ਸ੍ਰੀ ਗੁਰੂ ਨਾਨਕ ਸਾਹਿਬ ਦੇ ਨਾਂਅ 'ਤੇ 11 ਯੂਨੀਵਰਸਟੀਆਂ 'ਚ ਚੇਅਰ ਸਥਾਪਤ ਹੋਵੇਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੱਡਾ ਐਲਾਨ

Punjab  CM Announce Chair In Name Of Sri Guru nanak Dev Ji For 11 Universities

ਸੂਚੀ ਵਿਚ ਇਰਾਨ ਦੀ ਯੂਨੀਵਰਸਟੀ ਵੀ ਸ਼ਾਮਲ
ਗੁਰੂ ਨਾਨਕ ਜੀ ਦੇ ਜੀਵਨ 'ਤੇ ਆਧਾਰਤ ਫ਼ਾਰਸੀ 'ਚ ਲਿਖੀ ਪੁਸਤਕ ਕੀਤੀ ਜਾਰੀ

ਕਪੂਰਥਲਾ  (ਸਪੋਕਸਮੈਨ ਸਮਾਚਾਰ ਸੇਵਾ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਯਾਦਗਾਰੀ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ 'ਤੇ 11 ਯੂਨੀਵਰਸਟੀਆਂ ਵਿਚ ਚੇਅਰ ਸਥਾਪਤ ਕਰਨ ਦੇ ਫ਼ੈਸਲੇ ਦਾ ਐਲਾਨ ਕੀਤਾ ਗਿਆ ਹੈ ਜਿਨ੍ਹਾਂ ਵਿਚ ਇਕ ਈਰਾਨ ਦੀ ਯੂਨੀਵਰਸਟੀ ਵੀ ਸ਼ਾਮਲ ਹੈ।

ਮੁੱਖ ਮੰਤਰੀ ਨੇ ਇਹ ਐਲਾਨ ਇਥੇ ਪੰਜਾਬ ਤਕਨੀਕੀ ਯੂਨੀਵਰਸਟੀ ਵਿਖੇ ਇਕ ਸਮਾਗਮ ਦੌਰਾਨ 11 ਯੂਨੀਵਰਸਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿਚ ਕੀਤਾ। ਦਸਣਯੋਗ ਹੈ ਕਿ ਇਨ੍ਹਾਂ ਯੂਨੀਵਰਸਟੀਟਾਂ ਵਿਚ 7 ਯੂਨੀਵਰਸਟੀਆਂ ਪੰਜਾਬ ਵਿਚ ਅਤੇ 3 ਭਾਰਤ ਵਿਚ ਅਲੱਗ ਅਲੱਗ ਥਾਂ 'ਤੇ ਸਥਿਤ ਹਨ। ਇਹ ਚੇਅਰ ਗੁਰੂ ਜੀ ਦੇ ਜੀਵਨ ਅਤੇ ਸਿਖਿਆਵਾਂ 'ਤੇ ਖ਼ੋਜ ਦੇ ਮੰਤਵ ਨਾਲ ਸਥਾਪਤ ਕੀਤੀ ਜਾਵੇਗੀ।

ਇਹ ਸਮਾਰੋਹ ਵਿਸ਼ਵ ਭਰ 'ਚੋਂ 400 ਨਾਨਕ ਨਾਮ ਲੇਵਾ ਪ੍ਰਮੁੱਖ ਪੰਜਾਬੀ ਸ਼ਖ਼ਸੀਅਤਾਂ ਨੂੰ ਉਨ੍ਹਾਂ ਦੁਆਰਾ ਵੱਖ-ਵੱਖ ਖੇਤਰਾਂ ਵਿਚ ਪਾਏ ਸ਼ਾਨਦਾਰ ਯੋਗਦਾਨ ਲਈ ਸਨਮਾਨਤ ਕਰਨ ਲਈ ਕਰਵਾਇਆ ਗਿਆ। ਮੁੱਖ ਮੰਤਰੀ ਨੇ ਪੰਜਾਬੀਆਂ ਦੁਆਰਾ ਅਪਣੀਆਂ ਪ੍ਰਾਪਤੀਆਂ ਨਾਲ ਸੂਬੇ ਅਤੇ ਦੇਸ਼ ਲਈ ਮਾਣ ਖੱਟਣ 'ਤੇ ਖ਼ੁਸ਼ੀ ਜ਼ਾਹਰ ਕੀਤੀ।

ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀਆਂ ਨੂੰ ਅਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਅਤੇ ਸੂਬੇ ਦੀ ਮੁੜ ਸੁਰਜੀਤੀ ਅਤੇ ਨੌਜਵਾਨਾਂ ਦੀ ਪ੍ਰਗਤੀ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਸਰਕਾਰ ਦਾ ਸਾਥ ਦੇਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ, ''ਆਉ ਅਸੀਂ ਨੌਜਵਾਨਾਂ ਨੂੰ ਰੁਜ਼ਾਗਰ ਦੇ ਮੌਕੇ ਮੁਹਈਆ ਕਰਵਾਉਣ ਲਈ ਮਿਲ ਕੇ ਕਾਰਜ ਕਰੀਏ।'' ਇਸ ਮੌਕੇ ਮੁੱਖ ਮੰਤਰੀ ਨੇ ਦਲਬੀਰ ਸਿੰਘ ਪੰਨੂ ਦੀ ਲਿਖੀ ਕਿਤਾਬ “ਦਿ ਸਿੱਖ ਹੈਰੀਟੇਜ ਬਿਔਂਡ ਬਾਰਡਰਜ਼” ਵੀ ਰਿਲੀਜ਼ ਕੀਤੀ ਅਤੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿਖਿਆਵਾਂ 'ਤੇ ਆਧਾਰਿਤ ਇਕ ਇਰਾਨੀ ਲੇਖਕ ਦੀ ਫ਼ਾਰਸੀ 'ਚ ਲਿਖੀ ਕਿਤਾਬ ਵੀ ਰਿਲੀਜ਼ ਕੀਤੀ।