ਪੰਜਾਬ 'ਚ ਪੂਰੀ ਤਰ੍ਹਾਂ ਬੇਲਗ਼ਾਮ ਹੈ ਨਸ਼ੇ ਦਾ ਦੈਂਤ : ਮੀਤ ਹੇਅਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਸ਼ੇ ਦੀ ਓਵਰਡੋਜ਼ ਨਾਲ ਮਰ ਰਹੇ ਨੌਜਵਾਨਾਂ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ

Gurmeet Singh Meet Hayer

ਚੰਡੀਗੜ੍ਹ : ਸੂਬੇ 'ਚ ਨਸ਼ਿਆਂ ਦਾ ਪ੍ਰਕੋਪ ਜਿਉਂ ਦਾ ਤਿਉਂ ਜਾਰੀ ਹੈ, ਜਿਵੇਂ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਸੀ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਨੌਜਵਾਨ ਵਿਧਾਇਕ ਮੀਤ ਹੇਅਰ ਨੇ ਕੀਤਾ। ਮੀਤ ਹੇਅਰ ਨੇ ਖੰਨਾ ਦੇ ਪਿੰਡ ਲਿਬੜਾ ਵਿਖੇ ਨਸ਼ੇ ਦੀ ਓਵਰ ਡੋਜ਼ ਨਾਲ ਹੋਈ 21 ਸਾਲਾ ਨਿਰਭੈ ਸਿੰਘ ਦੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇਸ ਲਈ ਕੋਈ ਹੋਰ ਨਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ, ਜਿਨ੍ਹਾਂ ਸ੍ਰੀ ਗੁਟਕਾ ਸਾਹਿਬ ਦੀ ਝੂਠੀ ਸਹੁੰ ਚੁੱਕੀ, ਪਰ ਉਸ 'ਤੇ ਖਰਾ ਨਹੀਂ ਉੱਤਰੇ।

ਮੀਤ ਹੇਅਰ ਨੇ ਕਿਹਾ ਕਿ ਘਰ 'ਚ ਹੀ ਨਸ਼ੇ ਦੀ ਓਵਰਡੋਜ਼ ਨਾਲ ਬਾਂਹ 'ਚ ਸਰਿੰਜ ਸਮੇਤ ਦਮ ਤੋੜਨ ਵਾਲਾ ਨੌਜਵਾਨ ਨਿਰਭੈ ਸਿੰਘ 3 ਭੈਣਾਂ ਦਾ ਇਕਲੌਤਾ ਭਰਾ ਸੀ। ਉਸ ਦੀ 55 ਸਾਲਾ ਮਾਂ ਨੇ ਦੱਸਿਆ ਕਿ ਸ਼ਾਮ ਨੂੰ ਕੋਈ ਨੌਜਵਾਨ ਘਰ ਆਇਆ ਸੀ, ਜਿਸ ਤੋਂ ਬਾਅਦ ਉਹ ਉੱਪਰ ਚੁਬਾਰੇ 'ਤੇ ਚਲਾ ਗਿਆ, ਜਿੱਥੇ ਉਹ ਬਾਂਹ 'ਚ ਲੱਗੀ ਸਰਿੰਜ ਸਮੇਤ ਡਿੱਗਿਆ ਪਿਆ ਸੀ। ਹਸਪਤਾਲ ਪਹੁੰਚਣ 'ਤੇ ਡਾਕਟਰ ਨੇ ਮ੍ਰਿਤਕ ਐਲਾਨ ਦਿੱਤਾ।

ਮੀਤ ਹੇਅਰ ਨੇ ਦੋਸ਼ ਲਗਾਇਆ ਕਿ ਨਸ਼ੇ ਦੀ ਹੋਮ ਡਿਲੀਵਰੀ ਹੋ ਰਹੀ ਹੈ, ਪਰ ਕੈਪਟਨ ਸਰਕਾਰ ਨੂੰ ਕੋਈ ਪ੍ਰਵਾਹ ਨਹੀਂ। ਨਿਰਭੈ ਸਿੰਘ ਇਕੱਲਾ ਨੌਜਵਾਨ ਨਹੀਂ ਜੋ ਨਸ਼ੇ ਦੀ ਭੇਂਟ ਚੜ੍ਹਿਆ ਹੈ। ਪਿਛਲੇ ਇਕ ਮਹੀਨੇ ਦੌਰਾਨ ਹੀ ਦਰਜਨ ਤੋਂ ਵੱਧ ਨਸ਼ੇ ਦੀ ਓਵਰਡੋਜ਼ ਨਾਲ ਦਮ ਤੋੜਨ ਵਾਲੇ ਨੌਜਵਾਨਾਂ ਦੀਆਂ ਮੀਡੀਆ 'ਚ ਸੁਰਖ਼ੀਆਂ ਬਣੀਆਂ ਹਨ, ਫਿਰ ਵੀ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕੀ।