ਫਾਕੇ ਕੱਟਣ ਲਈ ਮਜ਼ਬੂਰ ਟੋਲ ਪਲਾਜ਼ਾ ਦੇ ਮੁਲਾਜ਼ਮ, ਕਿਸਾਨ ਜਥੇਬੰਦੀਆਂ ਤੇ ਡੀਸੀ ਕੋਲ ਮਦਦ ਦੀ ਗੁਹਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨੀ ਅੰਦੋਲਨ ਦੇ ਚੱਲਦਿਆਂ ਤਕਰੀਬਨ ਪੰਜ ਮਹੀਨਿਆਂ ਤੋਂ ਬੰਦ ਪਿਐ ਸੋਲਖੀਆਂ ਟੋਲ ਪਲਾਜ਼ਾ

Toll Plaza employees

ਰੂਪਨਗਰ : ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨੀ ਅੰਦੋਲਨ ਕਾਰਨ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਟੌਲ ਪਲਾਜ਼ੇ ਪਿਛਲੇ ਕਾਫੀ ਸਮੇਂ ਤੋਂ ਬੰਦ ਪਏ ਹਨ। ਇਨ੍ਹਾਂ ਵਿਚੋਂ ਕੁੱਝ ਟੌਲ ਪਲਾਜ਼ਿਆਂ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਨਾ ਮਿਲਣ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਦੇ ਰੂਪਨਗਰ ਜ਼ਿਲ੍ਹੇ ਵਿਚ ਪੈਂਦੇ ਸੋਲਖੀਆਂ ਟੌਲ ਪਲਾਜ਼ਾ ਦੇ ਮੁਲਾਜ਼ਮਾਂ ਨੇ ਤਨਖਾਹਾਂ ਨਾ ਮਿਲਣ ਤੋਂ ਦੁਖੀ ਹੋ ਕੇ ਕਿਸਾਨ ਜਥੇਬੰਦੀਆਂ ਸਮੇਤ ਜ਼ਿਲ੍ਹੇ ਦੇ ਡੀਸੀ ਵੱਲ ਮੰਗ ਪੱਤਰ ਲਿਖਿਆ ਗਿਆ ਹੈ। ਪੱਤਰ ਵਿਚ ਮੁਲਾਜ਼ਮਾਂ ਨੇ ਤਨਖਾਹਾਂ ਨਾਲ ਮਿਲਣ ਕਾਰਨ ਹੋਣ ਵਾਲੀਆਂ ਪ੍ਰੇਸ਼ਾਨੀਆਂ ਦਾ ਜ਼ਿਕਰ ਕਰਦਿਆਂ ਟੌਲ ਪਲਾਜ਼ਾ ਖੋਲ੍ਹਣ ਦੀ ਮੰਗ ਕੀਤੀ ਹੈ।

ਜਾਣਕਾਰੀ ਮੁਤਾਬਕ ਕਿਸਾਨੀ ਅੰਦੋਲਨ ਕਾਰਨ ਕੁਰਾਲੀ ਰੋਡ 'ਤੇ ਸਥਿਤ ਸੋਲਖੀਆਂ ਟੋਲ ਪਲਾਜ਼ਾ 10 ਅਕਤੂਬਰ 2020 ਤੋਂ ਬੰਦ ਪਿਆ ਹੈ। ਇਸ ਕਾਰਨ ਸਮੂਹ ਟੋਲ ਮੁਲਾਜ਼ਮਾਂ ਨੂੰ ਪਿਛਲੇ 5 ਮਹੀਨੇ ਤੋਂ ਤਨਖਾਹ ਨਹੀਂ ਮਿਲੀ। ਤਨਖਾਹ ਨਾਲ ਮਿਲਣ ਕਾਰਨ ਮੁਲਾਜ਼ਮਾਂ ਨੂੰ ਆਪਣੇ ਘਰਾਂ ਦਾ ਗੁਜਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ ਅਤੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਤੋਂ ਵੀ ਅਸਮਰੱਥ ਹੋ ਗਏ ਹਨ।  

ਇਸ ਤੋਂ ਬਾਅਦ ਟੋਲ ਮੁਲਾਜ਼ਮਾਂ ਨੇ ਸ਼ੁੱਕਰਵਾਰ ਨੂੰ ਸਤਵਿੰਦਰ ਸਿੰਘ ਐੱਚਆਰ ਐਡਮਿਨ ਦੀ ਅਗਵਾਈ ਹੇਠ ਕਿਸਾਨ ਜੱਥੇਬੰਦੀਆਂ ਦੇ ਆਗੂ ਆੜ੍ਹਤੀ ਮੇਜਰ ਸਿੰਘ ਮਾਂਗਟ ਨੂੰ ਟੋਲ ਪਲਾਜ਼ਾ ’ਤੇ ਮੰਗ ਪੱਤਰ ਦਿੰਦਿਆਂ ਤਨਖਾਹ ਨਾ ਮਿਲਣ ਕਾਰਨ ਆ ਰਹੀਆਂ ਪ੍ਰੇਸ਼ਾਨੀਆਂ ਤੋਂ ਜਾਣੂ ਕਰਵਾਇਆ। ਕਿਸਾਨ ਆਗੂ ਮੇਜਰ ਸਿੰਘ ਮਾਂਗਟ ਨੇ ਕਿਹਾ ਕਿ ਉਹ ਟੋਲ ਮੁਲਾਜ਼ਮਾਂ ਦੀ ਟੋਲ ਪਲਾਜ਼ਾ ਖੋਲ੍ਹਣ ਦੀ ਮੰਗ ਨੂੰ ਸਾਂਝਾ ਕਿਸਾਨ ਮਜਦੂਰ ਮੋਰਚਾ ਨੂੰ ਭੇਜਣਗੇ ਅਤੇ ਇਸ ਬਾਰੇ ਆਖਰੀ ਫ਼ੈਸਲਾ ਕਿਸਾਨ ਜੱਥੇਬੰਦੀਆਂ ਕਰ ਸਕਦੀਆਂ ਹਨ। 

ਇਸੇ ਦੌਰਾਨ ਟੋਲ ਮੁਲਾਜ਼ਮਾਂ ਨੇ ਸਥਾਨਕ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੂੰ ਵੀ ਮੰਗ ਪੱਤਰ ਦੇ ਕੇ ਪਿਛਲੇ 5 ਮਹੀਨੇ ਤੋਂ ਤਨਖਾਹ ਨਾ ਮਿਲਣ ਕਾਰਨ ਆ ਰਹੀਆਂ ਪ੍ਰੇਸ਼ਾਨੀਆਂ ਦਾ ਜ਼ਿਕਰ ਕਰਦਿਆਂ  ਟੋਲ ਪਲਾਜ਼ਾ ਖੁੱਲ੍ਹਵਾਉਣ ਦੀ ਮੰਗ ਕੀਤੀ ਹੈ। ਮੁਲਾਜ਼ਮਾਂ ਵੱਲੋਂ ਐੱਚਆਰ ਐਡਮਿਨ ਸਤਵਿੰਦਰ ਸਿੰਘ ਮੁਤਾਬਕ ਟੋਲ ਪਲਾਜ਼ਾ ਬੰਦ ਹੋਣ ਕਾਰਨ 90 ਫੀਸਦੀ ਸਟਾਫ ਘਰ ਬੈਠਾ ਬੇਰੁਜ਼ਗਾਰ ਹੋ ਗਿਆ ਹੈ। ਇਸ ਤੋਂ ਪਹਿਲਾਂ 23 ਮਾਰਚ 2020 ਨੂੰ ਕੋਵਿਡ 19 ਦੀ ਵਜ੍ਹਾਂ ਕਾਰਨ ਪੂਰੇ ਸਟਾਫ ’ਤੇ ਮਾਰ ਪਈ ਸੀ, ਹੁਣ 2021 ਤੋਂ ਟੋਲ ਪਲਾਜ਼ਾ ਬੰਦ ਹੋਣ ਦੇ ਕਾਰਨ ਸਮੂਹ ਸਟਾਫ ਨੂੰ ਤਨਖਾਹ ਨਾ ਮਿਲਣ ਕਾਰਨ ਵੱਡੀਆਂ ਵਿੱਤੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।