ਕੱਚੇ ਜੰਗਲਾਤ ਕਾਮਿਆਂ ਨੂੰ ਪੱਕਾ ਕਰਨ ਸਬੰਧੀੇ ਤਜਵੀਜ਼ ਮੁੱਖ ਮੰਤਰੀ ਨੂੰ ਭੇਜਾਂਗੇ: ਸਾਧੂ ਸਿੰਘ ਧਰਮਸੋਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੰਗਲਾਤ ਵਰਕਰ ਯੂਨੀਅਨ ਦੇ ਵਫ਼ਦ ਵੱਲੋਂ ਜੰਗਲਾਤ ਮੰਤਰੀ ਨਾਲ ਮੁਲਾਕਾਤ

Forest Workers Union delegation met Minister of Forests

ਚੰਡੀਗੜ੍ਹ: ਜੰਗਲਾਤ ਵਿਭਾਗ ’ਚ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ ਕੱਚੇ ਕਾਮਿਆਂ ਨੂੰ ਪੱਕਾ ਕਰਨ ਲਈ ਤਜਵੀਜ ਬਣਾ ਕੇ ਮੁੱਖ ਮੰਤਰੀ, ਪੰਜਾਬ ਨੂੰ ਭੇਜੀ ਜਾਵੇਗੀ। ਇਹ ਪ੍ਰਗਟਾਵਾ ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਅੱਜ ਇੱਥੇ ਜੰਗਲਾਤ ਵਰਕਰ ਯੂਨੀਅਨ ਦੇ ਵਫ਼ਦ ਨਾਲ ਮੁਲਾਕਾਤ ਦੌਰਾਨ ਕੀਤਾ।

ਜੰਗਲਾਤ ਮੰਤਰੀ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਵਿਭਾਗ ’ਚ ਸੇਵਾ ਨਿਭਾ ਰਹੇ ਕੱਚੇ ਕਾਮਿਆਂ ਨੂੰ ਤਰਕਸੰਗਤ ਪ੍ਰਕਿਰਿਆ ਅਪਣਾ ਕੇ ਪੱਕਾ ਕਰਨ ਦੀ ਇੱਕ ਤਜਵੀਜ਼ ਤਿਆਰ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜੰਗਲਾਤ ਕਾਮਿਆਂ ਦਾ ਸਮੁੱਚੇ ਰਿਕਾਰਡ ਦੇ ਆਧਾਰ ’ਤੇ ਸੀਨੀਆਰਤਾ ਸੂਚੀ ਬਣਾਉਣ ਦੇ ਹੁਕਮ ਵਿਭਾਗੀ ਅਧਿਕਾਰੀਆਂ ਨੂੰ ਦੇ ਦਿੱਤੇ ਗਏ ਹਨ।

ਧਰਮਸੋਤ ਨੇ ਪਲਾਂਟੇਸ਼ਨ ਦੀ ਸਹੀ ਸਫ਼ਲਤਾ ਹਾਸਲ ਕਰਨ ਲਈ ਨਰਸਰੀਆਂ ’ਚ ਥੈਲੀਆਂ ਦੀ ਭਰਾਈ ਅਤੇ ਪਲਾਂਟੇਸ਼ਨ ਲਈ ਟੋਏ ਪੁੱਟਣ ਦਾ ਕੰਮ ਅਗੇਤੇ ਤੌਰ ’ਤੇ ਸ਼ੁਰੂ ਕਰਨ ਲਈ ਵੀ ਕਿਹਾ। ਉਹਨਾਂ ਕਿਹਾ ਕਿ ਬੂਟੇ ਲਾਉਣ ਅਤੇ ਪਾਲਣ ਦੌਰਾਨ ਪੇਸ਼ੇਵਰਾਨਾ ਢੰਗ ਅਪਣਾਇਆ ਜਾਵੇ ਅਤੇ ਸੜਕਾਂ ਦੇ ਕਿਨਾਰਿਆਂ ’ਤੇ ਪੰਜ ਫੁੱਟ ਤੋਂ ਵੱਧ ਲੰਬਾਈ ਦੇ ਬੂਟੇ ਲਾਉਣ ਨੂੰ ਪਹਿਲ ਦਿੱਤੀ ਜਾਵੇ।

ਉਹਨਾਂ ਕਿਹਾ ਕਿ ਬੂਟੇ ਲਾਉਣ ਦੇ ਨਾਲ-ਨਾਲ ਉਹਨਾਂ ਦੀ ਸੰਭਾਲ ਕਰਨੀ ਵੀ ਬਹੁਤ ਜ਼ਰੂਰੀ ਹੈ। ਉਹਨਾਂ ਵਾਤਾਵਰਣ ਸੰਭਾਲ ਤੇ ਬੂਟੇ ਲਾਉਣ ਵਰਗੇ ਪਵਿੱਤਰ ਕਾਰਜ ਲਈ ਸੂਬੇ ਦੇ ਨਾਗਰਿਕਾਂ ਨੂੰ ਪ੍ਰੇਰਿਤ ਕਰਕੇ ਸ਼ਮੂਲੀਅਤ ਕਰਾਉਣ ’ਤੇ ਵੀ ਜ਼ੋਰ ਦਿੱਤਾ। 

ਧਰਮਸੋਤ ਨੇ ਜੰਗਲਾਤ ਅਧਿਕਾਰੀਆਂ ਨੂੰ ਜੰਗਲਾਤ ਕਾਮਿਆਂ ਦੀਆਂ ਬਕਾਇਆ ਅਦਾਇਗੀਆਂ ਤੁਰੰਤ ਜਾਰੀ ਕਰਾਉਣ, ਵਰਦੀਆਂ ਸਬੰਧੀ ਬਕਾਇਆ ਰਾਸ਼ੀ ਜਲਦ ਜਾਰੀ ਕਰਨ ਅਤੇ ਇਸ ਤੋਂ ਇਲਾਵਾ ਸੂਬੇ ਭਰ ’ਚ ਡੇਲੀਵੇਜ਼ ਰੇਟ ਇਕਸਾਰਤਾ ਨਾਲ ਲਾਗੂ ਕਰਵਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ। ਉਹਨਾਂ ਵਿਭਾਗੀ ਅਧਿਕਾਰੀਆਂ ਨੂੰ ਜੰਗਲਾਤ ਕਾਮਿਆਂ ਨੂੰ ਅਦਾਇਗੀਆਂ ਕਰਨ ਲਈ ਵਿਭਾਗੀ ਪ੍ਰਕਿਰਿਆ ਅਪਣਾਉਣ ਸਬੰਧੀ ਵਫ਼ਦ ਦੀ ਮੰਗ ’ਤੇ ਵਿਚਾਰ ਕਰਨ ਦੇ ਆਦੇਸ਼ ਵੀ ਦਿੱਤੇ।