ਪ੍ਰਮਾਤਮਾ ਨੂੰ ਸਾਡੀਆਂ ਸਾਰੀਆਂ ਗਲਤੀਆਂ ਦਾ ਪਤੈ : ਪ੍ਰਕਾਸ਼ ਸਿੰਘ ਬਾਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਘਾਗ ਸਿਆਸਤਦਾਨ ਵਜੋਂ ਜਾਣੇ ਜਾਂਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ....

Parkash Singh Badal

ਅੰਮ੍ਰਿਤਸਰ, 10 ਦਸੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਘਾਗ ਸਿਆਸਤਦਾਨ ਵਜੋਂ ਜਾਣੇ ਜਾਂਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸੂਚਨਾ ਕੇਂਦਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਭੁੱਲਾਂ ਬਖ਼ਸ਼ਾਉਣ ਲਈ ਗੁਰੂ ਘਰ ਆਏ ਹਨ ਅਤੇ ਉਨ੍ਹਾਂ ਰੱਬ ਦੇ ਘਰ ਹੋਈਆਂ ਗ਼ਲਤੀਆਂ ਤੇ ਭੁੱਲਾਂ ਨੂੰ ਬਖ਼ਸ਼ਣ ਦੀ ਅਰਜੋਈ ਕੀਤੀ ਹੈ। ਬਾਦਲ ਨੇ ਸਪੱਸ਼ਟ ਕੀਤਾ, 'ਪ੍ਰਮਾਤਮਾ ਨੂੰ ਸਾਡੀ ਹਕੂਮਤ ਸਮੇਂ ਹੋਈਆਂ ਸਾਰੀਆਂ ਗ਼ਲਤੀਆਂ ਦਾ ਪਤਾ ਹੈ। ਅੱਜ ਅਸਾਂ ਇਥੇ ਕੋਈ ਸਿਆਸੀ ਗੱਲਬਾਤ ਨਹੀਂ ਕਰਨੀ।

ਸਿਆਸੀ ਗੱਲਾਂ ਕਰਨ ਅਤੇ ਵਿਰੋਧੀ ਧਿਰ ਵਿਰੁਧ ਬਿਆਨਬਾਜ਼ੀ ਕਰਨ ਲਈ ਰੋਜ਼ਾਨਾ ਬਹੁਤ ਮੌਕੇ ਆਉਂਦੇ ਹਨ। ਅੱਜ ਅਸੀਂ ਧਾਰਮਕ ਸਮਾਗਮ 'ਚ ਆਏ ਹਾਂ।' ਜਿਸ ਵੇਲੇ ਭੁੱਲਾਂ ਸਬੰਧੀ ਅਰਦਾਸ ਅਕਾਲ ਤਖ਼ਤ ਸਾਹਿਬ ਵਿਖੇ ਹੋ ਰਹੀ ਸੀ, ਬਾਹਰ ਸੰਗਤ ਵਲੋਂ ਬਾਦਲਾਂ ਵਿਰੁਧ ਰੋਹ ਭਰਿਆ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਹ ਪ੍ਰਦਰਸ਼ਨ ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਦੀ ਅਗਵਾਈ ਹੇਠ ਹੋ ਰਿਹਾ ਸੀ। ਮੰਗ ਕੀਤੀ ਜਾ ਰਹੀ ਸੀ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਫ਼ਖ਼ਰ-ਏ-ਕੌਮ ਦੀ ਉਪਾਧੀ ਵਾਪਸ ਲਈ ਜਾਵੇ, ਗੁਨਾਹ ਬਖ਼ਸ਼ਣਯੋਗ ਨਹੀਂ ਹੁੰਦੇ, ਮਾਫ਼ੀ ਗ਼ਲਤੀ ਦੀ ਹੁੰਦੀ ਹੈ।

ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿਚ ਤਖ਼ਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ 'ਤੇ ਬਾਦਲਾਂ ਵਿਰੁਧ ਨਾਹਰੇਬਾਜ਼ੀ ਲਿਖੀ ਹੋਈ ਸੀ। ਪ੍ਰਦਰਸ਼ਨਕਾਰੀ 'ਸਤਿਨਾਮ ਵਾਹਿਗੁਰੂ' ਦਾ ਜਾਪ ਸ੍ਰੀ ਅਕਾਲ ਤਖ਼ਤ ਵਾਲੇ ਪਾਸੇ ਕਰ ਰਹੇ ਸਨ ਜਿਸ ਰਾਹੀਂ ਬਾਦਲ ਪਰਵਾਰ ਅਤੇ ਅਕਾਲੀ ਲੀਡਰਸ਼ਿਪ ਨੇ ਲੰਘਣਾ ਸੀ ਪਰ ਸੁਰੱਖਿਆ ਨੂੰ ਵੇਖਦਿਆਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਨੂੰ ਦੂਜੇ ਰਸਤੇ ਜਾਣਾ ਪਿਆ।