ਅਕਾਲੀ ਦਲ 'ਤੇ ਦੋ ਦਹਾਕਿਆਂ ਤੱਕ ਰਾਜ ਕਰਨ ਵਾਲੇ ਵੱਡੇ ਬਾਦਲ ਨੂੰ 'ਅਪਣਿਆਂ' ਨੇ ਹਰਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਟੌਹੜਾ ਸਮੇਤ ਕਈ ਵੱਡੇ ਧੁਰੰਦਰ ਚਿੱਤ ਕੀਤੇ ਪਰ ਪੁੱਤਰ ਮੋਹ ਅੱਗੇ ਢੇਰੀ ਢਾਹੀ

Parkash Singh Badal

ਚੰਡੀਗੜ੍ਹ : ਅਕਾਲੀ ਦਲ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੀ ਦੋ ਦਹਾਕਿਆਂ ਤੋਂ ਤੂਤੀ ਬੋਲਦੀ ਰਹੀ ਹੈ ਪਰ 1999 ਤੋਂ ਬਾਅਦ ਸੱਭ ਤੋਂ ਵੱਡੀ ਚੁਣੌਤੀ ਟਕਸਾਲੀ ਬਾਗ਼ੀ ਆਗੂਆਂ ਦੇ ਰੂਪ ਵਿਚ ਸਾਹਮਣੇ ਆ ਖੜੀ ਹੈ। ਉਨੀ ਸਾਲਾਂ ਤਕ ਬਾਦਲ ਨੇ ਅਕਾਲੀ ਦਲ ਦੇ ਪ੍ਰਧਾਨ ਅਤੇ ਡੇਢ ਦਹਾਕੇ ਲਈ ਮੁੱਖ ਮੰਤਰੀ ਦੇ ਤੌਰ 'ਤੇ ਪੰਜਾਬੀਆਂ 'ਤੇ ਹਕੂਮਤ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦਾ ਕਥਿਤ ਕਬਜ਼ਾ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੋਂ ਲੈ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਸਮੇਤ ਪਾਰਟੀ 'ਤੇ ਪੂਰੀ ਤਰ੍ਹਾਂ ਰਿਹਾ ਹੈ।

ਇਹੋ ਕਾਰਨ ਹੈ ਕਿ ਪਿਛਲੇ ਦੋ ਦਹਾਕਿਆਂ ਦੌਰਾਨ ਕੋਈ ਵੀ ਟਕਸਾਲੀ ਆਗੂ ਚਾਹ ਕੇ ਵੀ ਸਿਰ ਚੁੱਕਣ ਦਾ ਹੌਸਲਾ ਨਹੀਂ ਕਰ ਸਕਿਆ। ਦਲ ਦੇ ਤਿੰਨ ਟਕਸਾਲੀ ਨੇਤਾਵਾਂ ਜਥੇਦਾਰ ਗੁਰਚਰਨ ਸਿੰਘ ਟੌਹੜਾ, ਜਥੇਦਾਰ ਜਗਦੇਵ ਸਿੰਘ ਤਲਵੰਡੀ ਜਾਂ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਕੱਦ ਭੋਰਾ ਕੁ ਉਪਰ ਉਠਦਿਆਂ ਹੀ ਚਿਤ ਕਰ ਕੇ ਰੱਖ ਦਿਤੇ ਜਾਂਦੇ ਰਹੇ ਹਨ। ਪੰਥਕ ਸਿਆਸਤ ਵਿਚ ਹੁਣ ਤਕ ਦੇ ਬਾਦਲ, ਟੌਹੜਾ, ਤਲਵੰਡੀ ਤੇ ਲੌਂਗੋਵਾਲ ਸੱਭ ਤੋਂ ਕਦਵਾਰ ਨੇਤਾ ਮੰਨੇ ਗਏ ਹਨ।
ਪ੍ਰਕਾਸ਼ ਸਿੰਘ ਬਾਦਲ ਨੇ 1996 ਤਕ ਸਾਰਿਆਂ ਨੂੰ ਪਿਛੇ ਛੱਡ ਕੇ ਅਕਾਲੀ ਦਲ 'ਤੇ ਅਪਣਾ ਦਬਦਬਾ ਕਾਇਮ ਕਰ ਲਿਆ ਸੀ

ਪਰ ਉਦੋਂ ਤਕ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਉਨ੍ਹਾਂ ਦਾ ਸਾਥ ਦਿਤਾ ਸੀ। ਜਥੇਦਾਰ ਟੌਹੜਾ ਹੇਠਾਂ ਤੋਂ ਉਠ ਕੇ ਉਪਰ ਆਏ ਨੇਤਾ ਸਨ। ਸ. ਬਾਦਲ ਨੇ 1996 ਵਿਚ ਟੌਹੜਾ ਦੇ ਵਧਦੇ ਕੱਦ ਨੂੰ ਠੱਪਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਲਾਂਭੇ ਕਰ ਦਿਤਾ ਸੀ। ਉਹ ਸੱਭ ਤੋਂ ਲੰਮਾ ਸਮਾਂ 25 ਸਾਲਾਂ ਤੋਂ ਜ਼ਿਆਦਾ ਸਮੇਂ ਲਈ ਕਮੇਟੀ ਦੇ ਪ੍ਰਧਾਨ ਰਹੇ ਹਨ। ਉਸ ਵੇਲੇ ਪੰਜਾਬ ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ।

ਜਥੇਦਾਰ ਟੌਹੜਾ ਨੂੰ ਹਟਾਉਣ ਦੇ ਰੋਸ ਵਜੋਂ ਉਨ੍ਹਾਂ ਦੇ ਹਮਾਇਤੀ ਮੰਨੇ ਜਾਂਦੇ ਮੰਤਰੀਆਂ ਨੇ 13 ਦਸੰਬਰ 1998 ਨੂੰ ਬਗ਼ਾਵਤ ਕਰ ਕੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਸੀ। ਇਨ੍ਹਾਂ ਵਿਚ ਮਨਜੀਤ ਸਿੰਘ ਕਲਕੱਤਾ, ਇੰਦਰਜੀਤ ਸਿੰਘ ਜ਼ੀਰਾ, ਹਰਮੇਲ ਸਿੰਘ ਟੌਹੜਾ, ਸੁਰਜੀਤ ਸਿੰਘ ਕੋਹਲੀ ਤੇ ਰਮੇਸ਼ ਇੰਦਰ ਸਿੰਗਲਾ ਦੇ ਨਾਂ ਸ਼ਾਮਲ ਹਨ। ਸਾਲ 2002 ਦੀਆਂ ਚੋਣਾਂ ਵਿਚ ਟੌਹੜਾ ਧੜੇ ਨੇ ਬਾਦਲ ਦੇ ਵਿਰੁਧ ਚੋਣ ਲੜੀ ਪਰ ਦੋਵਾਂ ਦੇ ਅੱਡ ਹੋਣ ਕਰ ਕੇ ਕਾਂਗਰਸ ਸਰਕਾਰ ਬਣਾਉਣ ਵਿਚ ਕਾਮਯਾਬ ਹੋ ਗਈ ਸੀ। ਉਸ ਤੋਂ ਬਾਦਲ ਲਈ ਸ਼੍ਰੋਮਣੀ ਕਮੇਟੀ 'ਤੇ ਹੋਰ ਵੀ ਚੰਗੀ ਤਰ੍ਹਾਂ ਕਾਬਜ਼ ਹੋਣ ਲਈ ਰਾਹ ਦੇ ਰੋੜੇ ਲਾਂਭੇ ਹੋ ਗਏ।

ਇਸ ਦੌਰਾਨ ਮਰਹੂਮ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੇ ਬਾਗ਼ੀ ਹੋ ਕੇ ਡੈਮੋਕ੍ਰੈਟਿਕ ਅਕਾਲੀ ਦਲ ਖੜਾ ਕਰ ਲਿਆ ਸੀ ਪਰ ਜਲਦ ਹੀ ਇਸ ਨੂੰ ਬਾਦਲ ਦਲ 'ਚ ਰਲੇਵਾਂ ਕਰਨਾ ਪਿਆ। ਅੱਧੀ ਦਰਜਨ ਹੋਰ ਅਕਾਲ ਦਲ ਹੋਂਦ 'ਚ ਆਉਂਦੇ ਗਏ ਪਰ ਕਿਸੇ ਨੂੰ ਵੀ ਇਕ ਨਾ ਦੂਜੇ ਬਹਾਨੇ ਠਿੱਬੀ ਲਾ ਕੇ ਮੂਧੇ ਮੂੰਹ ਡੇਗਿਆ ਜਾਂਦਾ ਰਿਹਾ ਹੈ। ਦੋ ਦਹਾਕੇ ਅਜਿੱਤ ਹੋ ਕੇ ਨਿਕਲਦੇ ਬਾਦਲ ਨੂੰ ਉਹਦੇ ਦੋ 'ਅਪਣਿਆ' ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਨੇ ਹੇਠਾਂ ਲਾ ਦਿਤਾ ਹੈ ਅਤੇ ਦੋਵਾਂ ਦੀਆਂ ਮਨਮਾਨੀਆਂ ਕਰ ਕੇ ਪਾਰਟੀ ਅੰਦਰ ਸੱਭ ਤੋਂ ਵੱਡੀ ਬਗ਼ਾਵਤ ਦਾ ਮੂੰਹ ਦੇਖਣਾ ਪਿਆ ਹੈ।

ਅਕਾਲੀ ਦਲ ਦੀ ਵਾਗਡੋਰ ਸੁਖਬੀਰ ਕੋਲ  ਤੇ ਯੂਥ ਵਿੰਗ ਦੀ ਕਮਾਨ ਬਿਕਰਮ ਮਜੀਠੀਆ ਕੋਲ ਹੈ। ਪਾਰਟੀ ਅੰਦਰਲੇ ਉਚ ਭਰੋਸੇਯੋਗ ਸੂਤਰ ਦਸਦੇ ਹਨ ਕਿ ਸੁਖਬੀਰ ਪਾਰਟੀ ਪ੍ਰਧਾਨ ਦਾ ਤਾਜ ਅਪਣੇ ਸਿਰ ਸਜਣ ਤੋਂ ਬਾਅਦ ਸਰਪ੍ਰਸਤ ਅਤੇ ਅਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਤੋਂ ਨਸੀਹਤ ਲੈਣੋਂ ਹਟ ਗਏ ਸਨ। ਉਨ੍ਹਾਂ ਨੂੰ ਪਿਤਾ ਦੀ ਸਲਾਹ ਦੇ ਉਲਟ ਟਕਸਾਲੀਆਂ ਦੀ ਅਣਦੇਖੀ ਕਰਨ ਤੇ ਅਪਣੇ ਜੂਨੀਅਰ ਨਵਿਆਂ ਨੂੰ ਅੱਗੇ ਲਿਆਉਣ ਦੀ ਚਾਲ ਲੈ ਬੈਠੀ ਹੈ।

ਵੱਡੇ ਕੱਦ ਵਾਲੇ ਪੰਥਕ ਅਗੂਆਂ ਨੂੰ ਖੂੰਜੇ ਲਾਉਣ ਵਾਲੇ ਵੱਡੇ ਬਾਦਲ 'ਅਪਣਿਆਂ' ਹੱਥੋਂ ਹਾਰ ਮੰਨ ਬੈਠੇ ਹਨ। ਟਕਸਾਲੀ ਆਗੂਆਂ ਦਾ ਇਹ ਬਿਆਨ ਇਸੇ ਨੂੰ ਤਸਦੀਕ ਕਰਦਿਆਂ ਨਜ਼ਰ ਆਉਂਦਾ ਹੈ ਕਿ ਜਦੋਂ ਉਹ ਕਹਿੰਦੇ ਹਨ ਕਿ ਉਹ ਅਕਾਲੀ ਦਲ ਦੇ ਨਹੀਂ ਸਗੋਂ 'ਜੀਜਾ ਸਾਲਾ' ਦੇ ਵਿਰੁਧ ਹਨ।

Related Stories