ਸੰਮਤੀ ਚੋਣਾਂ 'ਚ ਧੱਕੇਸ਼ਾਹੀਆਂ ਵਿਰੁੱਧ ਰਾਜ ਚੋਣ ਕਮਿਸ਼ਨ ਨੂੰ ਮਿਲਿਆ 'ਆਪ' ਵਫ਼ਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬਾ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ

AAP Leaders

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬਾ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ 'ਆਪ' ਦੇ ਵਫ਼ਦ ਨੇ ਅੱਜ ਰਾਜ ਚੋਣ ਕਮਿਸ਼ਨ ਜਗਪਾਲ ਸਿੰਘ ਸੰਧੂ ਨੂੰ ਸੂਬੇ 'ਚ ਅਮਨ-ਕਾਨੂੰਨ ਦੀ ਬਿਲਕੁਲ ਨਿੱਘਰ ਚੁੱਕੀ ਸਥਿਤੀ ਬਾਰੇ ਜਾਣੂ ਕਰਵਾਉਂਦੇ ਹਨ, ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਕੇਂਦਰੀ ਸੁਰੱਖਿਆ ਬਲਾਂ ਦੀ ਨਿਗਰਾਨੀ ਹੇਠ ਕਰਵਾਉਣ ਦੀ ਮੰਗ ਕੀਤੀ।

ਇਸ ਦੇ ਨਾਲ ਹੀ ਸਮੁੱਚੀ ਸਰਕਾਰੀ ਮਸ਼ੀਨਰੀ ਉੱਤੇ ਸੱਤਾਧਾਰੀ ਕਾਂਗਰਸ ਦੇ ਜ਼ਬਰਦਸਤ ਦਬਾਅ ਹੇਠ ਕੰਮ ਕਰਨ ਦਾ ਦੋਸ਼ ਲਗਾਉਂਦੇ ਹੋਏ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਵੱਡੀ ਗਿਣਤੀ 'ਚ ਉਮੀਦਵਾਰ ਦੀਆਂ ਨਾਮਜ਼ਦਗੀਆਂ ਰੱਦ ਦੀ ਜਾਣਕਾਰੀ ਦਿੱਤੀ। ਰਾਜ ਚੋਣ ਕਮਿਸ਼ਨ ਨਾਲ ਮੁਲਾਕਾਤ ਉਪਰੰਤ ਮੈਮੋਰੰਡਮ ਦੀਆਂ ਕਾਪੀਆਂ ਪੇਸ਼ ਕਰਦੇ ਹੋਏ ਹਰਪਾਲ ਸਿੰਘ ਚੀਮਾ ਅਤੇ ਡਾ. ਬਲਬੀਰ ਸਿੰਘ ਨੇ ਕਿਹਾ ਕਿ 'ਆਪ' ਦੇ ਉਮੀਦਵਾਰਾਂ ਤੋਂ ਬੌਖਲਾਹਟ 'ਚ ਆਈ ਸੱਤਾਧਾਰੀ ਕਾਂਗਰਸ 'ਆਪ' ਦੇ ਉਮੀਦਵਾਰਾਂ ਨੂੰ ਧਮਕੀਆਂ ਹੀ ਨਹੀਂ ਕਤਲ ਕਰਨ ਤੱਕ ਜਾ ਪਹੁੰਚੀ ਹੈ।

ਉਨ੍ਹਾਂ ਬਠਿੰਡਾ ਦੇ ਗਿੱਲ ਕਲਾਂ ਤੋਂ ਪਾਰਟੀ ਉਮੀਦਵਾਰ ਹਰਵਿੰਦਰ ਸਿੰਘ ਹਿੰਦਾ ਦੀ ਬੇਰਹਿਮੀ ਨਾਲ ਹੋਈ ਹੱਤਿਆ ਦਾ ਹਵਾਲਾ ਦਿੱਤਾ। ਉਨ੍ਹਾਂ ਬਾਘਾ ਪੁਰਾਣਾ, ਸੁਨਾਮ, ਨੌਸ਼ਹਿਰਾ ਪੰਨੂਆਂ ਸਮੇਤ ਦਰਜਨਾਂ ਥਾਵਾਂ 'ਤੇ ਕਾਂਗਰਸੀ ਆਗੂਆਂ ਵੱਲੋਂ ਕੀਤੀਆਂ ਧੱਕੇਸ਼ਾਹੀਆਂ ਅਤੇ ਜ਼ੋਰ ਜ਼ਬਰਦਸਤੀ ਨਾਲ ਕਾਗ਼ਜ਼ ਨਾ ਦਖ਼ਲ ਕਰਨ ਦੇਣ ਜਾ ਦਖ਼ਲ ਕੀਤੇ ਕਾਗ਼ਜ਼ਾਂ ਨੂੰ ਬਿਨਾ ਕਾਰਨ ਰੱਦ ਕੀਤੇ ਜਾਣ ਬਾਰੇ ਜਾਣਕਾਰੀਆਂ ਦਿੱਤੀਆਂ। '

ਆਪ' ਆਗੂਆਂ ਨੇ ਸਪਸ਼ਟ ਸ਼ਬਦਾਂ 'ਚ ਕਿਹਾ ਕਿ ਇਸ ਸਮੇਂ ਸੂਬੇ ਦੇ ਹਾਲਤ 1991 ਦੀ ਆਮ ਚੋਣ ਤੋਂ ਪਹਿਲਾਂ ਵਰਗੇ ਹਨ। ਕਾਨੂੰਨ ਵਿਵਸਥਾ ਨਾਮ ਦੀ ਕੋਈ ਚੀਜ਼ ਨਹੀਂ ਹੈ। ਇਸ ਲਈ ਕੇਂਦਰੀ ਸੁਰੱਖਿਆ ਬਲਾਂ ਦੀ ਤੈਨਾਤੀ ਬੇਹੱਦ ਜ਼ਰੂਰੀ ਹੈ। ਅਮਨ-ਕਾਨੂੰਨ ਦੀ ਬਦਤਰ ਹਾਲਤ ਕਰ ਕੇ ਕਾਂਗਰਸ ਚੋਣਾਂ ਹਾਈ ਜੈੱਕ ਅਤੇ ਲੁੱਟਣਾ ਚਾਹ ਰਹੀ ਹੈ। ਇਸ ਲਈ ਚੋਣ ਕਮਿਸ਼ਨ ਦਫ਼ਤਰ ਬਿਨਾ ਦੇਰੀ ਸਖ਼ਤ ਕਦਮ ਚੁੱਕੇ ਅਤੇ ਲੋਕਤੰਤਰ ਦੀ ਸ਼ਰੇਆਮ ਕੀਤੀ ਜਾ ਰਹੀ ਹੱਤਿਆ ਨੂੰ ਰੋਕੇ।

ਡਾ. ਬਲਬੀਰ ਸਿੰਘ ਅਤੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਰਾਜ ਚੋਣ ਕਮਿਸ਼ਨ ਜਗਪਾਲ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਨਿਰਪੱਖ ਅਤੇ ਬਗੈਰ ਡਰ ਭੈਅ ਦੇ ਚੋਣ ਕਰਾਉਣ ਲਈ ਪੰਜਾਬ ਨੂੰ ਚਾਕਚੋਬੰਦ ਸੁਰੱਖਿਆ ਯਕੀਨੀ ਬਣਾਉਣ ਲਈ ਲਿਖਿਆ ਹੋਇਆ ਹੈ। ਚੀਮਾ ਅਤੇ ਡਾ. ਬਲਬੀਰ ਸਿੰਘ ਨੇ ਨਾਲ ਹੀ ਕਿਹਾ ਕਿ ਜਗਪਾਲ ਸਿੰਘ ਸੰਧੂ ਕਾਂਗਰਸੀਆਂ ਦੀ ਧੱਕੇਸ਼ਾਹੀਆਂ ਅੱਗੇ ਪੂਰੀ ਤਰ੍ਹਾਂ ਬੇਬਸ ਨਜ਼ਰ ਆਏ। 'ਆਪ' ਆਗੂਆਂ ਨੇ ਜਗਪਾਲ ਸਿੰਘ ਸੰਧੂ ਨੂੰ ਵਿਅੰਗ ਦੇ ਰੂਪ 'ਚ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਉਹ ਅਮਨ-ਕਾਨੂੰਨ ਦੀ ਅਜਿਹੀ ਬਦਤਰ ਸਥਿਤੀ 'ਚ ਪੰਜਾਬ ਪੁਲਸ ਦੀ ਸੁਰੱਖਿਆ ਹੇਠ ਅਤੇ ਕਾਂਗਰਸ ਦੇ ਦਬਾਅ ਥੱਲੇ ਚੋਣਾਂ ਕਰਵਾਉਣਾ ਚਾਹੁੰਦੇ ਹਨ ਤਾਂ ਕਿਉਂ ਨਾ ਚੋਣਾਂ ਰੱਦ ਕਰ ਕੇ ਕਾਂਗਰਸੀ ਨੂੰ ਮਨਮਰਜ਼ੀ ਲਈ ਸਿੱਧਾ ਹੀ ਮੈਂਬਰ ਨਾਮਜ਼ਦ ਕਰਨ ਦੀ ਇਜਾਜ਼ਤ ਦੇ ਦਿੱਤਾ ਜਾਵੇ। '

ਆਪ' ਆਗੂਆਂ ਨੇ ਰਾਜ ਚੋਣ ਕਮਿਸ਼ਨ 'ਤੇ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਨਿਭਾਉਣ 'ਚ ਪੂਰੀ ਤਰ੍ਹਾਂ ਫ਼ੇਲ੍ਹ ਰਹਿਣ ਦਾ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਅਜੇ ਤੱਕ ਹਿੰਦਾ ਦਾ ਕਾਤਲਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਪਿਛਲੀ 7 ਸਤੰਬਰ ਨੂੰ ਦਿੱਤੇ ਗਏ  ਮੈਮੋਰੰਡਮ ਬਾਰੇ ਯਾਦ ਕਰਾਉਂਦੇ ਹੋਏ 'ਆਪ' ਵਫ਼ਦ ਨੇ ਜਗਪਾਲ ਸਿੰਘ ਸੰਧੂ ਨੂੰ ਕਿਹਾ ਕਿ ਉਹ ਇੱਕ ਵੀ ਮਾਮਲੇ ਦੀ ਪੈਰਵੀ ਕਰਨ ਤੇ ਇਨਸਾਫ਼ ਕਰਨ 'ਚ ਅਸਫਲ ਸਾਬਤ ਹੋਏ ਹਨ। ਵਫ਼ਦ 'ਚ ਲੀਗਲ ਸੈੱਲ ਦੇ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ, ਸਹਿ ਪ੍ਰਧਾਨ ਜਸਤੇਜ ਸਿੰਘ ਅਰੋੜਾ, ਸੂਬਾ ਖ਼ਜ਼ਾਨਚੀ ਸੁਖਵਿੰਦਰ ਸੁੱਖੀ, ਦੋਆਬਾ ਜ਼ੋਨ ਦੇ ਪ੍ਰਧਾਨ ਡਾ. ਰਵਜੋਤ ਸਿੰਘ, ਸੂਬਾ ਜਨਰਲ ਸਕੱਤਰ ਅਤੇ ਵਿੱਤ ਕਮੇਟੀ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਅਤੇ ਸਟੇਟ ਮੀਡੀਆ ਇੰਚਾਰਜ ਮਨਜੀਤ ਸਿੱਧੂ ਸ਼ਾਮਲ ਸਨ।