ਖੁਦ ਨੂੰ STF ਅਧਿਕਾਰੀ ਦੱਸ ਕੇ ਦਿੱਤਾ ਲੁੱਟ ਨੂੰ ਅੰਜਾਮ 

ਏਜੰਸੀ

ਖ਼ਬਰਾਂ, ਪੰਜਾਬ

ਮੁਅੱਤਲ ਮੁਲਾਜ਼ਮ ਨੇ ਸਾਥੀਆਂ ਨਾਲ ਮਿਲ ਕੇ ਕੀਤੀ 30 ਹਜ਼ਾਰ ਰੁਪਏ ਦੀ ਲੁੱਟ 

representational Image

ਲੁਧਿਆਣਾ : ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਮੁਅੱਤਲ ਪੁਲਿਸ ਅਧਿਕਾਰੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਨੌਜਵਾਨ ਨੂੰ STF ਦੇ ਨਾਂ 'ਤੇ ਲੁੱਟ ਲਿਆ। ਮੁਲਜ਼ਮ 30 ਹਜ਼ਾਰ ਰੁਪਏ ਲੁੱਟ ਕੇ ਧਮਕੀਆਂ ਦੇ ਕੇ ਫਰਾਰ ਹੋ ਗਏ। ਘਟਨਾ ਸ਼ੁੱਕਰਵਾਰ ਸ਼ਾਮ 4:20 ਵਜੇ ਦੀ ਦੱਸੀ ਜਾ ਰਹੀ ਹੈ।

ਪੀੜਤ ਧਰੁਵ ਕੁਮਾਰ ਆਪਣੀ ਮਾਂ ਲਈ ਗਹਿਣਿਆਂ ਦੀ ਦੁਕਾਨ ਤੋਂ ਵਾਲੀਆਂ ਲੈਣ ਜਾ ਰਿਹਾ ਸੀ। ਜਦੋਂ ਉਹ ਬਾਲ ਸਿੰਘ ਨਗਰ ਦੀ ਗਲੀ ਨੰਬਰ 9 ਨੇੜੇ ਪੁੱਜਾ ਤਾਂ ਮੁਲਜ਼ਮਾਂ ਨੇ ਉਸ ਨੂੰ ਰੋਕ ਲਿਆ। ਬਦਮਾਸ਼ਾਂ ਨੇ ਆਪਣੇ ਆਪ ਨੂੰ ਸਪੈਸ਼ਲ ਟਾਸਕ ਫੋਰਸ ਦਾ ਮੁਲਾਜ਼ਮ ਦੱਸਿਆ ਅਤੇ ਉਸ 'ਤੇ 'ਚਿੱਟਾ' ਵੇਚਣ ਦਾ ਦੋਸ਼ ਲਾਉਂਦਿਆਂ ਉਸ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। 

ਇਹ ਵੀ ਪੜ੍ਹੋ : ਮਠਿਆਈ ਖਵਾ ਕੇ ਪਤਨੀ ਨੂੰ ਮਾਰਨ ਦੀ ਘੜੀ ਸਾਜ਼ਿਸ਼, ਨਾਕਾਮ ਰਹਿਣ 'ਤੇ ਹੋਇਆ ਇਹ ਅੰਜਾਮ 

ਤਲਾਸ਼ੀ ਦੇ ਬਹਾਨੇ ਬਦਮਾਸ਼ਾਂ ਨੇ ਉਸ ਦੀ ਜੇਬ 'ਚੋਂ 30 ਹਜ਼ਾਰ ਰੁਪਏ ਕੱਢ ਲਏ। ਮੁਲਜ਼ਮ ਆਪਣੇ ਨਾਲ ਧਰੁਵ ਨੂੰ ਬਾਈਕ ’ਤੇ ਬਿਠਾ ਕੇ ਤਾਜਪੁਰ ਰੋਡ ਪੁਲ ’ਤੇ ਲੈ ਗਏ। ਉਨ੍ਹਾਂ ਨੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਪੈਸੇ ਨਾ ਦਿੱਤੇ ਤਾਂ ਉਹ ਉਸ ਵਿਰੁੱਧ ਪਰਚਾ ਦਰਜ ਕਰਵਾ ਦੇਣਗੇ। ਜਿਸ ਤੋਂ ਬਾਅਦ ਦੋਸ਼ੀ ਧਮਕੀਆਂ ਦੇ ਕੇ ਪੈਸੇ ਲੈ ਕੇ ਫਰਾਰ ਹੋ ਗਿਆ।

ਘਟਨਾ ਤੋਂ ਬਾਅਦ ਨੌਜਵਾਨ ਨੇ ਥਾਣਾ ਦਰੇਸੀ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ। ਸ਼ਿਕਾਇਤ ਮਿਲਦੇ ਹੀ ਪੁਲਿਸ ਹਰਕਤ 'ਚ ਆ ਗਈ ਅਤੇ ਮੌਕੇ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਅਤੇ ਮੁਲਜ਼ਮਾਂ ਵੱਲੋਂ ਲੁੱਟ-ਖੋਹ ਕਰਨ ਵਾਲੇ ਸਥਾਨਾਂ ਦੀ ਜਾਂਚ ਕੀਤੀ। ਸੁਰਾਗ ਮਿਲਦਿਆਂ ਹੀ ਪੁਲਿਸ ਨੇ ਜਾਂਚ ਤੋਂ ਬਾਅਦ ਚਾਰ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ। ਜਿਸ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਭਾਵੁਕ ਹੋਏ ਸਿੱਧੂ ਮੂਸੇਵਾਲਾ ਦੇ ਮਾਤਾ, ਕਿਹਾ- ਗਿੱਦੜਾਂ ਨੇ ਘੇਰ ਕੇ ਮੇਰੇ ਸ਼ੇਰ ਪੁੱਤ ਨੂੰ ਮਾਰਿਆ

ਐਸਐਚਓ ਦਰੇਸੀ ਕੁਲਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ’ਚ ਜਮਾਲਪੁਰ ਕਲੋਨੀ ਪੁਲਿਸ ਕੁਆਰਟਰ ’ਚ ਰਹਿਣ ਵਾਲਾ ਮੁਅੱਤਲ ਪੁਲਿਸ ਕਾਂਸਟੇਬਲ ਇੰਦਰਜੀਤ ਸਿੰਘ ਵੀ ਸ਼ਾਮਲ ਹੈ। ਬਾਕੀ ਉਸ ਦੇ ਤਿੰਨ ਸਾਥੀ ਹਨ। ਮੁਲਜ਼ਮਾਂ ਵਿੱਚ ਗੁਰੂ ਅਰਜਨ ਦੇਵ ਮਾਰਕੀਟ ਸਮਰਾਲਾ ਚੌਕ ਦਾ ਜਤਿਨ ਸ਼ਰਮਾ, ਵਿਜੇ ਨਗਰ ਦਾ ਰਣਜੀਤ ਸਿੰਘ ਅਤੇ ਰਵੀ ਕੁਮਾਰ ਸ਼ਾਮਲ ਹਨ। ਜਾਣਕਾਰੀ ਅਨੁਸਾਰ ਮੁਲਜ਼ਮ ਇੰਦਰਜੀਤ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹਨ। ਮੁਲਜ਼ਮਾਂ ਦੇ ਰਿਕਾਰਡ ਦੀ ਪੜਤਾਲ ਕੀਤੀ ਜਾ ਰਹੀ ਹੈ। ਟੀਮਾਂ ਬਣਾਈਆਂ ਗਈਆਂ ਹਨ ਅਤੇ ਮੁਲਜ਼ਮਾਂ ਦੀ ਭਾਲ ਜਾਰੀ ਹੈ।