ਫ਼ਤਿਹਵੀਰ ਦੀ ਮੌਤ ਨੂੰ ਲੈ ਕੇ ਭੜਕੇ ਲੋਕ, ਪੋਸਟਮਾਰਟਮ ਲਈ ਬਣਾਇਆ ਡਾਕਟਰਾਂ ਦਾ ਵਿਸ਼ੇਸ਼ ਪੈਨਲ

ਏਜੰਸੀ

ਖ਼ਬਰਾਂ, ਪੰਜਾਬ

ਸੰਗਰੂਰ ਦੇ ਪਿੰਡ ਭਗਵਾਨਪੁਰਾ 'ਚ 6 ਜੂਨ ਨੂੰ ਬੋਰਵੈੱਲ 'ਚ ਡਿੱਗਿਆ ਫਤਿਹਵੀਰ ਸਿੰਘ ਜ਼ਿੰਦਗੀ ਦੀ ਜੰਗ ਹਾਰ ਚੁੱਕਾ ਹੈ।

fatehveer singh postmortem

ਚੰਡੀਗੜ੍ਹ : ਬੋਰਵੈੱਲ ਵਿਚ ਡਿੱਗੇ ਦੋ ਸਾਲਾ ਫਤਿਹਵੀਰ ਸਿੰਘ ਨੂੰ 110 ਘੰਟਿਆਂ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਸਵੇਰੇ ਕਰੀਬ ਸਾਢੇ 5 ਵਜੇ ਬਾਹਰ ਕੱਢ ਲਿਆ ਗਿਆ। ਭਾਵੇਂ ਕਿ ਬੋਰਵੈੱਲ ਵਿਚੋਂ ਕੱਢਣ ਸਾਰ ਹੀ ਫਤਿਹਵੀਰ ਨੂੰ ਐਂਬੂਲੈਂਸ ਰਾਹੀਂ ਪੀਜੀਆਈ ਚੰਡੀਗੜ੍ਹ ਵਿਖੇ ਲਿਆਂਦਾ ਗਿਆ ਪਰ ਅਫ਼ਸੋਸ ਕਿ ਉਦੋਂ ਬਹੁਤ ਦੇਰ ਹੋ ਚੁੱਕੀ ਸੀ। ਪੀ. ਜੀ. ਆਈ. ਦੇ ਡਾਕਟਰਾਂ ਵਲੋਂ ਫਤਿਹਵੀਰ ਨੂੰ ਮ੍ਰਿਤਕ ਐਲਾਨਣ ਤੋਂ ਬਾਅਦ ਲੋਕਾਂ ਵਲੋਂ ਪੀ. ਜੀ. ਆਈ. ਬਾਹਰ ਲਗਾਤਾਰ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਗਰੀਬ ਦਾ ਬੱਚਾ ਸੀ ਤਾਂ ਹੀ ਮਰਨ ਦਿੱਤਾ ਗਿਆ। ਲੋਕਾਂ ਵਲੋਂ ਕੈਪਟਨ ਸਰਕਾਰ ਖਿਲਾਫ ਲਗਾਤਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਮ੍ਰਿਤਕ ਫਤਿਹਵੀਰ ਸਿੰਘ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਪੀ. ਜੀ. ਆਈ. ਦੇ ਡਾਕਟਰਾਂ ਵਲੋਂ 10 ਵਜੇ ਕੀਤਾ ਜਾਵੇਗਾ। ਇਸ ਦੇ ਲਈ ਡਾਕਟਰਾਂ ਦਾ ਵਿਸ਼ੇਸ਼ ਪੈਨਲ ਬਣਾਇਆ ਗਿਆ ਹੈ। ਫਿਲਹਾਲ ਡਾਕਟਰਾਂ ਦੀ ਮੰਨੀਏ ਤਾਂ ਫਤਿਹਵੀਰ ਸਿੰਘ ਦੀ ਮੌਤ ਪੀ. ਜੀ. ਆਈ. 'ਚ ਲਿਆਉਣ ਤੋਂ ਪਹਿਲਾਂ ਹੀ ਹੋ ਚੁੱਕੀ ਸੀ ਅਤੇ ਉਸ ਦਾ ਸਰੀਰ ਪੂਰੀ ਤਰ੍ਹਾਂ ਗਲ ਚੁੱਕਿਆ ਸੀ।