ਬਾਗ਼ੀ ਅਕਾਲੀ ਆਗੂ ਇਕਬਾਲ ਸਿੰਘ ਸੰਧੂ ਨੇ ਕੀਤੀ ਭਰਵੀਂ ਰੈਲੀ, ਬ੍ਰਹਮਪੁਰਾ ਨੂੰ ਲਾਏ ਰਗੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਸਮੇਂ ਯੂਥ ਅਕਾਲੀ ਦਲ ਦੇ ਸਿਰਮੌਰ ਆਗੂ ਅਤੇ ਐਸ.ਐਸ. ਬੋਰਡ ਦੇ ਮੈਂਬਰ ਰਹਿ ਚੁਕੇ ਸ. ਇਕਬਾਲ ਸਿੰਘ ਸੰਧੂ

Akali leader Iqabal Singh's rally

ਸ.ਸ.ਸ, 11 ਨਵੰਬਰ, ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਸਮੇਂ ਯੂਥ ਅਕਾਲੀ ਦਲ ਦੇ ਸਿਰਮੌਰ ਆਗੂ ਅਤੇ ਐਸ.ਐਸ. ਬੋਰਡ ਦੇ ਮੈਂਬਰ ਰਹਿ ਚੁਕੇ ਸ. ਇਕਬਾਲ ਸਿੰਘ ਸੰਧੂ ਨੇ ਅੱਜ ਨਜ਼ਦੀਕੀ ਪਿੰਡ ਪਿੱਦੀ ਵਿਖੇ ਫ਼ਤਿਹ ਦਿਵਸ ਦੇ ਬੈਨਰ ਹੇਠ ਹਜ਼ਾਰਾਂ ਦੀ ਗਿਣਤੀ ਵਿਚ ਇਕੱਠ ਕਰ ਕੇ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਪਾਈ ਭਾਜੀ ਮੋੜਦਿਆਂ ਬ੍ਰਹਮਪੁਰਾ ਨੂੰ ਰੱਜ ਕੇ ਰਗੜੇ ਲਾਏ ਅਤੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿਚ ਅਪਣੀ ਤਾਕਤ ਦਾ ਜੰਮ ਕੇ ਮੁਜ਼ਾਹਰਾ ਕੀਤਾ।

ਇਕੱਠ ਨੂੰ ਸੰਬੋਧਨ ਕਰਦਿਆਂ ਸ. ਇਕਬਾਲ ਸਿੰਘ ਸੰਧੂ ਨੇ ਕਿਹਾ ਕਿ ਜਥੇਦਾਰ ਬ੍ਰਹਮਪੁਰਾ ਸਮੇਤ ਉਨ੍ਹਾਂ ਦੇ ਪਰਵਾਰ ਦੇ ਕਿਸੇ ਵੀ ਮੈਂਬਰ ਨੂੰ ਜਪੁਜੀ ਸਾਹਿਬ ਦਾ ਪਾਠ ਵੀ ਯਾਦ ਨਹੀਂ ਹੈ। ਪਰ ਹੁਣ ਬ੍ਰਹਮਪੁਰਾ ਅਪਣੇ ਆਪ ਨੂੰ ਹੀਰੋ ਵਜੋਂ ਪੇਸ਼ ਕਰਨ ਵਾਸਤੇ  ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਤੇ ਮਗਰਮੱਛ ਦੇ ਹੰਝੂ ਵਹਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਵਿਚ ਬ੍ਰਹਮਪੁਰਾ ਦੇ ਪਰਵਾਰ ਨੇ 12 ਚੇਅਰਮੈਨੀਆਂ 'ਤੇ ਕਬਜ਼ੇ ਕਰ ਰੱਖੇ ਸਨ। ਉਨ੍ਹਾਂ ਠੋਕ ਕੇ ਕਿਹਾ ਕਿ ਪੰਜਾਬ ਵਿਚ ਸੱਭ ਤੋਂ ਪਹਿਲਾਂ ਭ੍ਰਿਸ਼ਟਾਚਾਰ ਕਰਨ ਵਾਲੇ ਸਿਆਸੀ ਆਗੂ ਦਾ ਸਿਹਰਾ ਵੀ ਬ੍ਰਹਮਪੁਰਾ ਸਿਰ ਹੀ ਜਾਂਦਾ ਹੈ

ਅਤੇ ਹਲਕਾ ਖਡੂਰ ਸਾਹਿਬ ਦੀ ਪਿਛਲੀ ਜ਼ਿਮਨੀ ਚੋਣ ਸਮੇਂ ਬ੍ਰਹਮਪੁਰਾ ਨੇ ਕਥਿਤ ਤੌਰ 'ਤੇ ਅਪਣੇ ਨਸ਼ਈ ਪੁੱਤਰ ਨੂੰ ਉਸ ਸਮੇਂ ਵਿਧਾਇਕ ਬਣਾਉਣ ਵਿਚ ਸਫ਼ਲਤਾ ਹਾਸਲ ਕੀਤੀ ਜਦੋਂ ਕਾਂਗਰਸ ਨੇ ਜ਼ਿਮਨੀ ਚੋਣ ਦਾ ਬਾਈਕਾਟ ਕਰ ਕੇ ਮੈਦਾਨ ਖੁੱਲ੍ਹਾ ਛੱਡ ਦਿਤਾ ਸੀ। ਪਰ ਮੌਜੂਦਾ ਵਿਧਾਨ ਸਭਾ ਚੋਣਾਂ ਵਿਚ ਹਲਕੇ ਦੇ ਲੋਕਾਂ ਨੇ ਬ੍ਰਹਮਪੁਰਾ ਪਰਵਾਰ ਨੂੰ ਮਾਂ ਦਾ ਦੁਧ ਯਾਦ ਕਰਵਾ ਦਿਤਾ।

ਦੂਸਰੇ ਪਾਸੇ ਸਿਆਸੀ ਪੰਡਤਾਂ ਅਨੁਸਾਰ ਸ. ਇਕਬਾਲ ਸਿੰਘ ਸੰਧੂ ਵਲੋਂ ਫ਼ਤਿਹ ਗਰੁਪ ਦੇ ਬੈਨਰ ਹੇਠ ਕੀਤੀ ਗਈ ਅੱਜ ਦੀ ਰੈਲੀ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਥਾਪੜਾ ਪ੍ਰਾਪਤ ਦਸਿਆ ਜਾ ਰਿਹਾ ਹੈ ਕਿਉਂਕਿ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਅਕਾਲੀ ਦਲ ਨੂੰ ਅਲਵਿਦਾ ਕਹਿਣ, ਪਾਰਟੀ ਦੀ ਆਲੋਚਨਾ ਕਰਨ ਅਤੇ ਬਾਗ਼ੀ ਹੋ ਕੇ ਰੈਲੀਆਂ ਕਰਨ ਦੇ ਮੱਦੇਨਜ਼ਰ ਹੁਣ ਅਕਾਲੀ ਦਲ ਕਦੇ ਵੀ ਕਿਸੇ ਸਮੇਂ ਇਕਬਾਲ ਸਿੰਘ ਸੰਧੂ ਦੇ ਗਲ ਵਿਚ ਸਿਰੋਪਾਉ ਪਾ ਸਕਦਾ ਹੈ। ਇਸ ਕਰ ਕੇ ਹੀ ਅੱਜ ਦੀ ਰੈਲੀ ਵਿਚ ਇਕਬਾਲ ਸਿੰਘ ਸੰਧੂ ਨੇ ਅਕਾਲੀ ਦਲ ਬਾਦਲ ਵਿਰੁਧ ਇਕ ਵੀ ਸ਼ਬਦ ਨਹੀਂ ਬੋਲਿਆ।