ਕਤਲ ਕੇਸ 'ਚੋਂ ਬਰੀ ਹੋਏ ਬਿਨਾਂ ਦੋ ਵਾਰ ਅਕਾਲੀ ਵਿਧਾਇਕ ਬਣੇ ਵਲਟੋਹਾ
ਤਰਨਤਾਰਨ ਪੱਟੀ ਵਿਚ ਸਾਲ 1983 ਦੌਰਾਨ ਇਕ ਪ੍ਰਸਿੱਧ ਡਾਕਟਰ ਸੁਦਰਸ਼ਨ ਕੁਮਾਰ ਤ੍ਰੇਹਨ ਦੇ ਕਤਲ ਕੇਸ ਵਿਚੋਂ ਬਰੀ ਹੋਏ ਬਿਨਾਂ ਹੀ ਪੁਲਿਸ ਤੇ ਸਿਆਸਤਦਾਨਾਂ ਦੀ...
ਤਰਨਤਾਰਨ : ਤਰਨਤਾਰਨ ਪੱਟੀ ਵਿਚ ਸਾਲ 1983 ਦੌਰਾਨ ਇਕ ਪ੍ਰਸਿੱਧ ਡਾਕਟਰ ਸੁਦਰਸ਼ਨ ਕੁਮਾਰ ਤ੍ਰੇਹਨ ਦੇ ਕਤਲ ਕੇਸ ਵਿਚੋਂ ਬਰੀ ਹੋਏ ਬਿਨਾਂ ਹੀ ਪੁਲਿਸ ਤੇ ਸਿਆਸਤਦਾਨਾਂ ਦੀ ਮਿਲੀਭੁਗਤ ਕਾਰਨ ਮੁਲਜ਼ਮ ਵਿਰਸਾ ਸਿੰਘ ਵਲਟੋਹਾ ਦੋ ਵਾਰ ਅਕਾਲੀ ਵਿਧਾਇਕ ਬਣ ਚੁੱਕੇ ਹਨ। ਲਾਅ ਇੰਨਫੋਰਸਮੈਂਟ ਏਜੰਸੀ ਵਲੋਂ ਖ਼ੁਲਾਸਾ ਕੀਤਾ ਗਿਆ ਹੈ ਕਿ ਉਸੇ ਦਿਨ ਅਣਪਛਾਤੇ ਵਿਅਕਤੀਆਂ ਵਿਰੁਧ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਕ ਮਹੀਨੇ ਮਗਰੋਂ ਪੁਲਿਸ ਨੇ ਹਰਦੇਵ ਸਿੰਘ ਨਾਂਅ ਦੇ ਵਿਅਕਤੀ ਨੂੰ ਰਿਮਾਂਡ 'ਤੇ ਲਿਆ ਸੀ ਜੋ ਉਸ ਸਮੇਂ ਹੋਰਨਾਂ ਅਪਰਾਧਿਕ ਮਾਮਲਿਆਂ ਵਿਚ ਨਾਭਾ ਜੇਲ੍ਹ 'ਚ ਪਹਿਲਾਂ ਹੀ ਬੰਦ ਸੀ।
ਪੁੱਛਗਿੱਛ ਦੌਰਾਨ ਹਰਦੇਵ ਸਿੰਘ ਨੇ ਇਸ ਕਤਲ ਪਿੱਛੇ ਬਲਦੇਵ ਸਿੰਘ ਅਤੇ ਵਲਟੋਹਾ ਦੀ ਸ਼ਮੂਲੀਅਤ ਨੂੰ ਸਵੀਕਾਰਿਆ ਸੀ। ਜਿਸ ਦੇ ਆਧਾਰ 'ਤੇ ਵਲਟੋਹਾ ਨੂੰ ਇਸ ਕੇਸ ਵਿਚ ਮੁਲਜ਼ਮ ਨਾਮਜ਼ਦ ਕੀਤਾ ਗਿਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਵਲਟੋਹਾ ਵਿਰੁਧ ਇਸ ਮਾਮਲੇ 'ਚ ਕਦੇ ਵੀ ਚਾਲਾਨ ਪੇਸ਼ ਨਹੀਂ ਕੀਤਾ ਗਿਆ ਸੀ। ਇੱਥੋਂ ਤਕ ਕਿ ਮਾਮਲੇ ਦੀਆਂ ਫ਼ਾਈਲਾਂ ਤਕ ਪੱਟੀ ਪੁਲਿਸ ਸਟੇਸ਼ਨ ਤੋਂ ਗਾਇਬ ਹੋ ਗਈਆਂ ਸਨ। ਇਸ ਸਬੰਧੀ ਵੀ ਕੋਈ ਜਾਂਚ ਨਹੀਂ ਕੀਤੀ ਗਈ। ਐਫਆਈਆਰ ਦੀ ਕਾਪੀ ਮੁਤਾਬਕ 9 ਸਤੰਬਰ 1983 ਨੂੰ ਦਰਜ ਹੋਈ ਐਫਆਈਆਰ ਨੰਬਰ 346 ਮੁਤਾਬਕ ਇੰਡੀਅਨ ਪੀਨਲ ਕੋਡ ਦੀ ਧਾਰਾ 302, 307, 452 ਅਤੇ 34 ਤਹਿਤ ਵਲਟੋਹਾ ਨੂੰ ਇਕ ਭਗੌੜਾ ਅਪਰਾਧੀ ਦੱਸਿਆ ਗਿਆ ਹੈ।
ਅਦਾਲਤ ਵਲੋਂ ਪ੍ਰਾਪਤ ਕੀਤੇ ਗਏ ਫ਼ਾਈਲ ਰਿਕਾਰਡ ਮੁਤਾਬਕ ਕੇਸ ਵਿਚ ਵਲਟੋਹਾ ਨੂੰ ਫਰਵਰੀ 1991 ਵਿਚ ਜ਼ਿਲ੍ਹਾ ਸੈਸ਼ਨ ਜੱਜ ਜੇ ਐਸ ਸਿੱਧੂ ਤੋਂ ਇਸ ਕੇਸ ਵਿਚ ਜ਼ਮਾਨਤ ਮਿਲ ਗਈ ਸੀ ਜਦਕਿ ਕਦੇ ਵੀ ਕੋਈ ਪੂਰਾ ਚਾਲਾਨ ਪੇਸ਼ ਨਹੀਂ ਕੀਤਾ ਗਿਆ। ਦੂਜੇ ਪਾਸੇ ਪੁਲਿਸ ਅਤੇ ਖੁਫ਼ੀਆ ਏਜੰਸੀਆਂ ਨੇ ਪਾਸਪੋਰਟ, ਹਥਿਆਰ ਲਾਈਸੈਂਸ ਅਤੇ ਸੁਰੱਖਿਆ ਲਈ ਵਲਟੋਹਾ ਨੂੰ ਆਗਿਆ ਦੇ ਦਿਤੀ ਸੀ। ਇਸਤਗਾਸਾ ਪੱਖ ਮੁਤਾਬਕ ਡਾਕਟਰ ਤ੍ਰੇਹਨ ਉਸ ਸਮੇਂ ਸੁਖਜਿੰਦਰ ਕੌਰ ਨਾਂਅ ਦੀ ਇਕ ਔਰਤ ਨੂੰ ਗਲੂਕੋਸ਼ ਲਗਾ ਰਹੇ ਸਨ ਪਰ ਉਸ ਔਰਤ ਨੂੰ ਗਵਾਹ ਵਜੋਂ ਪੇਸ਼ ਨਹੀਂ ਕੀਤਾ ਗਿਆ।
ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਦੋ ਵਾਰ ਸੂਬਾਈ ਵਿਧਾਨ ਸਭਾ ਵਿਚ ਵਲਟੋਹਾ ਦੀ ਚੋਣ ਨੇ ਇਸ ਸੰਸਥਾ ਦੀ ਪਵਿੱਤਰਤਾ ਨੂੰ ਭੰਗ ਕੀਤਾ ਹੈ। ਵਕੀਲ ਬੈਂਸ ਨੇ ਮੰਗ ਕੀਤੀ ਕਿ ਵਲਟੋਹਾ ਵਿਰੁਧ ਦੋਸ਼ ਪੱਤਰ ਪੇਸ਼ ਨਾ ਕਰਨ ਲਈ ਹੋਈ ਗੜਬੜੀ ਵਿਚ ਸ਼ਾਮਲ ਪੁਲਿਸ ਅਧਿਕਾਰੀਆਂ ਵਿਰੁਧ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਅਫ਼ਸੋਸ ਦੀ ਗੱਲ ਹੈ ਕਿ ਕਦੇ ਸੋਚਿਆ ਨਹੀਂ ਸੀ ਕਿ ਕਦੇ ਪੰਜਾਬ ਵਿਚ ਵੀ ਇੰਨੀ ਹਨ੍ਹੇਰਗਰਦੀ ਹੋਵੇਗੀ?