ਜਵਾਨ ਪੁੱਤ ਦਾ ਵਿਛੋੜਾ ਨਹੀਂ ਝੱਲ ਸਕਿਆ ਪਿਓ, ਫੁੱਲ ਚੁਗਣ ਵੇਲੇ ਤੋੜਿਆ ਦਮ 

ਏਜੰਸੀ

ਖ਼ਬਰਾਂ, ਪੰਜਾਬ

ਜ਼ਹਿਰੀਲੇ ਸੱਪ ਦੇ ਡੰਗਣ ਕਾਰਨ ਹੋਈ ਸੀ ਪੁੱਤ ਦੀ ਮੌਤ

RIP

ਬਠਿੰਡਾ : ਜਵਾਨ ਧੀ ਪੁੱਤ ਦੇ ਤੁਰ ਜਾਣ ਤੋਂ ਵੱਡਾ ਕੋਈ ਗਮ ਨਹੀਂ ਹੁੰਦਾ ਤੇ ਇਸ ਦੁੱਖ ਨੂੰ ਸਹਿਣ ਲਈ ਵੱਡਾ ਜਿਗਰਾ ਕਰਨਾ ਪੈਂਦਾ ਹੈ ਪਰ ਕਈ ਵਾਰ ਇਹ ਦੁੱਖ ਮਾਂ-ਪਿਓ ਲਈ ਜਰਨਾ ਬਹੁਤ ਹੀ ਔਖਾ ਹੋ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਬਠਿੰਡਾ ਦੇ ਪਿੰਡ ਬੁਰਜ ਗਿੱਲ ਤੋਂ ਸਾਹਮਣੇ ਆਇਆ ਹੈ ਜਿਥੇ ਪੁੱਤਰ ਦੀ ਮੌਤ ਦਾ ਦੁੱਖ ਨਾ ਝਲਦੇ ਹੋਏ ਪਿਤਾ ਨੇ ਵੀ ਪੁੱਤਰ ਦੇ ਫੁੱਲ ਚੁਗਦੇ ਸਮੇਂ ਦਮ ਤੋੜ ਦਿਤਾ।

ਮ੍ਰਿਤਕ ਵਰਿੰਦਰ ਸਿੰਘ ਮਹਿਜ਼ 20 ਸਾਲ ਦਾ ਸੀ ਅਤੇ ਉਸ ਦੇ ਪਿਤਾ ਦੀ ਉਮਰ 45 ਸਾਲ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਬੁਰਜ ਗਿੱਲ ਦਾ ਨੌਜਵਾਨ ਵਰਿੰਦਰ ਸਿੰਘ ਕਿਸੇ ਕਿਸਾਨ ਦੇ ਖੇਤ ’ਚੋਂ ਜ਼ੀਰੀ ਦੀ ਫੱਕ ਪੁੱਟ ਕੇ ਵਾਪਸ ਘਰ ਆ ਰਿਹਾ ਸੀ ਕਿ ਰਸਤੇ ਵਿਚ ਜ਼ਹਿਰੀਲੇ ਸੱਪ ਦੇ ਡੰਗਣ ਨਾਲ ਬੇਹੋਸ਼ ਹੋ ਗਿਆ। ਜਿਸ ਮਗਰੋਂ ਉਸ ਨੂੰ ਪਰਿਵਾਰ ਵੱਲੋਂ ਇਲਾਜ ਲਈ ਸਿਵਲ ਹਸਪਤਾਲ ਰਾਮਪੁਰਾ ਵਿਖੇ ਲਿਜਾਇਆ ਗਿਆ ਪਰ ਇਲਾਜ਼ ਨਾ ਮਿਲਣ 'ਤੇ ਵਰਿੰਦਰ ਸਿੰਘ ਨੂੰ ਇੱਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।

ਪੂਰੇ ਯਤਨ ਕਰਨ ਦੇ ਬਾਵਜੂਦ ਵੀ ਪਰਿਵਾਰ ਆਪਣੇ ਪੁੱਤਰ ਦੀ ਜਾਨ ਨਹੀਂ ਬਚਾ ਸਕੇ।  ਪਰਿਵਾਰ ਨੇ ਸਿਵਲ ਹਸਪਤਾਲ ਦੇ ਡਾਕਟਰਾਂ ’ਤੇ ਇਲਜ਼ਾਮ ਲਗਾਇਆ ਗਿਆ ਕਿ ਡਾਕਟਰਾਂ ਵੱਲੋਂ ਇਲਾਜ ਸਬੰਧੀ ਦਵਾਈ ਨਾ ਹੋਣ ਦੀ ਗੱਲ ਕਹੀ ਗਈ। ਜਿਸ ਕਾਰਨ ਉਨ੍ਹਾਂ ਨੂੰ ਦੂਜੇ ਹਸਪਤਾਲਾਂ ਵਿਚ ਭੱਜ ਦੌੜ ਕਰਨੀ ਪਈ ਪਰ ਫਿਰ ਵੀ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ।

ਇਸ ਮਾਮਲੇ ਸਬੰਧੀ SMO ਰਾਮਪੁਰਾ ਅੰਜੂ ਕਾਂਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਨੌਜਵਾਨ ਸਿਵਲ ਹਸਪਤਾਲ ਰਾਮਪੁਰਾ ਵਿਖੇ ਇਲਾਜ ਲਈ ਆਇਆ ਸੀ ਅਤੇ ਉਸ ਨੂੰ ਸੱਪ ਕੱਟੇ ਦੀ ਐਂਟੀ ਵੈਨਮ ਦਵਾਈ ਵੀ ਦਿੱਤੀ ਗਈ ਸੀ ਪਰ ਫਿਰ ਵੀ ਮੁੰਡੇ ਦਾ ਪਰਿਵਾਰ ਇਲਾਜ ਤੋਂ ਸੰਤੁਸ਼ਟ ਨਹੀਂ ਹੋਇਆ ਤਾਂ ਉਸ ਨੂੰ ਬਠਿੰਡਾ ਵਿਖੇ ਰੈਫਰ ਕਰ ਦਿੱਤਾ ਗਿਆ।