੇ ਵੀ ਮਾਮਲੇ ਵਿਚ ਤੇਜ਼ੀ ਨਾਲ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਆਪਣੀਆਂ ਸਿਫਾਰਸ਼ਾਂ ਦੇਣ ਲਈ ਆਖਿਆ ਹੈ। ਇਸ ਗਰੁੱਪ ਵਿਚ ਹੋਰਨਾਂ ਮੈਂਬਰਾਂ ਵਿਚ ਪ੍ਰਿੰਸੀਪਲ ਸਕੱਤਰ ਵਿੱਤ (ਪੀ.ਐਸ.ਐਫ), ਵਿੱਤ ਕਮਿਸ਼ਨਰ ਦਿਹਾਤੀ ਵਿਕਾਸ ਅਤੇ ਪੰਚਾਇਤ (ਐਫ.ਸੀ.ਆਰ.ਡੀ.ਪੀ) ਅਤੇ ਵਿੱਤ ਕਮਿਸ਼ਨਰ ਵਿਕਾਸ (ਐਫ.ਸੀ.ਡੀ) ਸ਼ਾਮਲ ਹਨ।

ਫ਼ਤਹਿਵੀਰ ਸਿੰਘ ਦੀ ਮੌਤ ਤੋਂ ਤੁਰਤ ਬਾਅਦ ਮੁੱਖ ਮੰਤਰੀ ਨੇ ਅਪਣੇ ਟਵੀਟ ਵਿਚ ਕਿਹਾ, “ਫ਼ਤਹਿਵੀਰ ਸਿੰਘ ਦੀ ਦੁਖਦਾਈ ਮੌਤ ਬਾਰੇ ਸੁਣ ਕੇ ਮਨ ਬਹੁਤ ਉਦਾਸ ਹੋਇਆ ਹੈ। ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਇਸ ਭਾਰੀ ਘਾਟੇ ਨੂੰ ਸਹਿਣ ਕਰਨ ਲਈ ਪ੍ਰਮਾਤਮਾਂ ਉਸ ਦੇ ਪਰਵਾਰ ਨੂੰ ਬਲ ਬਖਸ਼ੇ। ਖੁੱਲ੍ਹੇ ਬੋਰਾਂ ਦੇ ਸਬੰਧ ਵਿਚ ਸਾਰੇ ਡਿਪਟੀ ਕਮਿਸ਼ਨਰਾਂ ਤੋਂ ਰਿਪੋਰਟਾਂ ਮੰਗੀਆਂ ਗਈ ਤਾਂ ਜੋ ਭਵਿੱਖ ਵਿਚ ਅਜਿਹੀਆਂ ਦੁਖਦਾਈ ਘਟਨਾਵਾਂ ਨੂੰ ਰੋਕਿਆ ਜਾ ਸਕੇ।

ਇਸ ਤੋਂ ਕੁਝ ਘੰਟੇ ਪਹਿਲਾਂ ਉਨ੍ਹਾਂ ਨੇ ਇਕ ਟਵੀਟ ਵਿਚ ਲਿਖਿਆ ਸੀ ਕਿ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਦਿਤੀਆਂ ਗਈਆਂ ਹਨ ਕਿ ਉਹ ਕਿਸੇ ਵੀ ਜ਼ਿਲ੍ਹੇ ਵਿਚ ਕੋਈ ਵੀ ਖੁੱਲ੍ਹਾ ਬੋਰ ਨਾ ਹੋਣ ਨੂੰ ਯਕੀਨੀ ਬਣਾਉਣ ਅਤੇ ਉਨ੍ਹਾਂ ਨੂੰ 24 ਘੰਟਿਆਂ ਵਿਚ ਇਸ ਸਬੰਧੀ ਰਿਪੋਰਟ ਪੇਸ਼ ਕਰਨ ਲਈ ਆਖਿਆ ਗਿਆ ਹੈ। ਜੇ ਤੁਹਾਡੇ ਇਲਾਕੇ ਵਿਚ ਕੋਈ ਵੀ ਖੁੱਲ੍ਹਾ ਬੋਰ ਹੈ ਤਾਂ ਤੁਸੀਂ ਸਾਡੀ ਹੈਲਪਲਾਈਨ ਨੰਬਰ 0172-2740397 ’ਤੇ ਫੋਨ ਕਰ ਸਕਦੇ ਹੋ।