ਡੇਰਾ ਬਾਬਾ ਨਾਨਕ ਉਤਸਵ : ਸਮਾਗਮ ਦੇ ਆਖਰੀ ਦਿਨ ਵੀ ਚੱਲਿਆ ਗੁਰਬਾਣੀ, ਕੀਰਤਨ ਦਾ ਪ੍ਰਵਾਹ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੀਰਤਨੀ ਜੱਥਿਆਂ ਵਲੋਂ ਪੁਰਾਤਨ ਤੰਤੀ ਸਾਜਾਂ ਨਾਲ ਗੁਰਬਾਨੀ ਦਾ ਗਾਇਨ ਕੀਤਾ ਗਿਆ

Dera Baba Nanak Utsav : Gurbani, kirtan flows last days of the ceremony

ਡੇਰਾ ਬਾਬਾ ਨਾਨਕ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਡੇਰਾ ਬਾਬਾ ਨਾਨਕ ਵਿਖੇ ਕਰਵਾਏ ਜਾ ਰਹੇ ਸ੍ਰੀ ਗੁਰੂ ਨਾਨਕ ਉਤਸਵ ਦੇ ਚੌਥੇ ਤੇ ਆਖਰੀ ਦਿਨ ਸੁਰ ਮੰਡਲ ਭਾਈ ਮਰਦਾਨਾ ਰਾਗ ਦਰਬਾਰ ਵਿਖੇ ਗੁਰੂ ਦੀ ਇਲਾਹੀ ਬਾਣੀ ਦੀ ਕਥਾ ਅਤੇ ਕੀਰਤਨ ਦਾ ਪ੍ਰਵਾਹ ਚੱਲਿਆ, ਜਿਸ ਵਿਚ ਪ੍ਰਸਿੱਧ ਕਥਾ ਵਾਚਕਾਂ ਵਲੋਂ ਗੁਰੂ ਕੀ ਬਾਣੀ ਦੀ ਕਥਾ ਅਤੇ ਕੀਰਤਨੀ ਜੱਥਿਆਂ ਵਲੋਂ ਪੁਰਾਤਨ ਤੰਤੀ ਸਾਜਾਂ ਨਾਲ ਰੱਬੀ ਬਾਣੀ ਦਾ ਗਾਇਨ ਕਰ ਕੇ ਪੂਰਾ ਦਿਨ ਗੁਰਬਾਣੀ ਦਾ ਪ੍ਰਵਾਹ ਚਲਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। । ਇਸ ਮੌਕੇ ਇਸਤਰੀ ਸੰਮੇਲਨ, ਗੁਰਮਤਿ ਵਿਚਾਰ ਅਤੇ ਕਵੀਸ਼ਰੀ ਦਰਬਾਰ ਵੀ ਕਰਵਾਇਆ ਗਿਆ। ਇਸ ਮੌਕੇ ਸੰਤ ਸਮਾਜ ਦੇ ਮੁਖੀ ਬਾਬਾ ਸਰਬਜੋਤ ਸਿੰਘ ਬੇਦੀ ਸਮੇਤ ਵੱਖ-ਵੱਖ ਸਿੱਖ ਜੱਥੇਬੰਦੀਆਂ ਦੇ ਨੁਮਾਇੰਦੇ ਅਤੇ ਆਗੂ ਵੱਡੀ ਗਿਣਤੀ 'ਚ ਹਾਜ਼ਰ ਸਨ।

ਇਸ ਮੌਕੇ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਵੱਲੋਂ ਕਥਾ ਰਾਹੀਂ ਸੰਗਤਾਂ ਨੂੰ ਗੁਰੂ ਨਾਲ ਜੋੜਿਆ ਗਿਆ। ਜਵੱਦੀ ਟਕਸਾਲ ਦੇ ਜਥੇ ਵੱਲੋਂ ਤੰਤੀ ਸਾਜਾਂ ਨਾਲ ਗੁਰਬਾਣੀ ਦੇ ਸਬਦ 'ਗੁਰ ਬਿਨ ਘੋਰ ਅੰਧਾਰ', ਜਾਹਰ ਪੀਰ ਜਗਤ ਗੁਰੂ ਬਾਬਾ ਅਤੇ ਧੰਨ ਨਾਨਕ ਤੇਰੀ ਵੱਡੀ ਕਮਾਈ ਦਾ ਗਾਇਨ ਕੀਤਾ ਗਿਆ। ਸੰਤ ਜਗਜੀਤ ਸਿੰਘ ਹਰਖੋਵਾਲ ਵਾਲਿਆਂ ਦੇ ਜਥੇ ਵਲੋਂ ਵੀ ਕੀਰਤਨ ਰਾਹੀਂ ਆਪਣੀ ਹਾਜ਼ਰੀ ਲਵਾਈ ਗਈ। ਸੰਤ ਹਰੀ ਸਿੰਘ ਰੰਧਾਵੇ ਵਾਲਿਆ ਵਲੋਂ ਕਥਾ ਰਾਹੀਂ ਗੁਰੂ ਦੀ ਬਾਣੀ ਦਾ ਗੁਣਗਾਣ ਕੀਤਾ ਗਿਆ।

ਇਸ ਸਮਾਗਮ ਦੌਰਾਨ ਹੋਏ ਇਸਤਰੀ ਸੰਮੇਲਨ ਮੌਕੇ ਪ੍ਰਸਿੱਧ ਲੇਖਕਾਂ ਅਤੇ ਵਿਦਵਾਨ ਡਾ. ਹਰਸ਼ਿੰਦਰ ਕੌਰ ਦੀ ਕਿਤਾਬ 'ਗੁਰੂ ਨਾਨਕ ਦੀਆਂ ਮਾਨਵ ਕਲਿਆਣਕਾਰੀ ਸਿੱਖਿਆਵਾਂ' ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਸੰਤ ਮਹਾਂਪੁਰਸ਼ਾਂ ਵਲੋਂ ਰਿਲੀਜ਼ ਕੀਤੀ ਗਈ। ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਹਰਸ਼ਿੰਦਰ ਕੌਰ ਨੇ ਕਿਹਾ, "ਸਾਨੂੰ ਅੱਜ ਵੀ ਬਾਬੇ ਨਾਨਕ ਦੀ ਬਾਣੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਸੇਧ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਅੱਜ ਵੀ ਸਮਾਜ ਵਿਚ ਬਰਾਬਰਤਾ, ਸਮਾਨਤਾ ਦਾ ਅਧਿਕਾਰ ਮਿਲਣਾ ਬਾਕੀ ਹੈ।"

ਉਨ੍ਹਾਂ ਕਿਹਾ ਕਿ ਬਾਬੇ ਨਾਨਕ ਦੀਆਂ ਸਿੱਖਿਆਵਾਂ ਅਨੁਸਾਰ ਸਾਨੂੰ ਔਰਤ ਪ੍ਰਤੀ ਆਪਣੀ ਸੋਚ ਨੂੰ ਬਦਲਣ ਦੀ ਲੋੜ ਹੈ। ਗੁਰੂ ਨਾਨਕ ਦੇਵ ਜੀ ਨੇ ਬਾਣੀ ਵਿਚ ਇਸਤਰੀ ਨੂੰ ਬਹੁਤ ਉੱਚਾ ਸਥਾਨ ਬਖਸ਼ਿਸ਼ ਕੀਤਾ ਹੈ ਅਤੇ ਸਾਨੂੰ ਔਰਤ ਦੇ ਹਰ ਰਿਸ਼ਤੇ ਦਾ ਸਤਿਕਾਰ ਕਰਨਾ ਚਾਹੀਦਾ ਹੈ।

ਇਸ ਮੌਕੇ ਪ੍ਰਧਾਨ ਸੰਤ ਸਮਾਜ ਬਾਬਾ ਸਰਬਜੋਤ ਸਿੰਘ ਬੇਦੀ, ਸੰਤ ਬਾਬਾ ਹਰੀ ਸਿੰਘ ਰੰਧਾਵੇ ਵਾਲੇ ,ਸੰਤ ਜਗਜੀਤ ਸਿੰਘ ਹਰਖੋਵਾਲ, ਸੰਤ ਸੁਰਿੰਦਰ ਸਿੰਘ ਮੁਹਾਲੀ, ਸੰਤ ਹਰਜਿੰਦਰ ਸਿੰਘ ਜੌਹਲਾਂ, ਗਿਆਨੀ ਨਛੱਤਰ ਸਿੰਘ ਭਿੰਡਰਾਂ, ਵੀਰ ਜੈਵਿੰਦਰ ਸਿੰਘ ਜੀ ਚੀਮਾ ਸਾਹਿਬ, ਸੰਤ ਬਾਬਾ ਸੁੱਧ ਸਿੰਘ ਟੂਸੇ, ਬਾਬਾ ਪਾਲ ਸਿੰਘ ਲੋਹੀਆਂ, ਸੰਤ ਗੁਰਮੀਤ ਸਿੰਘ ਖੋਸਾ ਕੋਟਲਾ, ਭਾਈ ਅਨਭੋਲ ਸਿੰਘ ਦੀਵਾਨਾ, ਬਾਬਾ ਜਸਬੀਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਤ ਮਹਾਂਪੁਰਸ਼ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਹੀ ਬਾਣੀ ਦਾ ਗੁਣਗਾਨ ਸਰਵਨ ਕਰਨ ਆਈ ਸੰਗਤ ਹਾਜ਼ਰ ਸੀ। ਸਟੇਜ ਸੰਚਾਲਨ ਬਲਵਿੰਦਰ ਸਿੰਘ ਵਲੋਂ ਬਾਖ਼ੂਬੀ ਕੀਤਾ ਗਿਆ।