ਬ੍ਰਹਮਪੁਰਾ ਤੇ ਅਜਨਾਲਾ ਸਣੇ ਦੋਵਾਂ ਦੇ ਪੁਤਰ ਅਕਾਲੀ ਦਲ ਤੋਂ ਬਰਖਾਸਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਅਜ ਇਕ ਅਹਿਮ ਕਾਰਵਾਈ ਤਹਿਤ ਬਾਗ਼ੀ ਟਕਸਾਲੀ ਆਗੂ ਅਤੇ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰ...

Rattan Singh Ajnala and Ranjit Singh Brahmpura

ਚੰਡੀਗੜ੍ਹ (ਨੀਲ ਭਲਿੰਦਰ ਸਿਂਘ) : ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਅਜ ਇਕ ਅਹਿਮ ਕਾਰਵਾਈ ਤਹਿਤ ਬਾਗ਼ੀ ਟਕਸਾਲੀ ਆਗੂ ਅਤੇ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਤੇ ਮਾਝੇ ਦੇ ਸੀਨੀਅਰ ਅਕਾਲੀ ਆਗੂ ਡਾ. ਰਤਨ ਸਿੰਘ ਅਜਨਾਲਾ ਅਤੇ ਇਹਨਾਂ ਦੋਵਾਂ ਆਗੂਆਂ ਦੇ ਪੁਤਰਾਂ ਨੂੰ ਪਾਰਟੀ ਚੋਂ ਬਰਖ਼ਾਸਤ ਕਰ  ਦਿਤਾ ਗਿਆ ਹੈ। ਪਾਰਟੀ ਦੇ ਚੰਡੀਗੜ੍ਹ ਹੈਡਕੁਆਟਰ ਵਿਖੇ ਹੋਈ ਕੋਰ ਕਮੇਟੀ ਦੀ ਬੈਠਕ ਚ ਇਸ ਬਾਰੇ ਬਕਾਇਦਾ ਮਤਾ ਪਾਇਆ ਗਿਆ ਜਿਸ ਮਗਰੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੋਵਾਂ ਬਾਗ਼ੀ ਆਗੂਆਂ ਨੂੰ ਪਾਰਟੀ ਵਿਚੋਂ ਬਾਹਰ ਕਰ ਦਿਤਾ ਹੈ।

ਇਸ ਦੇ ਦੇ ਨਾਲ ਨਾਲ ਬ੍ਰਹਮਪੁਰਾ ਦੇ ਪੁਤਰ ਰਵਿੰਦਰਪਾਲ ਸਿੰਘ ਬ੍ਰਹਮਪੁਰਾ ਅਤੇ ਅਜਨਾਲਾ ਦੇ ਪੁਤਰ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ ਵੀ ਪਾਰਟੀ ਚੋਂ ਬਰਖਾਸਤ ਕਰ ਦਿਤਾ ਗਿਆ ਹੈ। ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਦੱਸਣਯੋਗ ਹੈ ਕਿ ਮਾਝੇ ਦੇ ਹੀ ਇਕ ਹੋਰ ਟਕਸਾਲੀ ਅਕਾਲੀ ਆਗੂ ਸੇਵਾ ਸਿੰਘ ਸੇਖਵਾਂ ਨੂੰ ਪਾਰਟੀ ਵਿੱਚੋਂ ਬਰਖ਼ਾਸਤ ਕਰਨ ਤੋਂ ਬਾਅਦ ਮਾਝੇ ਦੇ ਬਾਗ਼ੀ ਆਗੂਆਂ  ਵਿਰੁੱਧ ਇਹ ਵੱਡੀ ਕਾਰਵਾਈ ਕੀਤੀ ਗਈ ਹੈ।

ਦੱਸਣਯੋਗ ਹੈ ਕਿ ਮਾਝੇ ਦੇ ਤਿੰਨੋ ਟਕਸਾਲੀ ਆਗੂਆਂ ਵਲੋਂ ਅਕਤੂਬਰ ਮਹੀਨੇ ਦੇ ਪਹਿਲੇ ਹਫਤੇ ਪਾਰਟੀ ਦੀ ਪਟਿਆਲਾ ਰੈਲੀ ਮੌਕੇ ਤੋਂ ਹੀ ਪਾਰਟੀ ਖਾਸਕਰ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਵਿਰੁੱਧ ਬਾਗੀ ਸੁਰਾਂ ਉਭਾਰੀਆ ਹੋਈਆਂ ਸਨ।

ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਤੇ ਪਾਰਟੀ ਦੀਆਂ ਅਹੁਦੇਦਾਰੀਆਂ ਤਿਆਗਣ ਵਾਲੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਚੋਹਲਾ ਸਾਹਿਬ ਵਿਖੇ ਵੱਡੀ ਰੈਲੀ ਵੀ ਕੀਤੀ ਸੀ ਅਤੇ ਸੁਖਬੀਰ ਬਾਦਲ ਦੀ ਪ੍ਰਧਾਨਗੀ 'ਤੇ ਸਵਾਲ ਚੁੱਕੇ ਸਨ। ਇਸ ਤੋਂ ਪਹਿਲਾਂ ਬੀਤੀ ਤਿੰਨ ਨਵੰਬਰ ਨੂੰ ਸੇਵਾ ਸਿੰਘ ਸੇਖਵਾਂ ਨੇ ਵੀ ਸੁਖਬੀਰ ਸਿਂਘ ਬਾਦਲ ਉਤੇ ਕਈ ਗੰਭੀਰ ਦੋਸ਼ ਲਾਉਂਦਿਆਂ ਪਾਰਟੀ ਦੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿਤਾ ਸੀ।