ਪ੍ਰਕਾਸ ਪੁਰਬ ਸਬੰਧੀ ਫ਼ਿਲਮਾਂ ਬਨਾਉਣ ਵਾਲੇ ਨਿਰਦੇਸ਼ਕਾਂ ਦਾ ਸਨਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

5 ਲੱਖ ਰੁਪਏ, ਸਾਲ ਅਤੇ ਕਿਤਾਬਾਂ ਦੇ ਸੈੱਟਾਂ ਨਾਲ ਸਨਮਾਨ ਕੀਤਾ।

Directors making films on Prakash Purb honoured

ਡੇਰਾ ਬਾਬਾ ਨਾਨਕ : ਕਿਰਤ ਕਰਨ, ਨਾਮ ਜੱਪਣ ਅਤੇ ਵੰਡ ਕੇ ਛਕਣ ਦੇ ਸਿਧਾਂਤ ਤੋਂ ਦੂਰ ਜਾਣ ਕਾਰਨ ਹੀ ਸਮਾਜ ਵਿਚ ਗਿਰਾਵਟ ਆਈ ਹੈ ਅਤੇ ਨਰੋਏ ਸਮਾਜ ਦੀ ਸਿਰਜਣਾ ਲਈ ਲਾਜਮੀ ਹੈ ਕਿ ਗੁਰੂ ਸਾਹਿਬ ਦੀ ਬਾਣੀ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਦੇ ਨਾਲ ਨਾਲ ਗੁਰਬਾਣੀ ਉਤੇ ਅਮਲ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ। ਇਸੇ ਪੱਖ ਨੂੰ ਧਿਆਨ ਵਿਚ ਰਖਦਿਆਂ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਅਤੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਸਬੰਧੀ ਡੇਰਾ ਬਾਬਾ ਨਾਨਕ ਉਤਸਵ ਕਰਵਾਇਆ ਜਾ ਰਿਹਾ ਹੈ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਹਿਕਾਰਤਾ ਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਨੇ ਰੰਧਾਵਾ ਨੇ ਡੇਰਾ ਬਾਬਾ ਨਾਨਕ ਉਤਸਵ ਤਹਿਤ ਬਲਿਹਾਰੀ ਕੁਦਰਤ ਵਸਿਆ' ਪੰਡਾਲ ਵਿਚ ਕਰਵਾਏ ਸੈਮੀਨਾਰ 'ਚ ਬਤੌਰ ਮੁੱਖ ਮਹਿਮਾਨ ਸਰਿਕਤ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਨੇ ਡੇਰਾ ਬਾਬਾ ਨਾਨਕ ਉਤਸਵ ਤਹਿਤ ਕਰਵਾਏ ਫਿਲਮ ਫੈਸਟੀਵਲ ਦੌਰਾਨ ਦਿਖਾਈਆਂ ਗਈਆਂ ਪੰਜ ਲਘੂ ਫਿਲਮਾਂ ਦੇ ਨਿਰਦੇਸਕਾਂ ਦਾ ਕਰੀਬ 5 ਲੱਖ ਰੁਪਏ, ਸਾਲ ਅਤੇ ਕਿਤਾਬਾਂ ਦੇ ਸੈੱਟਾਂ ਨਾਲ ਸਨਮਾਨ ਕੀਤਾ।

ਜ਼ਿਕਰਯੋਗ ਹੈ ਕਿ ਇਸ ਫਿਲਮ ਫੈਸਟੀਵਲ ਤਹਿਤ ਲਘੂ ਫਿਲਮਾਂ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ 28 ਫ਼ਿਲਮਾਂ ਆਈਆਂ ਸਨ, ਜਿਨ੍ਹਾਂ ਵਿਚੋਂ 5 ਫਿਲਮਾਂ ਦੀ ਚੋਣ ਕੀਤੀ ਗਈ ਤੇ ਫਿਲਮ ਫੈਸਟੀਵਲ ਦੌਰਾਨ ਇਹ ਫਿਲਮਾਂ ਲਗਾਤਾਰ ਵਿਖਾਈਆਂ ਗਈਆਂ, ਜਿਨ੍ਹਾਂ ਨੂੰ ਸੰਗਤ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਇਨ੍ਹਾਂ ਪੰਜ ਫਿਲਮਾਂ ਵਿਚੋਂ ਇਹ ਲਾਂਘਾ' ਫਿਲਮ ਬਨਾਉਣ ਵਾਲੇ ਡਾਇਰੈਕਟਰ ਹਰਜੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ, ਜਿਨ੍ਹਾਂ ਨੂੰ 01 ਲੱਖ 51 ਹਜਾਰ ਰੁਪਏ, ਫਿਲਮ ਗੁਰਪੁਰਬ' ਦੇ ਨਿਰਦੇਸਕ ਡਾ. ਸਾਹਿਬ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ, ਜਿਨ੍ਹਾਂ ਨੂੰ 01 ਲੱਖ 31 ਹਜਾਰ ਰੁਪਏ, ਫਿਲਮ ਕਾਫਰ' ਦੇ ਨਿਰਦੇਸਕ ਵਰਿੰਦਰਪਾਲ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ, ਜਿਨ੍ਹਾਂ ਨੂੰ 01 ਲੱਖ 21 ਹਜਾਰ ਰੁਪਏ, ਚੌਥਾ ਸਥਾਨ ਹਾਸਲ ਕਰਨ ਵਾਲੇ ਫਿਲਮ ਇਕ ਓਂਕਾਰ' ਦੇ ਨਿਰਦੇਸਕ ਸੁਖਜੀਤ ਸਰਮਾ ਨੂੰ 51 ਹਜਾਰ ਰੁਪਏ ਅਤੇ ਪੰਜਵਾਂ ਸਥਾਨ ਹਾਸਲ ਕਰਨ ਵਾਲੇ ਫਿਲਮ ਚਾਨਣ' ਦੇ ਨਿਰਦੇਸਕ ਸਤਨਾਮ ਸਿੰਘ ਨੂੰ 31 ਹਜਾਰ ਰੁਪਏ ਨਾਲ ਸਨਮਾਨਿਆ ਗਿਆ।

ਇਸ ਮੌਕੇ ਰਜਿਸਟਰਾਰ ਸਹਿਕਾਰੀ ਸਭਾਵਾਂ, ਵਿਕਾਸ ਗਰਗ, ਮਾਰਕਫੈਡ ਦੇ ਐਮ.ਡੀ. ਵਰੁਣ ਰੂਜਮ, ਸੂਗਰ ਫੈਡ ਦੇ ਐਮ.ਡੀ. ਪੁਨੀਤ ਗੋਇਲ, ਪੰਜਾਬ ਰਾਜ ਸਹਿਕਾਰੀ ਬੈਂਕ ਦੇ ਐਮ.ਡੀ. ਡਾ. ਐਸ.ਕੇ. ਬਾਤਿਸ, ਡੇਰਾ ਬਾਬਾ ਨਾਨਕ ਉਤਸਵ ਦੇ ਕੋਆਰਡੀਨੇਟਰ ਅਮਰਜੀਤ ਗਰੇਵਾਲ, ਮਨਮੋਹਨ ਸਿੰਘ, ਡਾ. ਬੂਟਾ ਸਿੰਘ ਬਰਾੜ, ਡਾ. ਜੋਗਾ ਸਿੰਘ, ਡਾ. ਮੁਹੰਮਦ ਇਕਦੀਸ, ਡਾ. ਨਛੱਤਰ ਸਿੰਘ, ਡਾ: ਚਰਨਜੀਤ ਕੌਰ, ਡਾ. ਰਜਿੰਦਰਪਾਲ ਬਰਾੜ, ਡਾ. ਸਵਰਨ ਸਿੰਘ, ਡਾ. ਵਿਵੇਕ ਸਚਦੇਵਾ, ਡਾ. ਸਵਰਾਜ ਸਿੰਘ, ਡਾ. ਰਜਿੰਦਰ ਕੌਰ ਸਮੇਤ ਦੇਸ ਦੇ ਵੱਖ ਵੱਖ ਖਿੱਤਿਆਂ ਵਿਚੋਂ ਪੁੱਜੇ ਵਿਦਵਾਨ ਹਾਜ਼ਰ ਸਨ।