ਸਰਹੱਦ 'ਤੇ ਫਿਰ ਨਜ਼ਰ ਆਇਆ 'ਸ਼ੱਕੀ ਡ੍ਰੋਨ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਸਥਾਨ ਦੀ ਸਰਹੱਦ 'ਤੇ ਸ੍ਰੀਗੰਗਾਨਗਰ ਸੈਕਟਰ ਵਿਚ ਫਿਰ ਤੋਂ ਇਕ ਸ਼ੱਕੀ ਡ੍ਰੋਨ ਦਿਖਾਈ ਦਿਤਾ.........

Drone

ਰਾਜਸਥਾਨ- ਰਾਜਸਥਾਨ ਦੀ ਸਰਹੱਦ 'ਤੇ ਸ੍ਰੀਗੰਗਾਨਗਰ ਸੈਕਟਰ ਵਿਚ ਫਿਰ ਤੋਂ ਇਕ ਸ਼ੱਕੀ ਡ੍ਰੋਨ ਦਿਖਾਈ ਦਿਤਾ ਅਤੇ ਗੋਲੀਬਾਰੀ ਹੋਈ ਇਸ ਤੋਂ ਬਾਅਦ ਸਰਹੱਦ ਨੇੜਲੇ ਪਿੰਡ ਵਾਸੀਆਂ ਵਿਚ ਭਾਰੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ, ਕਿਉਂਕਿ ਏਅਰ ਸਟ੍ਰਾਈਕ ਮਗਰੋਂ ਇੱਥੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਲਗਾਤਾਰ ਜਾਰੀ ਹਨ।

ਪੁਲਿਸ ਦਾ ਕਹਿਣਾ ਹੈ ਕਿ ਸ੍ਰੀ ਗੰਗਾਨਗਰ ਜ਼ਿਲ੍ਹੇ ਦੇ ਹਿੰਦੂਮਲਕੋਟ ਥਾਣਾ ਖੇਤਰ ਵਿਚ ਗੰਗਾ ਕੈਨਾਲ ਦੇ ਬਾਈਫਿਰਕੇਸ਼ਨ ਹੈਡ ਦੇ ਆਸਪਾਸ ਸਵੇਰੇ ਕਰੀਬ ਛੇ ਵਜੇ ਤੋਂ ਸਾਢੇ ਛੇ ਵਜੇ ਤੱਕ ਅੱਧੇ ਘੰਟੇ ਤੱਕ ਧਮਾਕਿਆਂ ਅਤੇ ਗੋਲੀਆਂ ਚਲਾਉਣ ਦੀ ਆਵਾਜ਼ ਆਉਂਦੀ ਰਹੀ। ਸੂਤਰਾਂ ਅਨੁਸਾਰ ਸਰਹੱਦ 'ਤੇ ਸ਼ੱਕੀ ਡਰੋਨ ਦਿਖਾਈ ਦੇਣ ਤੋਂ ਬਾਅਦ ਹੀ ਗੋਲੀਆਂ ਦੀ ਆਵਾਜ਼ ਆਉਣ ਲੱਗੀ ਸੀ।

ਦੱਸਿਆ ਜਾ ਰਿਹਾ ਹੈ ਕਿ ਭਾਰਤੀ ਸੁਰੱਖਿਆ ਬਲਾਂ ਨੇ ਸ਼ੱਕੀ ਡਰੋਨ ਨੂੰ ਹਵਾ ਵਿਚ ਹੀ ਮਾਰ ਗਿਰਾਇਆ ਪਰ ਇਸ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਹੋਈ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਵੀ ਇਸੇ ਖੇਤਰ ਵਿਚ ਧਮਾਕੇ ਅਤੇ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਆਈਆਂ ਸਨ। ਬੀਤੇ ਤਿੰਨ–ਚਾਰ ਦਿਨਾਂ ਦੌਰਾਨ ਸ੍ਰੀ ਗੰਗਾਨਗਰ ਸੈਕਟਰ ਵਿਚ ਸਰਹੱਦ 'ਤੇ ਭਾਰਤੀ ਫ਼ੌਜ ਵੱਲੋਂ ਸ਼ੱਕੀ ਡਰੋਨ ਹਵਾ ਵਿਚ ਹੀ ਨਸ਼ਟ ਕੀਤੇ ਜਾ ਰਹੇ ਹਨ।

ਜਾਣਕਾਰੀ ਅਨੁਸਾਰ ਹੁਣ ਤੱਕ ਪੰਜ ਡਰੋਨ ਸ੍ਰੀਗੰਗਾਨਗਰ ਜ਼ਿਲ੍ਹੇ ਨਾਲ ਲੱਗਦੀ ਸਰਹੱਦ 'ਤੇ ਫ਼ੌਜ ਵਲੋਂ ਨਸ਼ਟ ਕੀਤੇ ਜਾ ਚੁੱਕੇ ਹਨ। ਦਸ ਦਈਏ ਕਿ ਪਾਕਿਸਤਾਨ ਦੇ ਬਾਲਾਕੋਟ ਵਿਚ ਭਾਰਤੀ ਹਵਾਈ ਫ਼ੌਜ ਦੀ ਏਅਰ ਸਟ੍ਰਾਈਕ ਮਗਰੋਂ ਸਰਹੱਦ 'ਤੇ ਚੌਕਸੀ ਕਾਫ਼ੀ ਜ਼ਿਆਦਾ ਵਧਾਈ ਹੋਈ ਹੈ।