ਕਿਉਂ ਜਾਖੜ ਨੇ ਅਕਾਲ ਤਖ਼ਤ ਸਾਹਿਬ ਤੋਂ ਸੁਖਬੀਰ ਬਾਦਲ ਵਿਰੁਧ ਮੰਗੀ ਕਾਰਵਾਈ, ਪੜ੍ਹੋ ਪੂਰੀ ਖ਼ਬਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਾਖੜ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਇਕ ਪਾਸੇ ਪਾਰਟੀ ਦੇ ਪ੍ਰਧਾਨ ਹਨ ਉਥੇ ਚੈਨਲ ਦੀ ਮਾਲਕੀ ਵੀ ਉਨ੍ਹਾਂ ਕੋਲ ਹੈ ਤੇ SGPC ਦਾ ਪ੍ਰਧਾਨ ਵੀ ਉਨ੍ਹਾਂ ਖੁਦ ਹੀ ਥਾਪਿਆ ਹੈ।

Sunil Jakhar and Sukhbir Badal

ਚੰਡੀਗੜ੍ਹ (ਨੀਲ ਭਲਿੰਦਰ ਸਿੰਘ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ 'ਤੇ ਇਕ ਟੀਵੀ ਚੈਨਲ ਦੇ ਏਕਾਧਿਕਾਰ ਨੂੰ ਗੁਰੂ ਸਾਹਿਬਾਨ ਵਲੋਂ ਵਿਖਾਏ ਸਰਬ ਸਾਂਝੀਵਾਲਤਾ ਦੇ ਸਿਧਾਂਤ ਦੇ ਉਲਟ ਦਸਿਆ ਹੈ।

ਉਨ੍ਹਾਂ ਨੇ ਫ਼ੇਸਬੁਕ ਰਾਹੀਂ ਦਰਬਾਰ ਸਾਹਿਬ ਤੋਂ ਜਾਰੀ ਹੁੰਦੇ ਪਵਿੱਤਰ ਹੁਕਮਨਾਮੇ ਨੂੰ ਸ਼ੇਅਰ ਕਰਨ ਤੋਂ ਪੀਟੀਸੀ ਚੈਨਲ ਵਲੋਂ ਰੋਕੇ ਜਾਣ ਨੂੰ ਬੇਹੱਦ ਮੰਦਭਾਗਾ ਕਰਾਰ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਗੁਰ ਮਰਿਆਦਾ ਨੂੰ ਢਾਹ ਲਗਾਉਣ ਲਈ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕਰਨ ਅਤੇ ਪੰਥਕ ਰਵਾਇਤਾਂ ਅਨੁਸਾਰ ਉਨ੍ਹਾਂ ਵਿਰੁਧ ਕਾਰਵਾਈ ਕਰਨ ਦੀ ਮੰਗ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਤੋਂ ਕੀਤੀ ਹੈ।

ਇਥੋਂ ਜਾਰੀ ਬਿਆਨ ਵਿਚ ਜਾਖੜ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਇਕ ਪਾਸੇ ਪਾਰਟੀ ਦੇ ਪ੍ਰਧਾਨ ਹਨ ਉਥੇ ਚੈਨਲ ਦੀ ਮਾਲਕੀ ਵੀ ਉਨ੍ਹਾਂ ਕੋਲ ਹੈ ਅਤੇ ਐਸ.ਜੀ.ਪੀ.ਸੀ. ਦਾ ਪ੍ਰਧਾਨ ਵੀ ਉਨ੍ਹਾਂ ਖੁਦ ਹੀ ਥਾਪਿਆ ਹੈ।

ਅਜਿਹੇ ਵਿਚ ਆਪਸੀ ਹਿੱਤਾਂ ਦੇ ਟਕਰਾਅ ਦੇ ਇਸ ਵਰਤਾਰੇ ਵਿਚ ਸੁਖਬੀਰ ਸਿੰਘ ਬਾਦਲ ਤੋਂ ਇਹ ਉਮੀਦ ਕਰਨੀ ਯੋਗ ਨਹੀਂ ਹੋਵੇਗੀ ਕਿ ਉਹ ਪੰਥਕ ਪਾਰਟੀ ਦੇ ਪ੍ਰਧਾਨ ਵਜੋਂ ਅਪਣੀ ਜ਼ਿੰਮੇਵਾਰੀ ਨਿਭਾਉਣਗੇ, ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਇਸ ਮੁੱਦੇ 'ਤੇ ਦਖ਼ਲ ਦੇਵੇ ਅਤੇ ਗੁਰਬਾਣੀ ਤਕ ਸਭ ਦੀ ਪਹੁੰਚ ਯਕੀਨੀ ਬਣਾਉਣ ਲਈ ਕਾਰਵਾਈ ਕਰੇ। ਉਨ੍ਹਾਂ ਕਿਹਾ ਕਿ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਰੱਖ ਕੇ ਗੁਰੂ ਸਾਹਿਬਾਨ ਨੇ ਇਸ ਪਵਿੱਤਰ ਸਥਾਨ ਨੂੰ ਸਭ ਲਈ ਸਾਂਝਾ ਬਣਾ ਦਿਤਾ ਸੀ।

ਜਦ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵੀ ਸਭ ਧਰਮਾਂ ਤੇ ਵਰਣਾਂ ਲਈ ਇਕ ਸਮਾਨ ਸਤਿਕਾਰਤ ਹੇ। ਅਜਿਹੇ ਵਿਚ ਗੁਰਬਾਣੀ ਦੇ ਪ੍ਰਸਾਰਣ 'ਤੇ ਕਿਸੇ ਨਿੱਜੀ ਅਦਾਰੇ ਵਲੋਂ ਵਪਾਰਕ ਹਿੱਤਾਂ ਲਈ ਬੰਦਸਾਂ ਲਗਾਉਣੀਆਂ ਸਿੱਖ ਸਿਧਾਂਤਾਂ ਦੇ ਵਿਰੁਧ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ 'ਤੇ ਕੋਈ ਇਕ ਵਿਅਕਤੀ ਅਧਿਕਾਰ ਨਹੀਂ ਜਮਾ ਸਕਦਾ ਬਲਕਿ ਇਹ ਤਾਂ ਸਭ ਲਈ ਸਾਂਝੀ ਹੈ।