ਭਲਕ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮਿਲਣਗੇ ਮੁਫ਼ਤ ਸਮਾਰਟ ਫ਼ੋਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੰਤਰਰਾਸ਼ਟਰੀ ਯੂਥ ਦਿਵਸ 'ਤੇ ਹੋ ਰਹੀ ਹੈ ਸ਼ੁਰੂਆਤ, ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਮਿਲੇਗਾ ਲਾਭ

Captain Amrinder Singh

ਚੰਡੀਗੜ੍ਹ, 10 ਅਗੱਸਤ (ਗੁਰਉਪਦੇਸ਼ ਭੁੱਲਰ): ਆਖ਼ਰ ਲੰਬੇ ਸਮੇਂ ਦੇ ਰੌਲੇ ਰੱਪੇ ਤੋਂ ਬਾਅਦ 12 ਅਗੱਸਤ ਤੋਂ ਕੈਪਟਨ ਸਰਕਾਰ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਮਾਰਟ ਫ਼ੋਨ ਵੰਡਣ ਦਾ ਕੰਮ ਸ਼ੁਰੂ ਕਰਨ ਜਾ ਰਹੀ ਹੈ।

ਇਸ ਦਾ ਐਲਾਨ ਪਹਿਲਾਂ ਵੀ ਕਈ ਵਾਰ ਭਾਵੇਂ ਕੀਤਾ ਗਿਆ ਸੀ ਪਰ ਕੁੱਝ ਰੁਕਾਵਟਾਂ ਕਾਰਨ ਇਨ੍ਹਾਂ ਵਿਚ ਦੇਰੀ ਹੁੰਦੀ ਗਈ। ਪਿਛਲੇ ਦਿਨੀਂ ਸਪਤਾਹਿਕ ਫੇਸਬੁੱਕ ਪ੍ਰੋਗਰਾਮ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਸਿਆ ਕਿ 50 ਹਜ਼ਾਰ ਸਮਾਰਟ ਫ਼ੋਨਾਂ ਦੀ ਪਹਿਲੀ ਖੇਪ ਪ੍ਰਾਪਤ ਹੋ ਚੁਕੀ ਹੈ

ਜਿਸ ਦੀ ਛੇਤੀ ਵੰਡ ਸ਼ੁਰੂ ਹੋਵੇਗੀ। ਹੁਣ 12 ਅਗੱਸਤ ਨੂੰ ਅੰਤਰਰਾਸ਼ਟਰੀ ਯੂਥ ਦਿਵਸ ਮੌਕੇ ਸਰਕਾਰ ਸਿਖਿਆ ਵਿਭਾਗ ਰਾਹੀਂ ਫ਼ੋਨ ਵੰਡਣ ਦਾ ਕੰਮ ਸ਼ੁਰੂ ਕਰ ਰਿਹਾ ਹੈ।

ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਇਸ ਬਾਰੇ ਬਕਾਇਦਾ ਜ਼ਿਲ੍ਹਾ ਅਧਿਕਾਰੀਆਂ ਨੂੰ ਪੱਤਰ ਜਾਰੀ ਕਰ ਕੇ ਸਾਦੇ ਪ੍ਰੋਗਰਾਮਾਂ ਵਿਚ 12 ਅਗੱਸਤ ਤੋਂ ਜ਼ਿਲ੍ਹਾ ਵਾਰ ਫ਼ੋਨ ਵੰਡਣ ਦਾ ਕੰਮ ਸ਼ੁਰੂ ਕਰਨ ਦੀ ਹਦਾਇਤ ਦਿਤੀ ਹੈ।

ਇਹ ਫ਼ੋਨ ਇਸ ਸਮੇਂ ਸਰਕਾਰੀ ਸਕੂਲਾਂ ਵਿਚ 12ਵੀਂ ਜਮਾਤ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਮਿਲਣਗੇ। ਇਸ ਨਾਲ ਗ਼ਰੀਬ ਵਰਗ ਦੇ ਬੱਚਿਆਂ ਨੂੰ ਕਾਫ਼ੀ ਲਾਭ ਮਿਲੇਗਾ

ਜੋ ਤਾਲਾਬੰਦੀ ਦੀਆਂ ਪਾਬੰਦੀਆਂ ਦੇ ਚਲਦੇ ਆਨਲਾਈਨ ਸਿਖਿਆ ਲੈਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸਨ। ਸਮਾਰਟ ਫ਼ੋਨ ਵੰਡਣ ਦੀ ਸਕੀਮ ਦੀ ਸ਼ੁਰੂਆਤ ਮੁੱਖ ਮੰਤਰੀ ਖ਼ੁਦ ਕਰਨਗੇ, ਜਿਸ ਲਈ ਪੰਜਾਬ ਤੇ ਚੰਡੀਗੜ੍ਹ 'ਚ 26 ਥਾਵਾਂ ਦੀ ਚੋਣ ਕੀਤੀ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।