ਖੇਤੀ ਨੂੰ ਵੱਡੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਦੇਣ 'ਚ ਅਕਾਲੀ ਦਲ ਦੀ ਖ਼ਾਸ ਭੂਮਿਕਾ: ਢੀਂਡਸਾ
ਕਿਸਾਨੀ ਹਿਤਾਂ ਦੇ ਹਿਤੈਸ਼ੀ ਹੋਣ ਦਾਅਵਾ ਕਰਨ ਵਾਲਿਆਂ ਦਾ ਅਸਲੀ ਚਿਹਰਾ ਨੰਗਾ ਹੋਇਆ
ਸੰਗਰੂਰ : ਕੇਂਦਰ ਸਰਕਾਰ ਨੇ ਖੇਤੀ ਅਤੇ ਵਪਾਰ ਨੂੰ ਵੱਡੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਦੇਣ ਦੀ ਤਿਆਰੀ ਖਿੱਚ ਲਈ ਹੈ। ਇਸ ਮਕਸਦ ਲਈ ਕੇਂਦਰ ਨੇ ਨਵੇਂ ਆਰਡੀਨੈਂਸ ਜਾਰੀ ਕਰ ਦਿਤੇ ਹਨ। ਇਸ ਨੂੰ ਲੈ ਕੇ ਪੰਜਾਬ ਅੰਦਰ ਜਿੱਥੇ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਸਿਆਸੀ ਤੇ ਸਮਾਜ ਸੇਵੀ ਸੰਸਥਾਵਾਂ ਸੰਘਰਸ਼ ਦਾ ਬਿਗੁਲ ਵਜਾ ਚੁੱਕੀਆਂ ਹਨ ਉਥੇ ਹੀ ਸਿਆਸੀ ਆਗੂਆਂ ਵਿਚਾਲੇ ਇਸ ਦਾ ਦੋਸ਼ ਇਕ-ਦੂਜੇ ਸਿਰ ਮੜ੍ਹਣ ਦੀ ਜੰਗ ਸ਼ੁਰੂ ਹੋ ਗਈ ਹੈ।
ਇਸੇ ਦੌਰਾਨ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ 'ਤੇ ਵੱਡਾ ਹਮਲਾ ਬੋਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਖੇਤੀ ਅਤੇ ਵਪਾਰ ਨੂੰ ਵੱਡੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਦੇਣ ਵਾਲੇ ਆਰਡੀਨੈਂਸ ਜਾਰੀ ਕਰਨ ਪਿੱਛੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਦਿਗਜ਼ ਆਗੂਆਂ ਦੀ ਖ਼ਾਸ ਭੂਮਿਕਾ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਦੇ ਇਸ ਕਦਮ ਨੂੰ ਪੰਜਾਬ ਦੇ ਲੋਕ ਕਦੇ ਵੀ ਨਹੀਂ ਭੁੱਲਣਗੇ।
ਉਨ੍ਹਾਂ ਕਿਹਾ ਕਿ ਇਸ ਆਰਡੀਨੈਂਸ ਨੂੰ ਪਾਸ ਕਰਨ ਵਾਲੀ ਕੇਂਦਰ ਦੀ ਕੈਬਨਿਟ ਮੀਟਿੰਗ ਵਿਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਦੀ ਮੌਜੂਦਗੀ ਇਸ ਗੱਲ ਦੀ ਪ੍ਰਤੱਖ ਸਬੂਤ ਹੈ ਕਿ ਉਨ੍ਹਾਂ ਨੇ ਬਿਨਾਂ ਕਿਸੇ ਵਿਰੋਧ ਦੇ ਆਰਡੀਨੈਂਸ ਦੀ ਮਨਜ਼ੂਰੀ ਲਈ ਹਾਮੀ ਭਰੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇਸ਼ ਦੀ ਕਿਸਾਨੀ ਨੂੰ ਬਰਬਾਦੀ ਵੱਲ ਲਿਜਾਣ ਦਾ ਕਾਰਨ ਬਣਨ ਵਾਲੇ ਇਸ ਆਰਡੀਨੈਂਸ ਵਿਚ ਅਪਣੀ ਮੌਜੂਦਗੀ ਨੂੰ ਝੁਠਲਾ ਨਹੀਂ ਸਕਦਾ।
ਉਨ੍ਹਾਂ ਕਿਹਾ ਕਿ ਹੁਣ ਜਦੋਂ ਇਸ ਆਰਡੀਨੈਂਸ ਦੀਆਂ ਗੁੰਝੀਆਂ ਪਰਤਾਂ ਹੋਲੀ ਹੋਲੀ ਸਾਹਮਣੇ ਆਉਣ ਲੱਗੀਆਂ ਹਨ ਤਾਂ ਕਿਸਾਨਾਂ ਅੰਦਰ ਇਸ ਨੂੰ ਲੈ ਕੇ ਵਿਆਪਕ ਰੋਸ ਪੈਦਾ ਹੋਣ ਲੱਗਿਆ ਹੈ। ਇਸ ਨੂੰ ਭਾਂਪਦਿਆਂ ਅਕਾਲੀ ਦਲ ਦੇ ਆਗੂ ਹੁਣ ਖੁਦ ਨੂੰ ਸੱਚਾ ਸਾਬਤ ਕਰਨ ਦੇ ਮਕਸਦ ਨਾਲ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਦਿਆਂ ਲੋਕਾਂ ਨੂੰ ਗੁੰਮਰਾਹ ਕਰਨ ਦੇ ਰਾਹ ਪੈ ਗਏ ਹਨ। ਉਨ੍ਹਾਂ ਕਿਹਾ ਕਿ ਕਈ ਆਗੂ ਤਾਂ ਖੁਲ੍ਹੀ ਮੰਡੀ ਨੂੰ ਕਿਸਾਨ ਪੱਖੀ ਦੱਸ ਕੇ ਕਈ ਤਰ੍ਹਾਂ ਦੇ ਭਰਮ ਪੈਦਾ ਕਰਨ 'ਚ ਮਸ਼ਰੂਫ਼ ਹਨ।
ਕਿਸਾਨਾਂ ਨੇ ਹੁਣ ਅਪਣੇ ਸ਼ੰਕਿਆਂ ਦੀ ਨਵਿਰਤੀ ਲਈ ਸਵਾਲ ਪੁਛਣੇ ਸ਼ੁਰੂ ਕਰ ਦਿਤੇ ਹਨ। ਕਿਸਾਨਾਂ ਦਾ ਵੱਡਾ ਸਵਾਲ ਇਹ ਹੈ ਕਿ ਛੋਟਾ ਤੇ ਦਰਮਿਆਨਾ ਕਿਸਾਨ ਹੋਰ ਕਿਹੜੇ ਅਜਿਹੇ ਸੂਬਿਆਂ ਵਿਚ ਜਾ ਕੇ ਅਪਣਾ ਝੋਨਾ ਵੇਚ ਸਕੇਗਾ ਕਿਉਂਕਿ ਪੰਜਾਬ ਅਤੇ ਹਰਿਆਣਾ ਨੂੰ ਛੱਡ ਕੇ ਹੋਰ ਕਿਤੇ ਇਨ੍ਹਾਂ ਫ਼ਸਲਾਂ ਦੀ ਘੱਟੋ ਘੱਟ ਸਮਰਥਨ ਮੁੱਲ 'ਤੇ ਵਿਕਰੀ ਹੀ ਨਹੀਂ ਹੈ। ਜਦਕਿ ਹਕੀਕਤ 'ਚ ਬਾਹਰਲੇ ਸੂਬਿਆਂ ਤੋਂ ਝੋਨਾ ਪੰਜਾਬ ਦੇ ਖ਼ਰੀਦ ਕੇਂਦਰਾਂ ਅੰਦਰ ਵਿਕਣ ਲਈ ਆਉਂਦਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਆਰਡੀਨੈਂਸ ਨੇ ਕਈ ਉਨ੍ਹਾਂ ਆਗੂਆਂ ਦਾ ਅਸਲੀ ਚਿਹਰਾ ਵੀ ਲੋਕਾਂ ਸਾਹਮਣੇ ਨੰਗਾ ਕਰ ਦਿਤਾ ਹੈ, ਜਿਥੇ ਖੁਦ ਨੂੰ ਕਿਸਾਨ ਹਿਤੈਸ਼ੀ ਹੋਣ ਦਾ ਢੰਡੋਰਾ ਪਿੱਟਦੇ ਨਹੀਂ ਸਨ ਥੱਕਦੇ। ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਵੱਲ ਪੱਤਰ ਭੇਜਣ ਮੌਕੇ ਅਕਾਲੀ ਵਰਕਰਾਂ, ਕਿਸਾਨਾਂ, ਮਜਦੂਰਾਂ ਅਤੇ ਛੋਟੇ ਵਪਾਰੀਆਂ ਦਾ ਮਿਲਿਆ ਭਰਵਾਂ ਸਮਰਥਨ ਪੰਜਾਬ ਦੇ ਲੋਕਾਂ ਦੇ ਲੋਕ ਪੱਖੀ ਧਿਰਾਂ ਵੱਲ ਝੁਕਾਅ ਦਾ ਸੰਕੇਤ ਹੈ। ਇਸ ਮੌਕੇ ਕਈ ਵੱਡੇ ਆਗੂ ਹਾਜ਼ਰ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ