ਕੀ ਅਜੇ ਵੀ 1920 ਵਾਲਾ ਅਸਲ ਅਕਾਲੀ ਦਲ ਸੁਰਜੀਤ ਕੀਤਾ ਜਾ ਸਕਦਾ ਹੈ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਬਚਪਨ ਨੂੰ ਯਾਦ ਕਰਦਾ ਹਾਂ ਤਾਂ ਮੇਰੇ ਮਾਪੇ ਵੀ ਪੱਕੇ ਅਕਾਲੀ ਸਨ ਤੇ ਜਿਸ ਖ਼ਾਲਸਾ ਸਕੂਲ ਵਿਚ ਮੈਂ ਪੜ੍ਹਦਾ ਸੀ

Can rebuild 1920 Akali Dal now

ਬਚਪਨ ਨੂੰ ਯਾਦ ਕਰਦਾ ਹਾਂ ਤਾਂ ਮੇਰੇ ਮਾਪੇ ਵੀ ਪੱਕੇ ਅਕਾਲੀ ਸਨ ਤੇ ਜਿਸ ਖ਼ਾਲਸਾ ਸਕੂਲ ਵਿਚ ਮੈਂ ਪੜ੍ਹਦਾ ਸੀ, ਉਸ ਦੇ ਹੈੱਡ-ਮਾਸਟਰ ਸ. ਮੱਖਣ ਸਿੰਘ ਜੀ ਵੀ ਪੱਕੇ ਅਕਾਲੀ ਸਨ ਜੋ ਹਰ ਸਵੇਰ, ਪ੍ਰਾਰਥਨਾ ਸਭਾ ਵਿਚ ਸਾਨੂੰ ਪੰਥਕ ਹਾਲਾਤ ਬਾਰੇ ਜਾਣਕਾਰੀ ਦਿਆ ਕਰਦੇ ਸਨ ਤੇ ਸਿੱਖਾਂ ਨਾਲ ਹੋ ਰਹੇ ਵਿਤਕਰਿਆਂ ਤੋਂ ਜਾਣੂ ਕਰਵਾਉਂਦੇ ਰਹਿੰਦੇ ਸਨ। ਅਸੀਂ ਖ਼ਾਲਸਾ ਸਕੂਲ ਦੇ ਮੁੰਡੇ ਰਲ ਕੇ ''ਜਿੱਤੇਗਾ ਬਈ ਜਿੱਤੇਗਾ ... ਸਿੰਘ ਅਕਾਲੀ ਜਿੱਤੇਗਾ' ਅਤੇ 'ਸਾਡਾ ਨਿਸ਼ਾਨ-ਤੀਰ ਕਮਾਨ' ਦੇ ਨਾਹਰੇ ਸੜਕਾਂ ਉਤੇ ਲਾਉਂਦੇ ਰਹਿੰਦੇ ਸੀ।

ਯਾਦ ਰਹੇ, ਉਸ ਸਮੇਂ ਅਕਾਲੀ ਦਲ ਦਾ ਚੋਣ-ਨਿਸ਼ਾਨ 'ਤੀਰ ਕਮਾਨ' ਹੁੰਦਾ ਸੀ ਜਿਵੇਂ ਅੱਜ 'ਤਕੜੀ' ਹੈ। ਮਾ. ਤਾਰਾ ਸਿੰਘ ਉਸ ਵੇਲੇ ਸਾਰੇ ਪੰਥ ਦੇ ਵਾਹਦ ਆਗੂ ਹੁੰਦੇ ਸਨ। ਆਜ਼ਾਦੀ ਤੋਂ ਫ਼ੌਰਨ ਬਾਅਦ, ਪਹਿਲਾ ਲੀਡਰ ਜਿਹੜਾ ਹਿੰਦੁਸਤਾਨ ਵਿਚ ਗ੍ਰਿਫ਼ਤਾਰ ਕੀਤਾ ਗਿਆ, ਉਹ ਮਾ. ਤਾਰਾ ਸਿੰਘ ਹੀ ਸੀ। ਸਾਰੇ ਸਿੱਖ ਜਗਤ ਵਿਚ ਗੁੱਸਾ ਪਸਰ ਗਿਆ। ਅੰਮ੍ਰਿਤਸਰ ਤੋਂ ਅਕਾਲੀ ਦਲ ਵਲੋਂ ਇਕ ਦਿਨ ਕਿਸੇ ਸਿੱਖ ਦੇ ਘਰ ਵਿਚ ਚੁਲ੍ਹਾ ਨਾ ਬਾਲਣ ਦੀ ਹਦਾਇਤ ਕੀਤੀ ਗਈ ਅਰਥਾਤ ਸਾਰਾ ਦਿਨ ਭੁੱਖੇ ਰਹਿਣ ਲਈ ਕਿਹਾ ਗਿਆ। ਸ਼ਾਇਦ ਹੀ ਕੋਈ ਸਿੱਖ ਘਰ ਹੋਵੇਗਾ ਜਿਸ ਨੇ ਉਸ ਦਿਨ ਰੋਟੀ ਪਕਾ ਕੇ ਖਾਧੀ ਹੋਵੇਗੀ।

ਮੇਰੀ ਛੋਟੀ ਭੈਣ ਡੇਢ ਦੋ ਸਾਲ ਦੀ ਸੀ। ਉਸ ਨੂੰ ਦੁਧ ਪਿਆਉਣਾ ਜ਼ਰੂਰੀ ਸੀ ਕਿਉਂਕਿ ਉਸ ਨੇ ਅਜੇ ਰੋਟੀ ਖਾਣੀ ਸ਼ੁਰੂ ਨਹੀਂ ਸੀ ਕੀਤੀ। ਦੁਧ ਨੂੰ ਗਰਮ ਕਰਨਾ ਜ਼ਰੂਰੀ ਸੀ ਪਰ ਨਹੀਂ, ਪੰਥ ਦਾ ਹੁਕਮ ਸੀ ਕਿ ਚੁਲ੍ਹਾ ਗਰਮ ਨਹੀਂ ਕਰਨਾ, ਸੋ ਬਾਜ਼ਾਰ ਦੇ ਹਲਵਾਈ ਕੋਲ ਦੁਧ ਲਿਜਾ ਕੇ ਬੱਚੀ ਲਈ ਗਰਮ ਕਰਵਾ ਲਿਆ ਗਿਆ। ਬਾਕੀ ਸਾਰੇ ਪ੍ਰਵਾਰ ਨੇ ਅਨਾਜ ਦਾ ਇਕ ਦਾਣਾ ਵੀ ਨਾ ਖਾਧਾ, ਨਾ ਚੁਲ੍ਹਾ ਹੀ ਬਾਲਿਆ। 

ਫਿਰ ਸਿੱਖ ਮੁੰਡਿਆਂ ਦੀਆਂ ਢਾਣੀਆਂ ਸੜਕਾਂ ਉਤੇ ਇਹ ਨਾਹਰਾ ਮਾਰਦੀਆਂ ਸਨ:
ਇਕ ਚਵਾਨੀ ਤੇਲ ਵਿਚ
ਪਟੇਲ ਮਰੇਗਾ ਜੇਲ ਵਿਚ

ਸਰਦਾਰ ਪਟੇਲ ਭਾਰਤ ਦਾ ਗ੍ਰਹਿ ਮੰਤਰੀ ਸੀ ਤੇ ਉਸ ਦੇ ਹੁਕਮ ਨਾਲ ਹੀ ਅਕਾਲੀ ਦਲ ਦੇ ਪ੍ਰਧਾਨ ਨੂੰ ਨਰੇਲਾ ਰੇਲਵੇ ਸਟੇਸ਼ਨ ਤੇ ਗੱਡੀ ਤੋਂ ਲਾਹ ਕੇ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁੰਡੇ ਸੜਕਾਂ ਉਤੇ ਉਪ੍ਰੋਕਤ ਨਾਹਰਾ ਮਾਰਦੇ, ਘੁੰਮਦੇ ਰਹਿੰਦੇ ਸੀ। ਇਸ ਨਾਹਰੇ ਦਾ ਮਤਲਬ ਇਹ ਸੀ ਕਿ ਸਿੱਖਾਂ ਦੇ ਲੀਡਰ ਨੂੰ ਜਿਸ ਪਟੇਲ ਨੇ ਜੇਲ ਵਿਚ ਬੰਦ ਕੀਤਾ ਸੀ, ਅਸੀ ਬਦ-ਦੁਆ ਦੇਂਦੇ ਹਾਂ ਕਿ ਉਹ ਪਟੇਲ ਵੀ ਜੇਲ ਵਿਚ ਹੀ ਮਰੇ। ਪਿਛਲੇ 15-20 ਸਾਲ ਵਿਚ ਬਾਦਲ ਅਕਾਲੀ ਦਲ ਨੇ ਜੋ ਜ਼ੁਲਮ ਮੇਰੇ ਨਾਲ ਤੇ ਸਪੋਕਸਮੈਨ ਨਾਲ ਕੀਤਾ ਹੈ ਤੇ ਜੋ ਮਾੜਾ ਹਾਲ ਸਿੱਖ ਪੰਥ ਦਾ ਕਰ ਦਿਤਾ ਹੈ,

ਉਸ ਨੂੰ ਵੇਖ ਕੇ ਹੁਣ ਅਕਾਲੀਆਂ ਵਾਸਤੇ ਕੋਈ ਚੰਗਾ ਸ਼ਬਦ ਮੂੰਹ 'ਚੋਂ ਨਿਕਲਣਾ ਤਾਂ ਮੁਸ਼ਕਲ ਹੈ ਪਰ ਬਤੌਰ ਸਿੱਖ, ਅਜੇ ਵੀ ਦਿਲ ਕਹਿੰਦਾ ਹੈ ਕਿ ਹਿੰਦੁਸਤਾਨ ਵਰਗੇ ਫ਼ਿਰਕੂ ਮਾਹੌਲ ਵਾਲੇ ਦੇਸ਼ ਵਿਚ ਸਿੱਖ ਘੱਟ-ਗਿਣਤੀ ਦੀ ਤਰੱਕੀ, ਰਖਿਆ ਅਤੇ ਵਿਕਾਸ ਲਈ ਪੁਰਾਣੇ ਅਕਾਲੀ ਦਲ ਵਰਗੀ ਇਕ ਪਾਰਟੀ ਜ਼ਰੂਰ ਹੋਣੀ ਚਾਹੀਦੀ ਹੈ ਜੋ ਨਿਸ਼ਕਾਮ, ਸਿਰੜੀ, ਕਪਟ-ਰਹਿਤ ਅਤੇ 'ਮੈਂ ਮਰਾਂ ਪੰਥ ਜੀਵੇ' ਦੀ ਵਿਚਾਰਧਾਰਾ ਨੂੰ ਪ੍ਰਣਾਏ ਹੋਏ ਸੱਚੇ ਸੁੱਚੇ ਸਿੱਖ ਲੀਡਰਾਂ ਦੀ ਕਮਾਨ ਹੇਠ ਕੰਮ ਕਰੇ। ਇਸੇ ਗੱਲ ਨੂੰ ਸਾਹਮਣੇ ਰੱਖ ਕੇ ਸੋਚਦਾ ਹਾਂ, ਕੀ ਅੱਜ ਦੇ 'ਟਕਸਾਲੀ ਆਗੂ' 1920 ਵਾਲੇ ਪੰਥਕ ਅਕਾਲੀ ਦਲ ਨੂੰ ਜ਼ਿੰਦਾ ਕਰ ਸਕਦੇ ਹਨ

ਜਾਂ ਕੀ ਬਾਦਲ ਪ੍ਰਵਾਰ ਵਾਲੇ ਉਸ ਪਾਰਟੀ ਨੂੰ ਜੀਵਤ ਕਰਨ ਲਈ ਤਿਆਰ ਹੋ ਜਾਣਗੇ? ਜਾਂ ਕੋਈ ਤੀਜੀ ਧਿਰ ਹੈ ਜੋ ਉਸ ਅਕਾਲੀ ਦਲ ਨੂੰ ਮੁੜ ਤੋਂ ਸੁਰਜੀਤ ਕਰ ਸਕਦੀ ਹੈ ਜਿਸ ਦੇ ਹੱਕ ਵਿਚ ਮੈਂ ਬਚਪਨ ਵਿਚ ਸੜਕਾਂ ਉਤੇ, ਮੁੰਡਿਆਂ ਨਾਲ ਰਲ ਕੇ ਨਾਹਰੇ ਮਾਰਦਾ ਹੁੰਦਾ ਸੀ ਤੇ ਜਿਸ ਨੂੰ ਭਰ ਜਵਾਨੀ ਤਕ 'ਅਪਣੀ ਪਾਰਟੀ' ਕਿਹਾ ਕਰਦਾ ਸੀ? ਸਵਾਲ ਸੌਖਾ ਨਹੀਂ, ਬੜਾ ਔਖਾ ਹੈ। ਕਿਸੇ ਨਤੀਜੇ ਤੇ ਪੁੱਜਣ ਤੋਂ ਪਹਿਲਾਂ ਜ਼ਰਾ ਚਾਰੇ ਪਾਸੇ ਇਕ ਝਾਤ ਮਾਰ ਕੇ ਤਾਂ ਵੇਖ ਲਈਏ। ਪਹਿਲਾਂ ਗੱਲ ਕਰੀਏ ਅਕਾਲੀ ਦਲ ਦੇ ਮਝੈਲ ਬਾਗ਼ੀਆਂ ਦੀ!

ਪਿਛਲੇ ਮਹੀਨੇ 20-21 ਤਾਰੀਖ਼ ਨੂੰ ਅੰਮ੍ਰਿਤਸਰ ਵਿਚ 'ਪੰਥਕ ਅਸੈਂਬਲੀ' ਦੇ 117 ਮੈਂਬਰਾਂ ਦੀ (ਜਾਂ ਜਿੰਨੇ ਵੀ ਹਾਜ਼ਰ ਹੋ ਸਕੇ) ਦੀ ਦੋ-ਦਿਨਾ ਕਾਰਵਾਈ ਵੇਖਣ ਨੂੰ ਮਿਲੀ। ਅਸੈਂਬਲੀ ਇਸ ਨਤੀਜੇ ਤੇ ਪੁੱਜੀ ਕਿ ਪ੍ਰਕਾਸ਼ ਸਿੰਘ ਬਾਦਲ ਹੀ ਸਿੱਖਾਂ ਦੀ ਸੱਭ ਤੋਂ ਵੱਡੀ ਸਮੱਸਿਆ ਹੈ ਤੇ ਉਸ ਨੇ ਅਕਾਲੀ ਦਲ ਦਾ ਪੰਥਕ ਸਰੂਪ ਖ਼ਤਮ ਕਰ ਕੇ, ਇਸ ਨੂੰ ਨਿਜੀ ਲੋੜਾਂ ਪੂਰੀਆਂ ਕਰਨ ਵਾਲਾ ਇਕ ਸਾਧਨ ਮਾਤਰ ਬਣਾ ਛਡਿਆ ਹੈ। ਮੈਂ ਅਪਣੀ ਪ੍ਰਤੀਕ੍ਰਿਆ ਦੇਂਦੇ ਹੋਏ ਕਿਹਾ ਸੀ ਕਿ ਪੰਥਕ ਅਸੈਂਬਲੀ ਦਾ ਧਿਆਨ ਚਿਹਰਿਆਂ ਉਤੇ ਹੀ ਟਿਕਿਆ ਰਿਹਾ

ਅਰਥਾਤ ਪੰਥਕ ਅਸੈਂਬਲੀ ਵਾਲੇ ਵੀ ਇਹੀ ਕਹਿ ਕੇ ਉਠ ਗਏ ਕਿ ਕੁਝ ਚਿਹਰੇ ਹੀ ਸਾਡੀਆਂ ਔਕੜਾਂ ਲਈ ਜ਼ਿੰਮੇਵਾਰ ਹਨ ਤੇ ਇਹ ਚਿਹਰੇ ਬਦਲ ਦਿਤੇ ਜਾਣ ਤਾਂ ਸੱਭ ਠੀਕ ਠਾਕ ਹੋ ਜਾਏਗਾ। ਫਿਰ ਬਾਗ਼ੀ ਅਕਾਲੀਆਂ, ਖ਼ਾਸ ਤੌਰ ਤੇ ਮਝੈਲਾਂ ਦੀ ਵੱਡੀ ਮੀਟਿੰੰਗ ਦੀ ਕਾਰਵਾਈ ਵੇਖਣ ਨੂੰ ਵੀ ਮਿਲ ਗਈ। ਰਣਜੀਤ ਸਿੰਘ ਬ੍ਰਹਮਪੁਰਾ, ਮਾਝੇ ਵਿਚ ਅਪਣੀ ਤਾਕਤ ਤਾਂ ਵਿਖਾ ਗਏ ਪਰ ਫ਼ੈਸਲਾ ਉਨ੍ਹਾਂ ਦਾ ਵੀ ਉਹੀ ਸੀ (ਥੋੜੇ ਜਹੇ ਫ਼ਰਕ ਨਾਲ) ਜੋ ਪੰਥਕ ਅਸੈਂਬਲੀ ਵਾਲਿਆਂ ਦਾ ਸੀ ਕਿ ਬਿਮਾਰੀ ਦੀ ਜੜ੍ਹ ਦੋ ਚਿਹਰੇ ਹੀ ਹਨ¸ਸੁਖਬੀਰ ਬਾਦਲ ਤੇ ਬਿਕਰਮਜੀਤ ਸਿੰਘ ਮਜੀਠੀਆ।

ਸੋ ਇਨ੍ਹਾਂ 'ਸਾਲੇ-ਜੀਜੇ' ਨੂੰ ਬਦਲੇ ਬਿਨਾਂ ਸਮਝੌਤਾ ਨਹੀਂ ਹੋ ਸਕਦਾ। ਪਰ ਜੇ ਇਹ ਦੋਵੇਂ ਹਟਾ ਦਿਤੇ ਜਾਣ ਅਰਥਾਤ ਕੁੱਝ ਚਿਰ ਲਈ ਪਿਛਲੇ ਕਮਰੇ ਵਿਚ ਡੱਕ ਦਿਤੇ ਜਾਣ ਤਾਂ ਸੱਭ ਠੀਕ ਹੋ ਜਾਏਗਾ? ਜਿੰਨੀ ਮੈਨੂੰ 'ਪੰਥਕ ਅਸੈਂਬਲੀ' ਦੇ ਫ਼ੈਸਲੇ ਪੜ੍ਹ ਕੇ ਤਕਲੀਫ਼ ਹੋਈ, ਓਨਾ ਹੀ ਹੁਣ ਮਝੈਲ ਟਕਸਾਲੀਆਂ ਦੀ ਗੱਲ ਸੁਣ ਕੇ ਤਕਲੀਫ਼ ਹੋਈ ਹੈ। ਇਹ 'ਪੰਥ ਦੇ ਦਿਮਾਗ਼' ਚਿਹਰਿਆਂ ਤੇ ਆ ਕੇ ਹੀ ਕਿਉਂ ਅਟਕ ਜਾਂਦੇ ਹਨ? ਕੀ ਪ੍ਰਕਾਸ਼ ਸਿੰਘ ਬਾਦਲ (ਪੰਥਕ ਅਸੈਂਬਲੀ ਦੇ ਕਹਿਣ ਅਨੁਸਾਰ) ਹੱਟ ਜਾਏ ਤਾਂ ਸੱਭ ਕੁੱਝ ਠੀਕ ਹੋ ਜਾਏਗਾ ਤੇ ਕੀ ਸੁਖਬੀਰ ਤੇ ਮਜੀਠੀਆ ਹਟਾ ਦਿਤੇ ਜਾਣ ਤਾਂ ਕੌਮ ਦੀ ਤਕਦੀਰ ਬਦਲ ਜਾਏਗੀ?

ਤਾਂ ਫਿਰ ਕੀ 1920 ਵਿਚ ਅਕਾਲ ਤਖ਼ਤ ਉਤੇ ਬਣਾਈ ਗਈ 'ਪੰਥਕ ਪਾਰਟੀ' ਨੂੰ 'ਪੰਜਾਬੀ' ਪਾਰਟੀ (ਮੋਗਾ ਕਾਨਫ਼ਰੰਸ) ਵਿਚ ਬਦਲਣ ਦੇ ਅਨਰਥ ਨੂੰ ਠੀਕ ਕੀਤੇ ਬਿਨਾਂ ਪਾਰਟੀ ਠੀਕ ਠਾਕ ਹੋ ਜਾਏਗੀ? ਕੀ ਬੀ.ਜੇ.ਪੀ. ਨੂੰ ਪਤੀ ਮੰਨ ਕੇ ਅਕਾਲੀ ਦਲ ਨੂੰ ਉਸ ਦੀ ਪਤਨੀ ਬਣਾਉਣ ਦੇ ਫ਼ੈਸਲੇ ਨੂੰ ਹਮੇਸ਼ਾ ਲਈ 'ਤਲਾਕ' ਦਿਤੇ ਬਿਨਾਂ ਕੋਈ ਵੀ ਨਵਾਂ ਪੁਰਾਣਾ ਲੀਡਰ, ਪਾਰਟੀ ਨੂੰ ਪੰਜਾਬ-ਪੱਖੀ ਅਤੇ ਪੰਥ-ਪੱਖੀ ਬਣਾ ਸਕੇਗਾ? ਕੀ ਅੰਗਰੇਜ਼ਾਂ ਵਲੋਂ ਸਿੱਖੀ ਦੇ ਵਿਹੜੇ ਵਿਚ ''ਵੋਟਾਂ ਵਾਲੀ ਸ਼੍ਰੋਮਣੀ ਕਮੇਟੀ' ਤੇ 'ਛੇਕੂ ਪੁਜਾਰੀਵਾਦ' ਸੁਟ ਕੇ ਅਰਥਾਤ ਸਿੱਖੀ ਦੇ ਚਲਦੇ ਪਹੀਏ ਦੇ ਰਾਹ ਵਿਚ ਸਿਆਸਤਦਾਨਾਂ ਅਤੇ

ਪੁਜਾਰੀਆਂ ਦੀਆਂ ਮੇਖਾਂ ਗੱਡ ਕੇ ਇਸ ਦੀ ਚਾਲ ਨੂੰ ਰੋਕ ਦੇਣ ਵਾਲੀਆਂ ਕਾਰਵਾਈਆਂ ਨੂੰ ਨਕਾਰੇ ਬਿਨਾਂ ਪੰਥ ਦੇ ਵਿਕਾਸ ਦੇ ਬੰਦ ਕੀਤੇ ਰਾਹ ਕੋਈ ਵੀ ਖੋਹ ਸਕੇਗਾ? ਕੀ ਉਨ੍ਹਾਂ ਦੁਹਾਂ ਦੇ ਹੁੰਦਿਆਂ ਸਿੱਖੀ ਅਤੇ ਸਿੱਖ ਸਮਾਜ ਦੀ ਹਾਲਤ ਸੁਧਰ ਸਕਦੀ ਹੈ? ਕੀ ਕਿਸੇ ਹੋਰ ਕੌਮ ਦਾ ਨਾਂ ਵੀ ਲੈ ਸਕਦੇ ਹੋ ਜਿੱਥੇ ਇਹ 'ਬੇੜੀਆਂ' ਤੇ 'ਸੰਗਲੀਆਂ' ਪਾ ਕੇ ਕੋਈ ਹੋਰ ਧਰਮ ਜਾਂ ਘੱਟ-ਗਿਣਤੀ ਸਮਾਜ ਵੀ ਜੀਵਤ ਰਹਿ ਸਕਿਆ ਹੋਵੇ? ਸਿਧਾਂਤ ਪੱਖੋਂ ਕੋਰੇ, ਗ਼ਲਤ ਕਾਰਵਾਈਆਂ ਉਤੇ ਪਛਤਾਵਾ ਨਾ ਕਰਨ ਵਾਲੇ ਨਵੇਂ ਚਿਹਰੇ ਵੀ ਜੇ ਅਕਾਲੀ ਦਲ ਵਿਚ ਆ ਜਾਣ ਤਾਂ ਕੀ ਸਥਿਤੀ ਵਿਚ ਕੋਈ ਸੁਧਾਰ ਆ ਸਕੇਗਾ?

ਮੇਰਾ ਕਹਿਣਾ ਹੈ, ਨਹੀਂ ਆ ਸਕੇਗਾ ਤੇ ਸਿੱਖੀ ਦੀ ਬੇੜੀ ਦਿਨ ਬ ਦਿਨ ਵਿਚਾਰਧਾਰਾ ਤੋਂ ਸਖਣੇ ਪਾਣੀਆਂ ਦੀ ਮੰਝਧਾਰ ਵਿਚ ਫੱਸ ਕੇ ਡੁਬਦੀ ਜਾਏਗੀ। ਕਾਰਨ ਹੋਵੇਗਾ-ਸਿਧਾਂਤ ਦੇ ਉਲਟ ਜਾ ਕੇ ਚਲਣਾ ਪਰ ਸਿਆਸੀ ਲੋਕ ''ਤੂੰ ਤੂੰ ਮੈਂ ਮੈਂ'' ਕਰਦੇ, ਅਪਣੇ ਵਿਰੋਧੀਆਂ ਨੂੰ ਹੀ ਦੋਸ਼ੀ ਗਰਦਾਨਦੇ ਵੇਖਦੇ ਰਹੋਗੇ। ਸਿਧਾਂਤ ਤੋਂ ਥਿੜਕ ਚੁਕੀਆਂ ਕੌਮਾਂ ਕਿਵੇਂ ਖ਼ਤਮ ਹੋ ਜਾਂਦੀਆਂ ਹਨ, ਇਹ ਤੁਹਾਡੇ ਸਾਹਮਣੇ ਸੱਭ ਕੁੱਝ ਵਾਪਰ ਰਿਹਾ ਹੈ ਤੇ ਅੰਤ ਵੀ ਆਉਣ ਹੀ ਵਾਲਾ ਹੈ। ਅਤੇ ਹੁਣ ਗੱਲ ਕਰੀਏ ਚੰਡੀਗੜ੍ਹ ਦੇ ਬਾਦਲ ਅਕਾਲੀ ਦਲ ਦੀ ਜੋ ਬੀ.ਜੇ.ਪੀ. ਦੀ ਪਤਨੀ ਹੈ।

ਸ. ਪ੍ਰਕਾਸ਼ ਸਿੰਘ ਬਾਦਲ ਦੀ ਚੜ੍ਹਤ ਹੋ ਜਾਣ ਉਪ੍ਰੰਤ ਅਥਵਾ ਅਕਾਲੀ ਦਲ ਉਪਰ ਬਾਦਲ ਪ੍ਰਵਾਰ ਦਾ ਕਬਜ਼ਾ ਹੋ ਜਾਣ ਉਪ੍ਰੰਤ, ਸਿਧਾਂਤ ਨਾਂ ਦੀ ਚੀਜ਼ ਤਾਂ ਇਸ ਪਾਰਟੀ ਨੂੰ ਕਦੇ ਚੰਗੀ ਹੀ ਨਹੀਂ ਲੱਗੀ। ਵਕਤੀ ਲਾਭਾਂ, ਨਿਜੀ ਫ਼ਾਇਦਿਆਂ, ਨਿਜੀ ਚੌਧਰ, ਕਬਜ਼ੇ ਦੀ ਰੁਚੀ, ਪਾਰਟੀ ਵਿਚ ਵਿਰੋਧੀ ਆਵਾਜ਼ ਨੂੰ ਖ਼ਤਮ ਕਰ ਦੇਣ ਦੀ ਪੱਕੀ ਨੀਤੀ¸ਇਹੀ ਇਸ ਪਾਰਟੀ ਦੇ 'ਸਿਧਾਂਤ' ਬਣ ਗਏ ਹਨ। 'ਪੰਥਕ ਸਿਧਾਂਤ' ਇਨ੍ਹਾਂ ਸਾਰੀਆਂ ਗੱਲਾਂ ਦੇ ਰਸਤੇ ਵਿਚ ਰੁਕਾਵਟ ਬਣਦਾ ਸੀ, ਇਸ ਲਈ ਇਨ੍ਹਾਂ ਨੇ ਉਸ ਨੂੰ ਵੀ ਲਾਂਭੇ ਕਰ ਦਿਤਾ ਤੇ ਪੰਥ ਵਲੋਂ ਬਣਾਈ ਪਾਰਟੀ ਨੂੰ ਵੀ ਚੁਪ-ਚੁਪੀਤੇ 'ਪੰਜਾਬੀ' ਪਾਰਟੀ ਬਣਾ ਦਿਤਾ,

ਭਾਵੇਂ ਗੁਰਦਵਾਰਿਆਂ ਉਤੇ ਕਬਜ਼ੇ ਕਰੀ ਰੱਖਣ ਦੀ ਚਾਹਤ, ਉਨ੍ਹਾਂ ਨੂੰ ਜ਼ੁਬਾਨੀ ਕਲਾਮੀ 'ਪੰਥ ਪੰਥ' ਦੀ ਫੋਕੀ ਰੱਟ ਲਗਾਉਂਦੇ ਰਹਿਣ ਲਈ ਮਜਬੂਰ ਕਰਦੀ ਰਹਿੰਦੀ ਹੈ। ਪਿਛਲੀਆਂ ਚੋਣਾਂ ਸਮੇਂ ਬਾਦਲ ਅਕਾਲੀ ਦਲ ਲਈ ਅਪਣੀਆਂ 'ਪ੍ਰਾਪਤੀਆਂ' ਗਿਣਾਉਣੀਆਂ ਔਖੀਆਂ ਹੋ ਗਈਆਂ (ਪੰਜਾਬ ਦਾ ਹਾਲ ਸੱਭ ਨੂੰ ਨਜ਼ਰ ਆ ਹੀ ਰਿਹਾ ਸੀ) ਤਾਂ ਉਨ੍ਹਾਂ ਧਰਮ ਅਸਥਾਨਾਂ ਦੇ ਗਲਿਆਰੇ, ਗੇਟ ਤੇ ਯਾਦਗਾਰਾਂ ਉਸਾਰ ਕੇ ਇਹ ਦੱਸਣ ਦਾ ਯਤਨ ਕੀਤਾ ਕਿ ਉਨ੍ਹਾਂ ਤੋਂ ਚੰਗਾ ਸਿੱਖ ਤਾਂ ਕੋਈ ਹੋ ਈ ਨਹੀਂ ਸਕਦਾ ਜਿਵੇਂ ਅੱਜ ਕਲ ਮੋਦੀ ਪ੍ਰਵਾਰ ਰਾਮ ਮੰਦਰ, ਗੰਗਾ ਮਈਆ ਤੇ 'ਹਿੰਦੂਤਵ' ਦੇ ਨਾਹਰੇ ਲਾ ਕੇ ਹੀ ਕਹਿ ਰਿਹਾ ਹੈ

ਕਿ ਇਸ ਤੋਂ ਚੰਗਾ ਹਿੰਦੂ ਹਾਕਮ ਤੁਹਾਨੂੰ ਫਿਰ ਨਹੀਂ ਜੇ ਮਿਲਣਾ, ਇਸ ਲਈ ਬਾਕੀ ਹਿਸਾਬ ਕਿਤਾਬ ਪਾਸੇ ਰੱਖ ਕੇ, ਇਸੇ ਨੂੰ ਦੁਬਾਰਾ ਸੱਤਾ ਸੌਂਪ ਦਿਉ। ਪਰ ਅਕਾਲੀਆਂ ਦੀ ਗੱਲ ਸਿੱਖਾਂ ਨੇ ਵੀ ਨਾ ਸੁਣੀ, ਦੂਜਿਆਂ ਨੇ ਤਾਂ ਕੀ ਸੁਣਨੀ ਸੀ। ਸੋ ਅਸੈਂਬਲੀ ਵਿਚ, ਅਕਾਲੀ ਪਾਰਟੀ ਤੀਜੇ ਸਥਾਨ ਤੇ ਆ ਟਿਕੀ। ਕਲ ਪੈਦਾ ਹੋਈ, 'ਆਪ' ਪਾਰਟੀ ਵੀ, ਉਸ ਤੋਂ ਅੱਗੇ ਨਿਕਲ ਗਈ। ਦੂਜੇ 'ਅਕਾਲੀ ਦਲ' ਵੀ ਮੌਜੂਦ ਤਾਂ ਹਨ ਪਰ ਉਨ੍ਹਾਂ ਦੀ ਹਾਲਤ ਇਹ ਹੈ ਕਿ ਇਸੇ ਉਡੀਕ ਵਿਚ ਬੈਠੇ ਹੋਏ ਨੇ ਕਿ ਜਦ ਵੱਡਾ ਅਕਾਲੀ ਦਲ ਖ਼ੂਬ ਬਦਨਾਮ ਹੋ ਲਵੇ, ਫਿਰ ਲੋਕਾਂ ਕੋਲ ਸਾਡੇ ਝੰਡੇ ਹੇਠ ਆਏ ਬਿਨਾਂ,

ਹੋਰ ਚਾਰਾ ਵੀ ਕੀ ਰਹਿ ਜਾਏਗਾ? ਪਰ ਸ਼ਾਇਦ ਇਨ੍ਹਾਂ ਲਈ ਹੀ ਕਿਸੇ ਪੰਜਾਬੀ ਸਿਆਣੇ ਨੇ ਸਦੀਆਂ ਪਹਿਲਾਂ ਫ਼ੈਸਲਾ ਸੁਣਾ ਦਿਤਾ ਸੀ ਕਿ, ''ਓਇ ਸਾਰਾ ਪਿੰਡ ਮਰ ਜਾਵੇ ਤਾਂ ਵੀ ਤੈਨੂੰ ਨੰਬਰਦਾਰ ਕਿਸੇ ਨੇ ਨਹੀਂ ਬਣਾਉਣਾ।'' ਸੋ ਫਿਰ 1920 ਵਾਲਾ ਅਸਲ ਅਕਾਲੀ ਦਲ ਬਣੇ ਤਾਂ ਕਿਵੇਂ ਬਣੇ ਤੇ ਕੌਣ ਬਣਾ ਸਕਦਾ ਹੈ ਉਸ ਨੂੰ? ਤੁਸੀ ਵੀ ਸੋਚੋ ਤੇ ਮੈਂ ਤਾਂ ਸੋਚਾਂਗਾ ਹੀ। ਅਗਲੇ ਐਤਵਾਰ, ਇਸੇ ਥਾਂ ਮਿਲ ਕੇ ਇਸ ਔਖੇ ਸਵਾਲ ਦਾ ਸੌਖਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ।