ਲੁਟੇਰਿਆਂ ਦੇ ਹੌਂਸਲੇ ਬੁਲੰਦ, ਥਾਣੇ ਦੇ ਨੇੜਿਓਂ ਕਿਸਾਨ ਤੋਂ ਲੁੱਟੇ 1 ਲੱਖ 

ਏਜੰਸੀ

ਖ਼ਬਰਾਂ, ਪੰਜਾਬ

ਘਟਨਾ ਮਾਛੀਵਾੜਾ ਦੀ ਹੈ, ਜਿੱਥੇ ਕਿਸਾਨ ਤੋਂ 2 ਲੁਟੇਰਿਆਂ ਨੇ 1 ਲੱਖ ਲੁੱਟ ਲਿਆ

1 lakh looted from a farmer near the police station

 

ਮਾਛੀਵਾੜਾ ਸਾਹਿਬ : ਲੁਟੇਰਿਆਂ ਦੇ ਹੌਂਸਲੇ ਦਿਨੋਂ ਦਿਨ ਵਧਦੇ ਜਾ ਰਹੇ ਹਨ। ਅੱਜ ਮਾਛੀਵਾੜਾ ਇਲਾਕੇ 'ਚ ਲੁਟੇਰਿਆਂ ਨੇ ਪੁਲਿਸ ਥਾਣੇ ਦੇ ਬਿਲਕੁਲ ਨੇੜਿਓਂ ਹੀ ਇੱਕ ਕਿਸਾਨ ਤੋਂ 1 ਲੱਖ ਰੁਪਏ ਦੀ ਨਕਦੀ ਲੁੱਟ ਲਈ ਅਤੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਪਿੰਡ ਭੌਰਲਾ ਬੇਟ ਦਾ ਨਿਵਾਸੀ ਸਾਬਕਾ ਸਰਪੰਚ ਅਤੇ ਕਿਸਾਨ ਜਸਵੰਤ ਸਿੰਘ ਨੈਸ਼ਨਲ ਬੈਂਕ ’ਚੋਂ ਆਪਣੀ ਫ਼ਸਲ ਦੀ ਰਾਸ਼ੀ ਕਢਵਾਉਣ ਆਇਆ ਸੀ।ਕਿਸਾਨ ਜਸਵੰਤ ਸਿੰਘ ਨੇ ਬੈਂਕ ’ਚੋਂ ਇੱਕ ਲੱਖ ਰੁਪਏ ਦੀ ਨਕਦ ਰਾਸ਼ੀ ਕਢਵਾ ਕੇ ਆਪਣੇ ਹੱਥ 'ਚ ਫੜ੍ਹੇ ਛੋਟੇ ਬੈਗ 'ਚ ਪਾ ਲਈ।

ਕਿਸਾਨ ਜਸਵੰਤ ਸਿੰਘ ਬੈਂਕ ’ਚੋਂ ਰਾਸ਼ੀ ਕਢਵਾਉਣ ਤੋਂ ਬਾਅਦ ਜਦੋਂ ਵਾਪਸ ਆਇਆ ਤਾਂ ਉਹ ਆਪਣੇ ਇੱਕ ਦੋਸਤ ਬਿੱਟੂ ਸਰਪੰਚ ਖਾਨਪੁਰ ਦੀ ਗੱਡੀ 'ਚ ਬੈਠ ਕੇ ਉਸ ਨਾਲ ਕੁੱਝ ਗੱਲਬਾਤ ਕਰਨ ਲੱਗਾ। ਕੁੱਝ ਮਿੰਟਾਂ ਬਾਅਦ ਉਹ ਬਿਲਕੁਲ ਥਾਣੇ ਨੇੜੇ ਹੀ ਗੱਡੀ ’ਚੋਂ ਬਾਹਰ ਨਿਕਲਿਆ ਅਤੇ ਬੈਂਕ ਦੇ ਬਾਹਰ ਖੜ੍ਹੇ ਆਪਣੇ ਮੋਟਰਸਾਈਕਲ ਨੂੰ ਚੁੱਕਣ ਜਾ ਰਿਹਾ ਸੀ ਕਿ ਅਚਾਨਕ ਇੱਕ ਮੋਟਰਸਾਈਕਲ ’ਤੇ 2 ਵਿਅਕਤੀ ਆਏ, ਜਿਨ੍ਹਾਂ ਨੇ ਜਸਵੰਤ ਸਿੰਘ ਦੇ ਹੱਥ 'ਚ ਫੜ੍ਹਿਆ ਬੈਗ ਖੋਹਿਆ ਜਿਸ ਵਿਚ 1 ਲੱਖ ਰੁਪਏ ਦੀ ਨਕਦੀ ਸੀ, ਬੈਗ ਖੋਹ ਕੇ ਲੁਟੇਰੇ ਫਰਾਰ ਹੋ ਗਏ।

ਜਸਵੰਤ ਸਿੰਘ ਵਲੋਂ ਮਾਛੀਵਾੜਾ ਪੁਲਿਸ ਥਾਣਾ ਜਾ ਕੇ ਆਪਣੇ ਨਾਲ ਹੋਈ ਲੁੱਟ ਦੀ ਘਟਨਾ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ।ਇਸ ’ਤੇ ਪੁਲਿਸ ਨੇ ਬੈਂਕ ਦੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ। ਜਸਵੰਤ ਸਿੰਘ ਨੇ ਗੱਲਬਾਤ ਕਰਦਿਆਂ ਪੱਤਰਕਾਰਾਂ ਨੂੰ ਦੱਸਿਆ ਕਿ ਜਿਨ੍ਹਾਂ 2 ਵਿਅਕਤੀਆਂ ਨੇ ਲੁੱਟ ਕੀਤੀ ਹੈ, ਉਨ੍ਹਾਂ ’ਚੋਂ ਇੱਕ ਦੇ ਹੈਲਮੈੱਟ ਪਾਇਆ ਹੋਇਆ ਸੀ, ਜਦੋਂ ਕਿ ਦੂਸਰੇ ਦਾ ਚਿਹਰਾ ਉਹ ਚੰਗੀ ਤਰ੍ਹਾਂ ਦੇਖ ਨਾ ਸਕਿਆ।

ਮਾਛੀਵਾੜਾ ਪੁਲਿਸ ਥਾਣਾ ਨੇੜੇ ਕਾਫ਼ੀ ਬੈਂਕ ਹਨ, ਜਿੱਥੇ ਕਿ ਅੱਜ-ਕੱਲ੍ਹ ਕਿਸਾਨਾਂ ਵਲੋਂ ਵੇਚੀ ਝੋਨੇ ਦੀ ਫ਼ਸਲ ਸਬੰਧੀ ਅਦਾਇਗੀ ਦਾ ਲੈਣ-ਦੇਣ ਕੀਤਾ ਜਾ ਰਿਹਾ ਹੈ ਪਰ ਅੱਜ ਲੁਟੇਰਿਆਂ ਵਲੋਂ ਬੇਖ਼ੌਫ਼ ਹੋ ਕੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਲੋਕਾਂ 'ਚ ਸਹਿਮ ਦਾ ਮਾਹੌਲ ਹੈ ਕਿ ਉਹ ਪੁਲਸ ਥਾਣੇ ਨੇੜੇ ਵੀ ਸੁਰੱਖਿਅਤ ਨਹੀਂ। ਜਦੋਂ ਇਸ ਬਾਰੇ ਡੀ. ਐਸੱ. ਪੀ. ਬਰਿਆਮ ਸਿੰਘ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਜਲਦ ਹੀ ਮੁਲਜ਼ਮ ਹਿਰਾਸਤ 'ਚ ਹੋਣਗੇ। ਉਨ੍ਹਾਂ ਕਿਹਾ ਕਿ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਖੰਗਾਲ ਕੇ ਕਬਜ਼ੇ ਵਿਚ ਲਈ ਗਈ ਹੈ।