ਪਤਨੀ ਨੇ ਜ਼ਿੱਦ ਕਰ ਕੇ ਖ਼ਰੀਦੀ ਲਾਟਰੀ ਟਿਕਟ, ਬਣੇ ਕਰੋੜਪਤੀ

ਏਜੰਸੀ

ਖ਼ਬਰਾਂ, ਪੰਜਾਬ

ਲਾਟਰੀ ਦੇ ਪੈਸੇ ਨਾਲ ਚੰਡੀਗੜ੍ਹ 'ਚ ਖਰੀਦਣਗੇ ਮਕਾਨ

Bought ticket on insistence of wife, makes middle-class family crorepati

ਚੰਡੀਗੜ੍ਹ : ਕੀ ਤੁਸੀਂ ਕਦੇ ਸੋਚਿਆ ਕਿ ਕੋਈ ਬਾਜ਼ਾਰ 'ਚੋਂ ਮਕਾਨ ਉਸਾਰੀ ਦਾ ਸਾਮਾਨ ਖਰੀਦਣ ਗਿਆ ਕਿਸਮਤ ਖਰੀਦ ਲਿਆਵੇ। ਹਾਂ, ਕਈ ਵਾਰ ਅਜਿਹਾ ਹੁੰਦਾ ਹੈ। ਖਰੜ ਵਾਸੀ ਜਾਰਜ ਮਸੀਹ ਅਤੇ ਉਸ ਦੀ ਪਤਨੀ ਸੁਮਨ ਪ੍ਰਿਆ ਦੀ ਜ਼ਿੰਦਗੀ ਵਿਚ ਬਿਲਕੁਲ ਅਜਿਹਾ ਹੀ ਹੋਇਆ, ਜੋ ਕਿ ਦੋਵੇਂ ਪੀਜੀਆਈ ਚੰਡੀਗੜ੍ਹ ਵਿਚ ਸੀਨੀਅਰ ਨਰਸਿੰਗ ਅਫਸਰ ਵਜੋਂ ਸੇਵਾ ਨਿਭਾਅ ਰਹੇ ਹਨ।

ਜਾਰਜ ਮਸੀਹ ਨੇ ਦਸਿਆ ਕਿ ਉਹ ਗੁਰਦਾਸਪੁਰ ਜ਼ਿਲ੍ਹੇ ਵਿਚ ਪੈਂਦੇ ਆਪਣੇ ਜੱਦੀ ਪਿੰਡ ਦਰਗਾਬਾਦ ਵਿਖੇ ਮਕਾਨ ਬਣਾ ਰਹੇ ਹਨ ਅਤੇ ਉਹ ਕੁਝ ਨਿਰਮਾਣ ਸਮਗਰੀ ਖਰੀਦਣ ਲਈ ਕੋਟਲੀ ਸੂਰਤ ਮੱਲੀ ਗਏ ਸਨ। ਉਥੇ ਇਕ ਹਾਕਰ ਆਇਆ, ਜੋ ਪੰਜਾਬ ਰਾਜ ਸਾਵਣ ਬੰਪਰ -2019 ਦੀਆਂ ਟਿਕਟਾਂ ਵੇਚ ਰਿਹਾ ਸੀ। ਆਪਣੀ ਪਤਨੀ ਦੀ ਜ਼ਿੱਦ ਅਤੇ ਹਾਕਰ ਦੇ ਵਾਰ ਵਾਰ ਬੇਨਤੀ ਕਰਨ 'ਤੇ ਉਸ ਨੇ ਦੋ ਟਿਕਟਾਂ ਖਰੀਦ ਲਈਆਂ। ਉਸ ਨੇ ਇਹ ਟਿਕਟਾਂ ਆਪਣੀ ਪਤਨੀ ਨੂੰ ਦੇ ਦਿੱਤੀਆਂ। ਅਖੀਰ ਕਿਸਮਤ ਚਮਕੀ ਅਤੇ ਸੁਮਨ ਪ੍ਰਿਆ ਨੂੰ ਡੇਢ ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲ ਆਇਆ।

ਜਾਰਜ ਮਸੀਹ ਨੇ ਦਸਿਆ ਕਿ ਆਮ ਤੌਰ 'ਤੇ ਉਹ ਆਪਣੇ ਚੰਡੀਗੜ੍ਹ ਰਹਿੰਦੇ ਦੋਸਤਾਂ ਅਤੇ ਪੀਜੀਆਈ ਵਿਚ ਆਪਣੇ ਸੀਨੀਅਰ ਅਧਿਕਾਰੀਆਂ ਲਈ ਲਾਟਰੀ ਦੀਆਂ ਟਿਕਟਾਂ ਖਰੀਦਦਾ ਹੁੰਦਾ ਸੀ ਕਿਉਂਕਿ ਉਥੇ ਲਾਟਰੀ 'ਤੇ ਪਾਬੰਦੀ ਹੈ। ਪਰ ਉਸ ਨੇ ਆਪਣੇ ਲਈ ਕਦੇ ਵੀ ਲਾਟਰੀ ਦੀ ਟਿਕਟ ਨਹੀਂ ਖਰੀਦੀ ਸੀ।

ਭਵਿੱਖ ਬਾਰੇ ਗੱਲ ਕਰਦਿਆਂ ਇਸ ਖ਼ੁਸ਼ਨਸੀਬ ਜੋੜੇ ਨੇ ਕਿਹਾ ਕਿ ਉਹ ਟ੍ਰਾਈਸਿਟੀ ਦੀਆਂ ਭੀੜ ਭੜੱਕੇ ਵਾਲੀਆਂ ਸੜਕਾਂ 'ਤੇ ਲੱਗਦੇ ਜਾਮ ਤੋਂ ਤੰਗ ਆ ਚੁੱਕੇ ਹਨ ਕਿਉਂਕਿ ਨੌਕਰੀ 'ਤੇ ਸਮੇਂ ਸਿਰ ਪਹੁੰਚਣ ਲਈ ਉਨ੍ਹਾਂ ਨੂੰ ਰੋਜ਼ਾਨਾ ਜੂਝਣਾ ਪੈਂਦਾ ਹੈ। ਇਸ ਲਈ ਉਹ ਸਭ ਤੋਂ ਪਹਿਲਾਂ ਇਨਾਮੀ ਰਾਸ਼ੀ ਨਾਲ ਪੀਜੀਆਈ ਨੇੜੇ ਇਕ ਵਧੀਆ ਮਕਾਨ ਖਰੀਦਣਗੇ। ਦੱਸਣਯੋਗ ਹੈ ਕਿ ਇਸ ਸਮੇਂ ਇਹ ਜੋੜਾ ਖਰੜ ਦੇ ਮਾਤਾ ਗੁਜਰੀ ਐਨਕਲੇਵ ਵਿਚ ਰਹਿ ਰਿਹਾ ਹੈ। ਉਨ੍ਹਾਂ ਦਸਿਆ ਕਿ ਉਹ ਬਾਕੀ ਬਚੀ ਰਕਮ ਆਪਣੇ ਦੋ ਪੁੱਤਰਾਂ ਦੀ ਉਚੇਰੀ ਪੜ੍ਹਾਈ ਲਈ ਬਚਾਅ ਕੇ ਰੱਖਣਗੇ।

Related Stories