ਸ਼ਤਾਬਦੀ ਵਰ੍ਹੇਗੰਢ 'ਤੇ ਜਲਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸ਼ਹੀਦ ਦਾ ਰੁਤਬਾ ਐਲਾਨੇ ਸਰਕਾਰ: ਹਰਪਾਲ ਚੀਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੈਂਕੜੇ ਮ੍ਰਿਤਕਾਂ ਨੂੰ 'ਸ਼ਹੀਦ' ਦੇ ਰੁਤਬੇ ਵਾਲਾ ਸਨਮਾਨ ਨਹੀਂ ਦੇ ਸਕੀ ਸਰਕਾਰ...

Harpal Cheema

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ 13 ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਫ਼ਿਰੰਗੀ ਮਾਈਕਲ ਉਡਵਾਇਰ ਵੱਲੋਂ ਜੱਲਿਆਂਵਾਲਾ ਬਾਗ਼ ਵਿਚ ਗੋਲੀਆਂ ਨਾਲ ਭੁੰਨੇ ਗਏ ਆਜ਼ਾਦੀ ਦੇ ਹੱਕ 'ਚ ਸ਼ਾਂਤਮਈ ਜਲਸਾ ਕਰਦੇ ਸੈਂਕੜੇ ਪੁਰਸ਼ਾਂ, ਔਰਤਾਂ ਅਤੇ ਬੱਚਿਆਂ ਨੂੰ ਆਜ਼ਾਦੀ ਦੇ ਪਰਵਾਨੇ 'ਸ਼ਹੀਦ'  ਦਾ ਸਰਕਾਰੀ ਰੁਤਬਾ ਦੇਣ ਦੀ ਵਕਾਲਤ ਕੀਤੀ ਹੈ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁਲਕ ਦੀ ਆਜ਼ਾਦੀ ਦੇ 72 ਸਾਲ ਗੁਜ਼ਰ ਚੁੱਕੇ ਹਨ, ਜੱਲਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਨੂੰ ਵੀ ਅੱਜ ਪੂਰੇ 100 ਸਾਲ ਹੋ ਗਏ ਹਨ।

ਪਰੰਤੂ ਸਾਡੇ ਮੁਲਕ ਕੋਈ ਵੀ ਸਰਕਾਰ ਅਜੇ ਤੱਕ ਜਨਰਲ ਉਡਵਾਇਰ ਦੀਆਂ ਅੰਧਾਧੁੰਦ ਗੋਲੀਆਂ ਦਾ ਸ਼ਿਕਾਰ ਹੋਈਆਂ ਇਹਨਾਂ ਸੈਂਕੜੇ ਮ੍ਰਿਤਕਾਂ ਨੂੰ 'ਸ਼ਹੀਦ' ਦੇ ਰੁਤਬੇ ਵਾਲਾ ਸਨਮਾਨ ਨਹੀਂ ਦੇ ਸਕੀ, ਇਹ ਅਫ਼ਸੋਸ ਜਨਕ ਨਾਲਾਇਕੀ ਨਿੰਦਣਯੋਗ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇੱਕ ਪਾਸੇ ਅਸੀ ਬ੍ਰਿਟਿਸ਼ ਸਰਕਾਰ ਤੋਂ ਇਸ ਅਣਮਨੁੱਖੀ ਕਤਲੋਗਾਰਤ ਲਈ ਮੁਆਫ਼ੀ ਦੀ ਮੰਗ ਕਰ ਰਹੇ ਹਾਂ ਦੂਜੇ ਪਾਸੇ ਸਾਡੇ ਆਪਣੇ ਮੁਲਕ ਦੀ ਸਰਕਾਰ ਨੇ ਇਨ੍ਹਾਂ ਆਜ਼ਾਦੀ ਦੇ ਪਰਵਾਨਿਆਂ ਨੂੰ ਸ਼ਹੀਦ ਦਾ ਸਨਮਾਨ ਤੱਕ ਨਹੀਂ ਦਿੱਤਾ।

ਜਿਸ ਲਈ ਆਜ਼ਾਦੀ ਦੇ 72 ਸਾਲਾਂ ਤੋਂ ਸੱਤਾ 'ਚ ਚੱਲਦੀਆਂ ਆ ਰਹੀ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਸਰਕਾਰਾਂ ਜ਼ਿੰਮੇਵਾਰ ਹਨ। ਚੀਮਾ ਨੇ ਕਿਹਾ ਕਿ ਵਿਸਾਖੀ ਵਾਲੇ ਦਿਨ ਆਜ਼ਾਦੀ ਦੇ ਇਹ ਪਰਵਾਨੇ ਜੱਲਿਆਂਵਾਲਾ ਬਾਗ਼ 'ਚ ਪਿਕਨਿਕ ਮਨਾਉਣ ਲਈ ਇਕੱਠੇ ਨਹੀਂ ਹੋਏ ਸਨ, ਉਹ ਆਜ਼ਾਦੀ ਦੇ ਹੱਕ 'ਚ ਤਤਕਾਲੀ ਫ਼ਿਰੰਗੀ ਸਰਕਾਰ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਜੁੜੇ ਸਨ, ਇਸ ਲਈ ਇਹ ਨਾ ਕੇਵਲ ਆਜ਼ਾਦੀ ਘੁਲਾਟੀਏ ਹਨ ਬਲਕਿ ਆਜ਼ਾਦੀ ਲਈ ਦੇਸ਼ 'ਤੇ ਕੁਰਬਾਨ ਹੋਣ ਵਾਲੇ ਮਾਣਮੱਤੇ ਸ਼ਹੀਦ ਹਨ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਲੰਮੇ ਸਮੇਂ ਤੋਂ ਦੇਸ਼ ਲਈ ਕੁਰਬਾਨ ਹੋਣ ਵਾਲੇ ਇਨ੍ਹਾਂ ਸ਼ਹੀਦਾਂ ਨੂੰ ਸਰਕਾਰੀ ਰਿਕਾਰਡ 'ਚ 'ਸ਼ਹੀਦ' ਦਾ ਦਰਜਾ ਦੇਣ ਦੀ ਮੰਗ ਉੱਠਦੀ ਆ ਰਹੀ ਹੈ। ਅੰਮ੍ਰਿਤਸਰ ਦਾ ਬਹਿਲ ਪਰਿਵਾਰ ਪਿਛਲੇ 36 ਸਾਲਾਂ ਤੋਂ ਸ਼ਹੀਦ ਦੇ ਦਰਜੇ ਲਈ ਲੜਾਈ ਲੜਦਾ ਆ ਰਿਹਾ। ਇਸ ਪਰਿਵਾਰ ਦੇ ਮਹੇਸ਼ ਬਹਿਲ ਦਾ ਕਹਿਣਾ ਹੈ ਕਿ ਉਸ ਦੇ ਦਾਦਾ ਹਰੀ ਰਾਮ ਬਹਿਲ, ਜੋ ਪੇਸ਼ੇ ਤੋਂ ਵਕੀਲ ਸਨ, 13 ਅਪ੍ਰੈਲ 1919 ਵਾਲੇ ਦਿਨ ਜੱਲਿਆਂਵਾਲਾ ਵਾਲੇ  ਬਾਗ਼ 'ਚ ਹੋਰਨਾਂ ਦੇ ਨਾਲ ਦੇਸ਼ ਲਈ ਸ਼ਹੀਦ ਹੋਏ ਸਨ।

ਆਪਣੀ ਭੂਆ ਦੇ ਹਵਾਲੇ ਨਾਲ ਮਹੇਸ਼ ਬਹਿਲ ਦੱਸਦੇ ਹਨ ਕਿ ਉਸ ਦੇ ਦਾਦਾ ਜੀ ਵੱਲੋਂ ਆਪਣੀ ਬੇਟੀ ਨੂੰ ਕਹੇ ਆਖ਼ਰੀ ਸ਼ਬਦ ਇਹ ਸਨ ਕਿ ''ਮੈਂ ਆਪਣੀ ਮਾਂ-ਭੂਮੀ ਲਈ ਬਲੀਦਾਨ ਦਿੱਤਾ ਹੈ, ਮੇਰੀ ਖ਼ੁਸ਼ੀ ਦੁੱਗਣੀ ਹੋ ਜਾਵੇਗੀ ਜੇ ਮੇਰਾ ਪੁੱਤਰ ਵੀ ਦੇਸ਼ ਲਈ ਕੁਰਬਾਨ ਹੋ ਜਾਵੇ'' ਹਰਪਾਲ ਸਿੰਘ ਚੀਮਾ ਨੇ ਮਹੇਸ਼ ਬਹਿਲ ਦੇ ਹਵਾਲੇ ਨਾਲ ਦੱਸਿਆ ਕਿ ਇਹ ਪਰਿਵਾਰ 36 ਸਾਲਾਂ ਤੋਂ ਆਪਣੇ ਬਜ਼ੁਰਗਾਂ ਦੇ ਸਨਮਾਨ ਲਈ ਜੱਦੋਜਹਿਦ ਕਰਦਾ ਹੋਇਆ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਭਾਜਪਾ ਦੇ ਦਿੱਗਜ ਆਗੂ ਲਾਲ ਕ੍ਰਿਸ਼ਨ ਅਡਵਾਨੀ ਸਮੇਤ ਅਨੇਕਾਂ ਸਿਆਸਤਦਾਨਾਂ ਕੋਲ ਪਹੁੰਚ ਕਰ ਚੁੱਕਿਆ ਹੈ,

ਪਰੰਤੂ ਕਿਸੇ ਵੀ ਸਰਕਾਰ ਨੇ ਇਸ ਮੰਗ ਨੂੰ ਗੰਭੀਰਤਾ ਨਾਲ ਨਹੀਂ ਲਿਆ। ਚੀਮਾ ਨੇ ਮੰਗ ਕੀਤੀ ਕਿ ਹੋਰ ਦੇਰੀ ਨਾ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ 13 ਅਪ੍ਰੈਲ 2019 ਨੂੰ 100ਵੀਂ ਵਰ੍ਹੇਗੰਢ ਮੌਕੇ ਜੱਲਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸਰਕਾਰੀ ਤੌਰ 'ਤੇ ਸ਼ਹੀਦ ਦੇ ਰੁਤਬੇ ਦਾ ਐਲਾਨ ਕਰਨ ਅਤੇ ਕੈਪਟਨ ਅਮਰਿੰਦਰ ਸਿੰਘ ਸੂਬਾ ਸਰਕਾਰ ਦੀ ਤਰਫ਼ੋਂ ਇਸ ਮੰਗ ਨੂੰ ਗੰਭੀਰਤਾ ਨਾਲ ਕੇਂਦਰ ਸਰਕਾਰ ਕੋਲ ਉਠਾਉਣ।