ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਤੋਂ ਬੱਚੇ ਅਣਜਾਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰ ਅਤੇ ਮਾਪਿਆਂ ਲਈ ਸ਼ਰਮ ਵਾਲੀ ਗੱਲ

Parkash Purb celebrated at Sultanpur Lodhi

ਸੁਲਤਾਨਪੁਰ ਲੋਧੀ : ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਪੂਰੀ ਦੁਨੀਆ 'ਚ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਸੁਲਤਾਨਪੁਰ ਲੋਧੀ 'ਚ ਲੜੀਵਾਰ ਸਮਾਗਮ ਕਰਵਾਏ ਜਾ ਰਹੇ ਹਨ। ਸੁਲਤਾਨਪੁਰ ਲੋਧੀ ਵਿਖੇ ਸੰਗਤਾਂ ਦੀਆਂ ਖੂਬ ਰੌਣਕਾਂ ਲੱਗੀਆਂ ਹੋਈਆਂ ਹਨ। ਦੂਰੋਂ-ਦੂਰੋਂ ਲੋਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆ ਰਹੇ ਹਨ। ਇਸ ਪ੍ਰਕਾਸ਼ ਪੁਰਬ ਨੂੰ ਹਰ ਕੋਈ ਆਪਣੇ ਵਿਲੱਖਣ ਢੰਗ ਨਾਲ ਮਨਾ ਰਿਹਾ ਹੈ। 

'ਸਪੋਕਸਮੈਨ ਟੀਵੀ' ਦੇ ਪੱਤਰਕਾਰ ਸੁਰਖਾਬ ਚੰਨ ਨੇ ਸੁਲਤਾਨਪੁਰ ਲੋਧੀ ਪੁੱਜੇ ਕੁਝ ਬੱਚਿਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਬਾਬੇ ਨਾਨਕ ਬਾਰੇ ਕੁਝ ਸਵਾਲ ਕੀਤੇ।

ਗਗਨਦੀਪ ਸਿੰਘ ਨਾਂ ਦੇ ਬੱਚੇ ਤੋਂ ਜਦੋਂ ਬਾਬੇ ਨਾਨਕ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਸਾਫ਼ ਕਹਿ ਦਿੱਤਾ ਕਿ ਉਹ ਕੁਝ ਨਹੀਂ ਜਾਣਦਾ। ਉਸ ਨੇ ਦੱਸਿਆ ਕਿ ਨਾ ਤਾਂ ਉਸ ਨੂੰ ਕਦੇ ਸਕੂਲ ਅਤੇ ਨਾ ਹੀ ਮਾਪਿਆਂ ਜਾਂ ਦਾਦਾ-ਦਾਦੀ ਆਦਿ ਵਲੋਂ ਕਦੇ ਉਸ ਨੂੰ ਬਾਬੇ ਨਾਨਕ ਬਾਰੇ ਕੁਝ ਦੱਸਿਆ ਗਿਆ।

ਦੂਜੀ ਜਮਾਤ 'ਚ ਪੜ੍ਹ ਰਹੇ ਬੱਚੇ ਹਰਮਨਦੀਪ ਤੋਂ ਜਦੋਂ ਬਾਬੇ ਨਾਨਕ ਬਾਰੇ ਪੁੱਛਿਆ ਗਿਆ ਤਾਂ ਉਹ ਵੀ ਸੋਚ ਵਿਚਾਰ 'ਚ ਪੈ ਗਿਆ ਅਤੇ ਕੋਈ ਜਵਾਬ ਨਾ ਦਿੱਤਾ। ਉਸ ਨੇ ਦੱਸਿਆ ਕਿ ਉਹ ਕਾਨਵੈਂਟ ਸਕੂਲ 'ਚ ਪੜ੍ਹਦਾ ਹੈ ਅਤੇ ਉਸ ਨੂੰ ਬਾਬੇ ਨਾਨਕ ਬਾਰੇ ਕੁਝ ਨਹੀਂ ਪੜ੍ਹਾਈਆ ਗਿਆ। 

ਮਹਿਕਪ੍ਰੀਤ ਨਾਂ ਦੀ ਕੁੜੀ ਤੋਂ ਬਾਬੇ ਨਾਨਕ ਦੇ ਸੁਲਤਾਨਪੁਰ ਲੋਧੀ ਨਾਲ ਸਬੰਧ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਇਸ ਅਸਥਾਨ 'ਤੇ ਗੁਰੂ ਜੀ ਨੇ 14 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ। ਉਸ ਨੇ ਮੂਲ ਮੰਤਰ ਵੀ ਸੁਣਾਇਆ।

ਇਕ ਹੋਰ 6ਵੀਂ ਜਮਾਤ 'ਚ ਪੜ੍ਹ ਰਹੀ ਬੱਚੀ ਗੁਰਪ੍ਰੀਤ ਕੌਰ ਨੂੰ ਵੀ ਜਦੋਂ ਬਾਬੇ ਨਾਨਕ ਦੇ ਸੁਲਤਾਨਪੁਰ ਲੋਧੀ ਨਾਲ ਸਬੰਧ ਬਾਰੇ ਪੁੱਛਿਆ ਗਿਆ ਤਾਂ ਉਹ ਕੋਈ ਜਵਾਬ ਨਾ ਦੇ ਸਕੀ।

ਤੀਜੀ ਜਮਾਤ 'ਚ ਪੜ੍ਹ ਰਿਹਾ ਮਨਦੀਪ ਸਿੰਘ ਤਾਂ ਬਾਬਾ ਨਾਨਕ ਤੋਂ ਅਣਜਾਣ ਸੀ। ਉਸ ਨੇ ਦੱਸਿਆ ਕਿ ਉਸ ਨੂੰ ਸਕੂਲ 'ਚ ਕਦੇ ਬਾਬੇ ਨਾਨਕ ਬਾਰੇ ਨਹੀਂ ਪੜ੍ਹਾਇਆ ਗਿਆ। ਬਾਬੇ ਨਾਨਕ ਦੇ ਤਿੰਨ ਉਪਦੇਸ਼ਾਂ ਬਾਰੇ ਵੀ ਉਹ ਨਾ ਦੱਸ ਸਕਿਆ। 

6ਵੀਂ ਜਮਾਤ 'ਚ ਪੜ੍ਹ ਰਹੇ ਰੇਸ਼ਮਪ੍ਰੀਤ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਸਨ। ਉਸਾਦੀਆਂ ਬਾਰੇ ਜਦੋਂ ਉਸ ਨੂੰ ਸਵਾਲ ਕੀਤਾ ਤਾਂ ਉਹ ਨਹੀਂ ਦੱਸ ਸਕਿਆ ਕਿ ਬਾਬੇ ਨਾਨਕ ਨੇ ਕਿੰਨੀਆਂ ਉਦਾਸੀਆਂ ਕੀਤੀਆਂ ਸਨ। ਉਸ ਨੂੰ ਇੰਨਾ ਜ਼ਰੂਰ ਪਤਾ ਸੀ ਕਿ ਸੁਤਲਾਨਪੁਰ ਲੋਧੀ 'ਚ ਬਾਬੇ ਨਾਨਕ ਦੀ ਭੈਣ ਦਾ ਘਰ ਸੀ ਅਤੇ ਉਨ੍ਹਾਂ ਨੇ ਇਥੇ ਵੇਂਈ ਨਦੀ 'ਚ ਚੁੱਭੀ ਲਗਾਈ ਸੀ ਅਤੇ ਮੂਲ ਮੰਤਰੀ ਦਾ ਇਥੋਂ ਉਚਾਰਣ ਕੀਤਾ ਸੀ।

ਇਕ ਹੋਰ ਬੱਚੇ ਅਮਰਜੀਤ ਤੋਂ ਜਦੋਂ ਬਾਬੇ ਨਾਨਕ ਬਾਰੇ ਸਵਾਲ ਕੀਤਾ ਤਾਂ ਉਸ ਨੂੰ ਜ਼ਿਆਦਾ ਕੁਝ ਨਹੀਂ ਪਤਾ। ਉਹ ਪਹਿਲੀ ਵਾਰ ਸੁਲਤਾਨਪੁਰ ਲੋਧੀ ਆਇਆ ਹੈ। ਉਹ ਜਗਰਾਉਂ ਤੋਂ ਇਥੇ ਆਇਆ ਸੀ। ਉਸ ਨੇ ਦੱਸਿਆ ਕਿ ਉਸ ਨੇ ਸਕੂਲ 'ਚ ਬਾਬੇ ਨਾਨਕ ਬਾਰੇ ਨਹੀਂ ਪੜ੍ਹਿਆ। ਉਹ ਇਹ ਵੀ ਨਹੀਂ ਦੱਸ ਸਕਿਆ ਕਿ ਬਾਬਾ ਨਾਨਕ ਸਿੱਖਾਂ ਦੇ ਕਿੰਨਵੇਂ ਗੁਰੂ ਸਨ।

ਗੁਰਸਾਹਿਲ ਸਿੰਘ ਨੇ ਦੱਸਿਆ ਕਿ ਉਹ 6ਵੀਂ ਜਮਾਤ 'ਚ ਪੜ੍ਹਦਾ ਹੈ। ਉਹ ਲੁਧਿਆਣਾ ਤੋਂ ਆਇਆ ਹੈ। ਉਸ ਨੇ ਗੁਰੂ ਨਾਨਕ ਦੇਵ ਦੀ ਦੇ ਜਨਮ, ਮਾਤਾ-ਪਿਤਾ, ਉਪਦੇਸ਼ ਆਦਿ ਬਾਰੇ ਬਿਲਕੁਲ ਸਹੀ ਜਵਾਬ ਦਿੱਤਾ। ਇਕ ਹੋਰ ਬੱਚੀ ਅਨਮੋਲ ਨੂੰ ਜਦੋਂ ਬਾਬੇ ਨਾਨਕ ਬਾਰੇ ਪੁੱਛਿਆ ਗਿਆ ਤਾਂ ਉਹ ਕੁਝ ਵੀ ਨਾ ਬੋਲ ਸਕੀ।

ਮਨਪ੍ਰੀਤ ਕੌਰ ਨਾਂ ਦੀ ਬੱਚੀ ਨੇ ਬਾਬੇ ਨਾਨਕ ਦੇ ਸੁਲਤਾਨਪੁਰ ਲੋਧੀ ਨਾਲ ਸਬੰਧ ਵਾਰੇ ਵਿਸਤਾਰ ਨਾਲ ਦੱਸਿਆ ਕਿ ਉੁਨ੍ਹਾਂ ਦੀ ਭੈਣ ਨਾਨਕੀ ਇਥੇ ਵਿਆਹੀ ਹੋਈ ਸੀ। ਉਨ੍ਹਾਂ ਨੇ ਇਥੇ ਮੋਦੀਖਾਨੇ 'ਚ ਨੌਕਰੀ ਕੀਤੀ। ਉਸ ਨੇ ਦੱਸਿਆ ਕਿ ਇਹ ਸਾਰਾ ਕੁਝ ਉਸ ਨੇ ਆਪਣੇ ਸਕੂਲ 'ਚ ਪੜ੍ਹਿਆ ਹੈ।

ਚੌਥੀ ਜਮਾਤ 'ਚ ਪੜ੍ਹ ਰਹੇ ਜੋਬਨਪ੍ਰੀਤ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਕੌਣ ਸਨ ਤਾਂ ਉਸ ਨੇ ਕੋਈ ਜਵਾਬ ਨਾ ਦਿੱਤਾ। ਉਹ ਇੰਗਲਿਸ਼ ਮੀਡੀਅਮ ਸਕੂਲ 'ਚ ਪੜ੍ਹਦਾ ਹੈ ਅਤੇ ਉਸ ਨੂੰ ਕਦੇ ਬਾਬੇ ਨਾਨਕ ਬਾਰੇ ਅਧਿਆਪਕਾਂ ਵਲੋਂ ਨਹੀਂ ਪੜ੍ਹਾਇਆ ਗਿਆ।