ਤੰਦਰੁਸਤ ਪੰਜਾਬ ਮਿਸ਼ਨ : ਕਿੰਨਾ ਕੁ ਤੰਦਰੁਸਤ ਹੈ ਪਿੰਡ ਜੰਗਪੁਰਾ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ 'ਚ ਇਕ ਸਬਜ਼ੀ ਮੰਡੀ ਦੀ ਲੋੜ

Mission Tandrust Punjab : Village Jungpura

ਰਾਜਪੁਰਾ : ਕੇਂਦਰ ਸਰਕਾਰ ਦੀ ‘ਫਿਟ ਇੰਡੀਆ’ ਲਹਿਰ ਤੋਂ ਇਕ ਕਦਮ ਅੱਗੇ ਵੱਧਦੇ ਹੋਏ ਪੰਜਾਬ ਸਰਕਾਰ ਨੇ ਸੂਬੇ ਨੂੰ ਸੱਮੁਚੇ ਦੇਸ਼ ਵਿਚ ਸਿਹਤਮੰਦ ਸੂਬਾ ਬਣਾਉਣ ਦੇ ਮਿਸ਼ਨ ਨਾਲ ਪਿਛਲੇ ਸਾਲ ਜੂਨ ਮਹੀਨੇ ਵਿਚ ‘ਤੰਦਰੁਸਤ ਪੰਜਾਬ’ ਮੁਹਿੰਮ ਸ਼ੁਰੂ ਕੀਤੀ ਸੀ। ਇਸ ਮਿਸ਼ਨ ਦਾ ਉਦੇਸ਼ ਸੂਬੇ ਦੀ ਆਬੋ-ਹਵਾ, ਪਾਣੀ ਅਤੇ ਭੋਜਨ ਦੀ ਗੁਣਵਤਾ ਸੁਧਾਰ ਕੇ ਪੰਜਾਬ ਵਾਸੀਆਂ ਨੂੰ ਰਹਿਣ-ਸਹਿਣ ਲਈ ਵਧੀਆ ਮਾਹੌਲ ਸਿਰਜਣਾ ਸੀ। ਇਸ ਤੋਂ ਇਲਾਵਾ ਜਾਗਰੂਕਤਾ ਕੈਂਪ ਲਗਾ ਕੇ ਲੋਕਾਂ ਤਕ ਸੁਵਿਧਾਵਾਂ ਪਹੁੰਚਾਈਆਂ ਜਾਣੀਆਂ ਸਨ। ਇਹ ਮੁਹਿੰਮ ਜ਼ਮੀਨੀ ਪੱਧਰ 'ਤੇ ਕਿੰਨੀ ਕੁ ਗੰਭੀਰਤਾ ਨਾਲ ਲਾਗੂ ਕੀਤੀ ਗਈ ਹੈ, ਇਸ ਬਾਰੇ ਜਾਨਣ ਲਈ 'ਸਪੋਕਸਮੈਨ ਟੀਵੀ' ਸੂਬੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਰਿਹਾ ਹੈ। ਇਸੇ ਤਹਿਤ ਸਪੋਕਸਨਮੈਨ ਟੀਵੀ ਦੀ ਟੀਮ ਜ਼ਿਲ੍ਹਾ ਪਟਿਆਲਾ ਦੇ ਪਿੰਡ ਜੰਗਪੁਰਾ ਪੁੱਜੀ।

ਸਪੋਕਸਮੈਨ ਦੇ ਪੱਤਰਕਾਰ ਜਤਿੰਦਰ ਸਿੰਘ ਨੇ ਪਿੰਡ ਜੰਗਪੁਰਾ ਦੇ ਵੱਖ-ਵੱਖ ਲੋਕਾਂ, ਬਜ਼ੁਰਗਾਂ, ਨੌਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਪਿੰਡ ਦੀ ਹਾਲਤ ਬਾਰੇ ਜਾਣਿਆ। ਪਿੰਡ ਦੇ ਵਸਨੀਕ ਨੇ ਦੱਸਿਆ ਕਿ ਸਾਡੇ ਪਿੰਡ 'ਚ ਪੰਜਾਬ ਦੇ ਦੂਜੇ ਪਿੰਡਾਂ ਨਾਲੋਂ ਕਾਫ਼ੀ ਜ਼ਿਆਦਾ ਵਿਕਾਸ ਕਾਰਜ ਹੋਏ ਹਨ। ਪਿੰਡ 'ਚ ਗਲੀਆਂ-ਨਾਲੀਆਂ ਪੱਕੀਆਂ ਬਣੀਆਂ ਹੋਈਆਂ ਹਨ। ਪੀਣ ਵਾਲੇ ਪਾਣੀ ਦੀ ਟੈਂਕੀ ਲੱਗੀ ਹੋਈ ਹੈ। ਪਿੰਡ ਦੀ ਆਪਣੀ ਡਿਸਪੈਂਸਰੀ ਵੀ ਹੈ। ਡਿਸਪੈਂਸਰੀ 'ਚ ਰੋਜ਼ਾਨਾ ਡਾਕਟਰ ਆਉਂਦੇ ਹਨ। ਇਸ ਤੋਂ ਇਲਾਵਾ ਪਿੰਡ 'ਚ ਸਰਕਾਰੀ ਸਕੂਲ ਵੀ ਹੈ, ਜਿਥੇ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਪੜ੍ਹਾਇਆ ਜਾਂਦਾ ਹੈ। ਸਕੂਲ 'ਚ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਚੰਗਾ ਮਾਹੌਲ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ। ਬੱਚਿਆਂ ਲਈ ਖੇਡ ਮੈਦਾਨ, ਸਕੂਲ 'ਚ ਫੁਲ-ਬੂਟੇ ਆਦਿ ਲਗਾਏ ਗਏ ਗਨ।

ਪਿੰਡ ਵਾਸੀ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਜੰਗਪੁਰਾ 'ਚ ਇਸ ਕਰ ਕੇ ਵੀ ਵਿਕਾਸ ਕਾਰਜਾਂ ਨੂੰ ਜ਼ਿਆਦਾ ਤਵੱਜੋ ਦਿੱਤੀ ਜਾਂਦੀ ਹੈ, ਕਿਉਂਕਿ ਇਹ ਮੋਹਾਲੀ ਦੇ ਨੇੜੇ ਪੈਂਦਾ ਹੈ। ਪਿੰਡ 'ਚ ਮੁੱਖ ਤੌਰ 'ਤੇ ਹੋਏ ਵਿਕਾਸ ਕਾਰਜਾਂ ਨੂੰ ਗਿਣਾਉਂਦਿਆਂ ਉਨ੍ਹਾਂ ਦੱਸਿਆ ਕਿ ਪਿੰਡ ਅੰਦਰ ਪੀਣ ਵਾਲੇ ਪਾਣੀ ਦੀ ਸਪਲਾਈ ਕਾਫ਼ੀ ਵਧੀਆ ਹੈ। ਪਿੰਡ ਅੰਦਰ ਮੁੱਖ ਸੜਕ ਤੋਂ ਆਉਣ ਲਈ ਦੋ ਸੜਕਾਂ ਹਨ। ਪਿੰਡ ਦੀਆਂ ਸਾਰੀਆਂ ਗਲੀਆਂ ਲਗਭਗ 18 ਫੁਟ ਚੌੜੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਪਿੰਡ ਲਗਭਗ 200 ਸਾਲ ਪੁਰਾਣਾ ਵਸਿਆ ਹੈ।

ਪਿੰਡ ਦੇ ਇਕ ਨੌਜਵਾਨ ਨੇ ਦੱਸਿਆ ਕਿ ਪਹਿਲਾਂ ਪਿੰਡ ਦੀ ਫਿਰਨੀ 'ਤੇ ਪਾਣੀ ਦੀ ਸਮੱਸਿਆ ਸੀ, ਜਿਸ ਨੂੰ ਸਰਕਾਰ ਨੇ ਦੂਰ ਕਰਵਾ ਦਿੱਤਾ ਹੈ। ਪਿੰਡ 'ਚ ਸੀਨੀਅਰ ਸੈਕੰਡਰੀ ਸਕੂਲ ਵੀ ਹੈ ਅਤੇ ਮਿਡਲ ਸਕੂਲ ਵੀ ਹੈ। ਸਕੂਲ 'ਚ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਪੜ੍ਹਾਇਆ ਜਾਂਦਾ ਹੈ। ਸਮੇਂ ਸਿਰ ਅਧਿਆਪਕ ਸਕੂਲ 'ਚ ਆਉਂਦੇ ਹਨ। ਪਿੰਡ ਅੰਦਰ ਧਰਮਸ਼ਾਲਾ ਵੀ ਬਣੀ ਹੋਈ ਹੈ, ਜਿਥੇ ਵਿਆਹ, ਧਾਰਮਕ ਸਮਾਗਮ ਆਦਿ ਪ੍ਰੋਗਰਾਮ ਕਰਵਾਏ ਜਾਂਦੇ ਹਨ। ਪਿੰਡ 'ਚ ਇਕ ਸਬਜ਼ੀ ਮੰਡੀ ਦੀ ਵੀ ਲੋੜ ਹੈ, ਕਿਉਂਕਿ ਇਹ ਪਿੰਡ ਸਬਜ਼ੀਆਂ ਦਾ ਹੱਬ ਹੈ। ਸਾਨੂੰ ਸਬਜ਼ੀਆਂ ਵੇਚਣ ਲਈ ਚੰਡੀਗੜ੍ਹ, ਅੰਬਾਲਾ, ਖਰੜ ਆਦਿ ਵੱਡੇ ਸ਼ਹਿਰਾਂ 'ਚ ਜਾਣਾ ਪੈਂਦਾ ਹੈ।

ਪਿੰਡ ਦੇ ਨੌਜਵਾਨਾਂ ਨੇ ਦੱਸਿਆ ਕਿ ਪਿੰਡ 'ਚ ਕੋਈ ਖੇਡ ਦਾ ਮੈਦਾਨ ਨਹੀਂ ਹੈ। ਸਰੀਰਕ ਤੇ ਮਾਨਸਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਅੱਜ-ਕੱਲ੍ਹ ਬੱਚੇ ਖੇਡਾਂ ਖੇਡਦੇ ਤਾਂ ਹਨ ਪਰ ਕਮਰੇ ਵਿਚ ਮੋਬਾਈਲ ਜਾਂ ਕੰਪਿਊਟਰ ਆਦਿ 'ਤੇ। ਜੇ ਪਿੰਡ 'ਚ ਖੇਡਣ ਲਈ ਵਧੀਆ ਮੈਦਾਨ ਹੋਣ ਤਾਂ ਬੱਚਿਆਂ ਦੀ ਦਿਲਚਸਪੀ ਖੇਡਾਂ ਵੱਲ ਵਧੇਗੀ। ਬੱਚਿਆਂ ਦਾ ਵੀਡੀਓ ਗੇਮਾਂ ਖੇਡਣਾ ਸਿੱਧਾ ਉਨ੍ਹਾਂ ਦੇ ਸਰੀਰਕ ਵਿਕਾਸ 'ਤੇ ਅਸਰ ਪਾਉਂਦਾ ਹੈ। ਅਸੀਂ ਵੇਖ ਹੀ ਸਕਦੇ ਹਾਂ ਕਿ ਪੀੜ੍ਹੀ-ਦਰ-ਪੀੜ੍ਹੀ ਸਰੀਰਕ ਵਿਕਾਸ ਘੱਟ ਰਿਹਾ ਹੈ। ਬਿਮਾਰੀਆਂ ਵੀ ਵੱਧ ਰਹੀਆਂ ਹਨ। ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਆਪਣਾ ਜ਼ਿਆਦਾ ਵਕਤ ਵੀਡੀਓ ਗੇਮਾਂ ਨੂੰ ਹੀ ਦਿੰਦੀ ਹੈ, ਜੋ ਸਿੱਧੇ ਤੌਰ 'ਤੇ ਸਮੇਂ ਦੀ ਬਰਬਾਦੀ ਹੈ ਤੇ ਸਰੀਰਕ ਵਿਕਾਸ ਦੇ ਰਾਹ ਦਾ ਰੋੜਾ ਹਨ।

ਸੂਬੇ 'ਚ ਪਾਣੀ ਦੀ ਸਮੱਸਿਆ ਬਾਰੇ ਇਕ ਪਿੰਡ ਵਾਸੀ ਨੇ ਦੱਸਿਆ ਕਿ ਇਹ ਮੁੱਦਾ ਵੱਡਾ ਵਿਸ਼ਾ ਬਣ ਗਿਆ ਹੈ। ਪੰਜਾਬ ਵਿਚ ਜ਼ਮੀਨਦੋਜ਼ ਪਾਣੀ 145 ਫ਼ੀ ਸਦੀ ਦਰ ਨਾਲ ਕੱਢਿਆ ਜਾ ਰਿਹਾ ਹੈ, ਜਿਸ ਕਾਰਨ ਪਾਣੀ ਦਾ ਪੱਧਰ ਖ਼ਤਰੇ ਦੀ ਹੱਦ ਪਾਰ ਕਰਦਾ ਜਾ ਰਿਹਾ ਹੈ। ਪਾਣੀ ਦਾ ਪੱਧਰ ਤੇਜ਼ੀ ਨਾਲ ਹੇਠਾਂ ਵੱਲ ਜਾ ਰਿਹਾ ਹੈ। ਸਾਡੇ ਪਿੰਡ 'ਚ ਵੀ ਪਾਣੀ ਦਾ ਪੱਧਰ ਡਿੱਗਿਆ ਹੈ। ਇਸ ਦੇ ਹੱਲ ਲਈ ਵਿਆਇਕ ਵੱਲੋਂ ਪਿੰਡ 'ਚ ਸੂਆ ਕੱਢਿਆ ਜਾ ਰਿਹਾ ਹੈ, ਜਿਸ ਨਾਲ ਪਾਣੀ ਦੀ ਸਮੱਸਿਆ ਦੂਰ ਹੋ ਸਕਦੀ ਹੈ। ਪਿੰਡ 'ਚ ਦੋ ਗੁਰਦੁਆਰਾ ਸਾਹਿਬ ਸਥਾਪਤ ਹਨ ਅਤੇ ਇਕ ਸਮਸ਼ਾਨ ਘਾਟ ਵੀ ਹੈ। ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਰਕਾਰੀ ਸਹੂਲਤਾਂ ਦਾ ਲਾਭ ਪਿੰਡ ਵਾਸੀਆਂ ਨੂੰ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੇ ਲਗਭਗ ਸਾਰੇ ਬਜ਼ੁਰਗਾਂ ਨੂੰ ਬੁਢਾਪਾ ਪੈਨਸ਼ਨ ਮਿਲਦੀ ਹੈ। ਪਿੰਡ 'ਚ ਪਸ਼ੂ ਦੇ ਇਲਾਜ ਲਈ ਕੋਈ ਹਸਪਾਤਲ ਨਹੀਂ ਹੈ। ਲੋਕਾਂ ਨੂੰ ਪ੍ਰਾਈਵੇਟ ਡਾਕਟਰਾਂ ਤੋਂ ਹੀ ਇਨ੍ਹਾਂ ਦਾ ਇਲਾਜ ਕਰਵਾਉਣਾ ਪੈਂਦਾ ਹੈ।

ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ 'ਚ ਕਿਸਾਨਾਂ ਵੱਲੋਂ ਜ਼ਿਆਦਾਤਰ ਸਬਜ਼ੀਆਂ ਉਗਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜਿਵੇਂ ਸਰਕਾਰ ਵੱਲੋਂ ਕਿਹਾ ਜਾਂਦਾ ਹੈ ਕਿ ਪਾਣੀ ਨੂੰ ਬਚਾਉਣ ਲਈ ਬਦਲਵੀਆਂ ਫਸਲਾਂ ਉਗਾਈਆਂ ਜਾਣ। ਸਾਡਾ ਪਿੰਡ ਪਿਛਲੇ 20-25 ਸਾਲ ਤੋਂ ਹੀ ਬਦਲਵੀਆਂ ਫਸਲਾਂ ਉਗਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਮੇਂ-ਸਮੇਂ 'ਤੇ ਪਿੰਡਾਂ 'ਚ ਜਾਗਰੂਕਤਾ ਕੈਂਪ ਲਗਾਏ ਜਾਣ। ਮਿੱਟੀ, ਪੌਣ, ਪਾਣੀ ਦੀ ਜਾਂਚ ਕਰਨ ਮਗਰੋਂ ਕਿਸਾਨਾਂ ਨੂੰ ਦੱਸਿਆ ਜਾਵੇ ਕਿ ਉਹ ਬਗੈਰ ਦਵਾਈਆਂ, ਸਪ੍ਰੇ, ਰਸਾਇਣਕ ਖਾਦਾਂ ਕਿਵੇਂ ਫਸਲਾਂ ਉਗਾ ਸਕਦੇ ਹਨ। ਕਿਸਾਨਾਂ ਨੇ ਮੰਗ ਕੀਤੀ ਕਿ ਕਣਕ, ਚੌਲ ਅਤੇ ਦਾਲਾਂ ਵਾਂਗ ਬਾਕੀ ਸਬਜ਼ੀਆਂ ਦੇ ਵੀ ਮੁੱਲ ਤੈਣ ਕਰਨੇ ਚਾਹੀਦੇ ਹਨ।

ਸਰਪੰਚ ਹਰਮਿੰਦਰ ਸਿੰਘ ਨੇ ਦੱਸਿਆ ਕਿ ਪਿੰਡ 'ਚ ਕੋਈ ਪਾਰਕ ਅਤੇ ਖੇਡ ਮੈਦਾਨ ਨਹੀਂ ਹੈ, ਜੋ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਪਾਰਕ ਅਤੇ ਖੇਡ ਮੈਦਾਨ ਲਈ ਪਿੰਡ ਅੰਦਰ ਦੋ-ਤਿੰਨ ਥਾਵਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਪਿੰਡ ਅੰਦਰ ਪੈਂਦੀ ਸ਼ਾਮਲਾਟ ਜ਼ਮੀਨ ਨੂੰ ਮਨਰੇਗਾ ਅਧੀਨ ਖੇਡ ਮੈਦਾਨ ਲਈ ਤਿਆਰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੇਰਾ ਮੁੱਖ ਉਦੇਸ਼ ਇਹੀ ਹੈ ਕਿ ਪਿੰਡ 'ਚ ਨੌਜਵਾਨਾਂ ਤੇ ਬੱਚਿਆਂ ਦੇ ਖੇਡਣ ਲਈ ਮੈਦਾਨ ਹੋਵੇ। ਨੌਜਵਾਨਾਂ ਨੂੰ ਖੇਡਾਂ ਰਾਹੀਂ ਨਸ਼ਿਆਂ ਆਦਿ ਦੀ ਅਲਾਮਤ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਪਿੰਡ 'ਚ ਸਿੰਥੈਟਿਕ ਨਸ਼ੇ ਦਾ ਸੇਵਨ ਕੋਈ ਨਹੀਂ ਕਰਦਾ। ਹਰਮਿੰਦਰ ਸਿੰਘ ਨੇ ਦੱਸਿਆ ਕਿ ਇਲਾਕੇ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਉਨ੍ਹਾਂ ਨੂੰ ਵਾਅਦਾ ਕੀਤਾ ਹੈ ਕਿ ਪਿੰਡ ਦੇ ਵਿਕਾਸ ਲਈ ਬਣਦੀ ਗ੍ਰਾਂਟ ਛੇਤੀ ਜਾਰੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਨਵੇਂ ਸੰਸਦ ਮੈਂਬਰ ਬੀਬੀ ਪ੍ਰਨੀਤ ਕੌਰ ਤੋਂ ਵੀ ਉਮੀਦ ਪ੍ਰਗਟਾਈ ਕਿ ਉਹ ਵੀ ਪਿੰਡ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇਣਗੇ।