ਹੁਣ ਸਿਰੋਪੇ ਪਾਉਣ ਤੋਂ ਵੀ ਡਰਣਗੇ ਉਮੀਦਵਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੋਣ ਕਮਿਸ਼ਨ ਵੱਲੋਂ ਤੈਅ ਕੀਤੀਆਂ 171 ਵਸਤਾਂ ਵਿਚ ਸਿਰੋਪੇ ਵੀ ਸ਼ਾਮਲ

Now the candidates will be afraid of wearing siropa

ਚੰਡੀਗੜ੍ਹ- ਲੋਕ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ ਅਤੇ ਸਾਰੀਆਂ ਸਿਆਸੀ ਪਾਰਟੀਆਂ ਆਪਣੀ ਦਾਅਵੇਦਾਰੀ ਮਜ਼ਬੂਤ ਬਣਾਉਣ ਲਈ ਮੈਦਾਨ ਵਿਚ ਨਿਤਰ ਪਈਆਂ ਹਨ। ਇਸਦੇ ਨਾਲ ਦੇਸ਼ ਵਿਚ ਇਹ ਚਰਚਾ ਵੀ ਹੋ ਰਹੀ ਹੈ ਕਿ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਸਭ ਤੋਂ ਮਹਿੰਗੀਆਂ ਚੋਣਾਂ ਸਾਬਿਤ ਹੋਣਗੀਆਂ ਪਰ ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਵੱਲੋਂ ਕੀਤੇ ਜਾਂਦੇ ਖਰਚੇ ਨੂੰ ਕਾਬੂ ਵਿਚ ਰੱਖਣ ਲਈ 171 ਵਸਤਾਂ ਦੇ ਭਾਅ ਤੈਅ ਕਰ ਦਿੱਤੇ ਹਨ। ਚੋਣ ਕਮਿਸ਼ਨ ਨੇ ਇਸ ਵਾਰ ਸਿਰੋਪੇ ਅਤੇ ਝਾੜੂ ਦਾ ਭਾਅ ਵੀ ਤੈਅ ਕੀਤਾ ਹੈ।

ਉਮੀਦਵਾਰਾਂ ਦੇ ਖਰਚੇ 'ਤੇ ਨਜ਼ਰ ਰੱਖਣ ਲਈ ਚੋਣ ਕਮਿਸ਼ਨ ਨੇ ਨਿਗਰਾਨ ਰੱਖੇ ਹਨ ਜੋ ਉਮੀਦਵਾਰ ਵਲੋਂ ਚੋਣ ਪ੍ਰਚਾਰ ਦੌਰਾਨ ਕੀਤੇ ਜਾ ਰਹੇ ਖਰਚੇ 'ਤੇ ਬਾਜ਼ ਅੱਖ ਰੱਖਣਗੇ। ਚੋਣ ਕਮਿਸ਼ਨ ਵੱਲੋਂ ਤੈਅ ਕੀਤੇ ਗਏ ਰੇਟ ਬਜ਼ਾਰ ਵਿਚ ਮਿਲਦੀਆਂ ਵਸਤਾਂ ਦੀਆਂ ਕੀਮਤਾਂ ਦੇ ਅਧਾਰਿਤ ਹੈ।171 ਵਸਤਾਂ ਦੀ ਜਾਰੀ ਕੀਤੀ ਗਈ ਸੂਚੀ ਮੁਤਾਬਕ ਸਿਰੋਪੇ ਦੀ ਕੀਮਤ 90 ਰੁਪਏ ਰੱਖੀ ਹੈ, ਇਸਦੇ ਤਹਿਤ ਜਦ ਵੀ ਹੁਣ ਕਿਤੇ ਨਾਮਜ਼ਦਗੀ ਮਗਰੋਂ ਉਮੀਦਵਾਰ ਦੀ ਹਾਜ਼ਰੀ ਵਿਚ ਮੋਹਤਬਰਾਂ ਦੇ ਸਿਰੋਪੇ ਪਾਏ ਜਾਣਗੇ ਤਾਂ ਪ੍ਰਤੀ ਸਿਰੋਪਾ 90 ਰੁਪਏ ਦੇ ਹਿਸਾਬ ਨਾਲ ਉਮੀਦਵਾਰ ਵੱਲੋਂ ਕੀਤੇ ਜਾ ਰਹੇ ਖਰਚ ਵਿਚ ਸ਼ਾਮਿਲ ਹੋ ਜਾਵੇਗਾ।

ਇਸਦੇ ਨਾਲ ਹੀ ਚੋਣ ਕਮਿਸ਼ਨ ਨੇ ਆਪ ਦੇ ਚੋਣ ਨਿਸ਼ਾਨ ਝਾੜੂ ਦੀ ਕੀਮਤ 15 ਰੁਪਏ ਅਤੇ ਕਾਗਜ਼ ਵਾਲੀ ਟੋਪੀ ਦੀ ਕੀਮਤ 2 ਰੁਪਏ ਤੈਅ ਕੀਤੀ ਹੈ| ਇਸਦੇ ਨਾਲ ਹੀ ਪ੍ਰਿੰਟਿੰਗ ਵਾਲੀ ਟੋਪੀ ਦੀ ਕੀਮਤ ਵੀ 15 ਰੁਪਏ ਪ੍ਰਤੀ ਟੋਪੀ ਦੇ ਹਿਸਾਬ ਨਾਲ ਸੂਚੀ 1 ਵਿਚ ਸ਼ਾਮਿਲ ਕੀਤੀ ਹੈ। ਚੋਣ ਕਮਿਸ਼ਨ ਵੱਲੋਂ ਤੈਅ ਕੀਤੀਆਂ ਗਈਆਂ ਇਨ੍ਹਾਂ ਕੀਮਤਾਂ ਤੋਂ ਲਗਦਾ ਹੈ ਕਿ ਉਮੀਦਵਾਰਾਂ ਦੀ ਬ੍ਰੈਂਡਿੰਗ 'ਤੇ ਰੋਕ ਹੀ ਲਗ ਜਾਵੇਗੀ ਕਿਉਂਕਿ ਨਿਗਰਾਨਾਂ ਤੋਂ ਬਚਣ ਲਈ ਉਮੀਦਵਾਰ ਖੁਦ ਇਨ੍ਹਾਂ ਸਭ ਵਸਤਾਂ ਤੋਂ ਕਿਨਾਰਾ ਕਰਦੇ ਨਜ਼ਰ ਆਉਣਗੇ।

ਇਸਦੇ ਨਾਲ ਹੀ ਫੁੱਲਾਂ ਦੇ ਹਾਰਾਂ ਤੋਂ ਵੀ ਉਮੀਦਵਾਰ ਬਚਦੇ ਨਜ਼ਰ ਆਉਣਗੇ ਕਿਉਂਕਿ 171 ਵਸਤਾਂ ਦੀ ਸੂਚੀ ਵਿਚ ਫੁੱਲਾਂ ਦੇ ਹਾਰਾਂ ਦੀ ਕੀਮਤ 10 ਰੁਪਏ ਅਤੇ 15 ਰੁਪਏ ਵੱਡੇ ਛੋਟੇ ਹਾਰ ਦੇ ਮੁਤਾਬਿਕ ਤੈਅ ਕਰ ਦਿੱਤੀ ਗਈ ਹੈ। ਇਸਦੇ ਨਾਲ ਹੀ ਚੋਣ ਕਮਿਸ਼ਨ ਵੱਲੋਂ ਬਜ਼ਾਰੀ ਕੀਮਤਾਂ ਮੁਤਾਬਿਕ ਖਾਣ ਪੀਣ ਵਾਲੀਆਂ ਵਸਤਾਂ ਦੇ ਰੇਟ ਵੀ ਨਿਸ਼ਚਿਤ ਕਰ ਦਿੱਤੇ ਹਨ, ਜਿਵੇਂ ਕਿ ਬੇਸਨ ਦੀ ਬਰਫੀ 200 ਰੁਪਏ ਪ੍ਰਤੀ ਕਿੱਲੋ, ਖੋਏ ਦੀ ਬਰਫੀ 250 ਰੁਪਏ ਪ੍ਰਤੀ ਕਿੱਲੋ, ਜਲੇਬੀਆਂ 140 ਰੁਪਏ ਪ੍ਰਤੀ ਕਿੱਲੋ ਅਤੇ ਪਕੌੜੇ 150 ਰੁਪਏ ਪ੍ਰਤੀ ਕਿੱਲੋ ਇਸਦੇ ਨਾਲ ਹੀ ਸਧਾਰਨ ਰੋਟੀ ਵਾਲੀ ਥਾਲੀ ਦੀ ਕੀਮਤ 70 ਰੁਪਏ ਰੱਖੀ ਗਈ ਹੈ,

ਚਾਹ ਅਤੇ ਕੌਫੀ ਦੀ ਕੀਮਤ 8 ਰੁਪਏ ਤੇ 12 ਰੁਪਏ ਪ੍ਰਤੀ ਕੱਪ ਨਿਸ਼ਚਿਤ ਕਰ ਕੇ ਸੂਚੀ ਵਿਚ ਸ਼ਾਮਿਲ ਕੀਤੀ ਗਈ ਹੈ|ਇਸੇ ਤਰ੍ਹਾਂ ਟਰਾਂਸਪੋਰਟ ਦੇ ਮਾਮਲੇ ਵਿਚ ਵੱਡੀ ਬੱਸ ਦਾ 4500 ਰੁਪਏ  ਅਤੇ ਮਿੰਨੀ ਬੱਸ ਦਾ 3000 ਰੁਪਏ ਕਰਾਇਆ ਤੈਅ ਕੀਤਾ ਗਿਆ ਹੈ। ਇਸਦੇ ਨਾਲ ਹੀ ਚੋਣ ਕਮਿਸ਼ਨ ਨੇ ਸਮਾਨ ਲੈ ਕੇ ਆਉਣ ਜਾਣ ਵਾਲੇ ਰੇਹੜੇ ਦਾ ਖਰਚਾ ਵੀ 60 ਰੁਪਏ ਪ੍ਰਤੀ ਚੱਕਰ ਦੇ ਹਿਸਾਬ ਨਾਲ ਤੈਅ ਕੀਤਾ ਹੈ।

ਹੋਟਲਾਂ ਅਤੇ ਗੈਸਟ ਹਾਊਸਾਂ ਵਿਚ ਠਹਿਰਨ ਦਾ ਖਰਚਾ ਵੀ ਚੋਣ ਖਰਚੇ ਵਿਚ ਸ਼ਾਮਿਲ ਕੀਤਾ ਜਾਣਾ ਹੈ। ਆਟੋ ਰਿਕਸ਼ੇ ਤੇ ਚੋਣ ਪ੍ਰਚਾਰ ਕਰਨ ਦਾ ਖਰਚਾ 2000 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਜੁੜਦਾ ਜਾਵੇਗਾ | ਇਸਦੇ ਨਾਲ ਹੀ ਹੈਵੀ ਸਾਊਂਡ ਸਿਸਟਮ ਦਾ ਖਰਚਾ 5000 ਰੁਪਏ ਜਦਕਿ ਲਾਊਡ ਸਪੀਕਰ ਸਮੇਤ ਐਂਪਲੀਫਾਇਰ 800 ਰੁਪਏ ਪ੍ਰਤੀ ਦਿਨ ਨਿਸ਼ਚਿਤ ਹੈ|ਪੰਡਾਲਾਂ ਵਿਚ ਲੱਗਣ ਵਾਲੇ ਟੈਂਟ, ਮੇਜ ਕੁਰਸੀਆਂ, ਦਰੀਆਂ ਆਦਿ ਸਭ ਦਾ ਖ਼ਰਚਾ ਵੀ ਉਮੀਦਵਾਰਾਂ ਦੇ ਖਰਚੇ ਵਿਚ ਜੁੜੇਗਾ ਅਤੇ ਲੋਕਾਂ ਦਾ ਮਨੋਰੰਜਨ ਕਰਨ ਲਈ ਵਰਤੇ ਜਾਂਦੇ।

ਸਾਧਨ ਆਰਕੈਸਟਰਾ ਸਮੇਤ ਡੀ ਜੇ ਦੀ ਕੀਮਤ 4000 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਰੱਖੀ ਗਈ ਹੈ। ਇਸਦੇ ਨਾਲ ਹੀ ਸਥਾਨਕ ਕਲਾਕਾਰਾਂ ਦੀ ਕੀਮਤ ਪ੍ਰਤੀ ਪ੍ਰੋਗਰਾਮ 30 ਹਜਾਰ ਰੁਪਏ ਅਤੇ ਨਾਮੀ ਕਲਾਕਾਰ ਦੀ ਕੀਮਤ ਪ੍ਰਤੀ ਪ੍ਰੋਗਰਾਮ 2 ਲੱਖ ਰੁਪਏ ਤੈਅ ਕੀਤੀ ਗਈ ਹੈ। ਚੋਣ ਕਮਿਸ਼ਨ ਵੱਲੋਂ ਤੈਅ ਕੀਤੀਆਂ ਗਈਆਂ ਇਨ੍ਹਾਂ ਕੀਮਤਾਂ ਤੋਂ ਜਾਪਦਾ ਹੈ ਕਿ ਇਸ ਵਾਰ ਉਮੀਦਵਾਰ ਚੋਣ ਪ੍ਰਚਾਰ ਦੌਰਾਨ ਚਮਕ ਦਮਕ ਤੋਂ ਗੁਰੇਜ ਕਰਨਗੇ ਅਤੇ ਹਰ ਇਕ ਵਸਤੂ 'ਤੇ ਖਰਚਾ ਸੋਚ ਸਮਝ ਕੇ ਕੀਤਾ ਜਾਵੇਗਾ।

ਚੋਣ ਕਮਿਸ਼ਨ ਵੱਲੋਂ ਕੀਤਾ ਗਿਆ ਇਹ ਫੈਸਲਾ ਸ਼ਲਾਘਾਯੋਗ ਹੈ ਕਿਉਂਕਿ ਇਸ ਫੈਸਲੇ ਨਾਲ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ 'ਤੇ ਕੀਤਾ ਜਾਂਦਾ ਵਾਧੂ ਖਰਚਾ ਘਟੇਗਾ|ਪਰ ਇਸ ਫੈਸਲੇ ਨੂੰ ਜ਼ਮੀਨੀ ਪੱਧਰ 'ਤੇ ਇਮਾਨਦਾਰੀ ਨਾਲ ਲਾਗੂ ਕਰਨ ਦੀ ਜਰੂਰਤ ਹੈ। ਇਸ ਮਾਮਲੇ ਵਿਚ ਵੋਟਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਮੀਦਵਾਰਾਂ ਵੱਲੋਂ ਕੀਤੇ ਜਾਂਦੇ ਨਜਾਇਜ਼ ਖਰਚੇ ਤੋਂ ਗੁਰੇਜ ਕਰਨ ਕਿਉਂਕਿ ਸਿੱਧੇ ਜਾਂ ਅਸਿੱਧੇ ਤੌਰ 'ਤੇ ਇਸ ਖਰਚੇ ਦਾ ਭਾਰ ਵੋਟਰਾਂ 'ਤੇ ਹੀ ਪੈਂਦਾ ਹੈ।