ਕਾਂਗਰਸ ’ਚ ਮੁੜ ਸ਼ਾਮਲ ਹੋਣ ਮਗਰੋਂ ਕੀ ਬੋਲੇ ਦਲਬੀਰ ਗੋਲਡੀ?
ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਨੇ ਕਰਵਾਇਆ ਸ਼ਾਮਲ
ਦਲਵੀਰ ਗੋਲਡੀ ਦੀ ਕਾਂਗਰਸ ’ਚ ਵਾਪਸੀ ਹੋ ਗਈ ਹੈ। ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਨੇ ਗੋਲਡੀ ਨੂੰ ਕਾਂਗਰਸ ਕਰਵਾਇਆ ਸ਼ਾਮਲ। ਇਸ ਸਮੇਂ ਪਾਰਟੀ ਪ੍ਰਧਾਨ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਉਹ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਛੱਡ ਕੇ ‘ਆਪ’ ਵਿਚ ਸ਼ਾਮਲ ਹੋਏ ਸਨ ਤੇ ਸੀਐਮ ਮਾਨ ਨੇ ਉਨ੍ਹਾਂ ਨੂੰ ‘ਆਪ’ ਵਿਚ ਸ਼ਾਮਲ ਕਰਵਾਇਆ ਸੀ। ਮੁੜ ਕਾਂਗਰਸ ਵਿਚ ਸ਼ਾਮਲ ਹੋਣ ਮਗਰੋਂ ਦਲਵੀਰ ਗੋਲਡੀ ਨੇ ਪਾਰਟੀ ਦਾ ਧਨਵਾਦ ਕੀਤਾ।
‘ਆਪ’ ਦਾ ਪੱਲਾ ਛੱਡ ਕੇ ਕਾਂਗਰਸ ਵਿਚ ਮੁੜ ਸ਼ਾਮਲ ਹੋਣ ਤੋਂ ਬਾਅਦ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਦਲਬੀਰ ਸਿੰਘ ਗੋਲਡੀ ਨੇ ਕਿਹਾ ਕਿ ਹਾਈਕਮਾਂਡ, ਭੁਪੇਸ਼ ਬਘੇਲ, ਪਾਰਟੀ ਪ੍ਰਧਾਨ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਤੇ ਪੰਜਾਬ ਦੀ ਸਾਰੀ ਲੀਡਰਸ਼ਿਪ ਜਿਨ੍ਹਾਂ ਨੇ ਮੈਨੂੰ ਮੌਕਾ ਦਿਤਾ, ਦਾ ਮੈਂ ਧਨਵਾਦ ਕਰਦਾ ਹਾਂ ਤੇ ਜੋ ਮੈਨੂੰ ਹੁਕਮ ਹੋਣਗੇ, ਮੈਂ ਉਸ ਮੁਤਾਬਕ ਕੰਮ ਕਰਾਂਗਾ ਅਤੇ ਜੋ ਵੀ ਪਾਰਟੀ ਜਾਂ ਹਾਈਕਮਾਂਡ ਵਲੋਂ ਹੁਕਮ ਹੋਣਗੇ, ਉਹ ਲੋਕਾਂ ਤਕ ਪਹੁੰਚਾਉਣਗੇ, ਲੋਕਾਂ ਦੀ ਆਵਾਜ਼ ਬੁਲੰਦ ਕਰਾਂਗੇ। ਜਿਵੇਂ ਮੈਂ ਪਹਿਲਾਂ ਵੀ ਲੋਕਾਂ ਦੇ ਹੱਕਾਂ ਲਈ ਲੜਦਾ ਰਿਹਾ ਹਾਂ ਉਸੇ ਤਰ੍ਹਾਂ ਹੀ ਲੜਦਾ ਰਹਾਂਗਾ।
ਉਨ੍ਹਾਂ ਕਿਹਾ ਕਿ ਪਿਛਲਾ ਸਮਾਂ ਮੇਰੇ ਲਈ ਬਹੁਤ ਔਖਾ ਸੀ। ਲੰਘੇ ਸਮੇਂ ਨੂੰ ਪਿੱਛੇ ਛੱਡ ਦਈਏ ਤੇ ਅੱਗੇ ਕੀ ਕਰਨਾ, ਉਸ ਬਾਰੇ ਸੋਚ ਕੇ ਕੰਮ ਕਰਨਾ ਹੈ। ਉਨ੍ਹਾਂ ਕਿਹਾ ਕਿ ਸਾਰੀ ਲੀਡਰਸ਼ਿਪ ਨਾਲ ਗੱਲਬਾਤ ਕਰੀ ਹੈ ਤਾਂ ਹੀ ਦੁਬਾਰਾ ਪਾਰਟੀ ਜੁਆਇੰਨ ਕੀਤੀ ਹੈ ਤੇ ਪ੍ਰਤਾਪ ਸਿੰਘ ਬਾਜਵਾ ਦੇ ਘਰ ਹੀ ਉਨ੍ਹਾਂ ਦਾ ਆਸ਼ੀਰਵਾਦ ਲੈ ਕੇ ਹੀ ਪਾਰਟੀ ਵਿਚ ਸ਼ਾਮਲ ਹੋਇਆ ਹਾਂ। ਉਨ੍ਹਾਂ ਕਿਹਾ ਕਿ ਪਾਜੇਟਿਵ ਰਾਜਨੀਤੀ ਕੀਤੀ ਹੈ ਤੇ ਪਾਜੇਟਿਵ ਰਾਜਨੀਤੀ ਕਰਾਂਗੇ। ਗੁਰੂ ਮਾਹਾਰਾਜ ਸਭ ਨੂੰ ਚੜ੍ਹਦੀ ਕਲਾ ਵਿਚ ਰੱਖੇ ਤੇ ਸਭ ਦਾ ਭਲਾ ਕਰੇ। ਉਨ੍ਹਾਂ ਕਿਹਾ ਕਿ ਮੇਰੀ ਕਿਸੇ ਨਾਲ ਕੋਈ ਨਰਾਜਗੀ ਨਹੀਂ ਹੈ ਤੇ ਕਾਂਗਰਸ ਨਾਲ ਮਿਲ ਕੇ ਹੀ ਅੱਗੇ ਵਧਣਗੇ ਅਤੇ ਕੰਮ ਕਰਦੇ ਰਹਿਣਗੇ।