ਹਰਸਿਮਰਤ ਦੀਆਂ ਰੈਲੀਆਂ 'ਚ ਅੜਿੱਕਾ ਡਾਹ ਕੇ ਲੋਕ ਅਪਣਾ ਗੁੱਸਾ ਕੱਢ ਰਹੇ ਹਨ : ਕੈਪਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੁਕਰਮਾਂ ਨੇ ਬਾਦਲਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿਤੈ

Captain Amarinder Singh

ਚੰਡੀਗੜ੍ਹ : ਚੋਣ ਰੈਲੀਆਂ 'ਚ ਵਿਘਣ ਪਾਉਣ ਲਈ ਹਰਸਿਮਰਤ ਕੌਰ ਬਾਦਲ ਵਲੋਂ ਕਾਂਗਰਸ ਸਰਕਾਰ 'ਤੇ ਲਾਏ ਗਏ ਦੋਸ਼ਾਂ ਦੀ ਖਿੱਲੀ ਉਡਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਲੋਕਾਂ ਦਾ ਗੁੱਸਾ ਹੈ ਜੋ ਸ਼੍ਰੋਮਣੀ ਅਕਾਲੀ ਦਲ ਦੇ 10 ਸਾਲਾਂ ਦੇ ਸਾਸ਼ਨ ਦੌਰਾਨ ਉਨ੍ਹਾਂ ਨੂੰ ਪੇਸ਼ ਆਈ ਮੁਸੀਬਤਾਂ ਦੇ ਕਾਰਨ ਬਾਹਰ ਨਿਕਲ ਰਿਹਾ ਹੈ। 

ਸਮੁੱਚੇ ਸੂਬੇ ਦੀ ਬਜਾਏ ਕੁਝ ਪਿੰਡਾਂ ਵਿਚ ਅਕਾਲੀਆਂ ਨੂੰ ਵਿਰੋਧ ਦਾ ਸਾਹਮਣਾ ਕਰਨ ਉੱਤੇ ਹੈਰਾਨੀ ਪ੍ਰਗਟ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਿਛਲੇ 10 ਸਾਲ ਲੋਕਾਂ ਨੂੰ ਬਾਦਲਾਂ ਅਤੇ ਉਨ੍ਹਾਂ ਦੇ ਜੋਟੀਦਾਰਾਂ ਤੋਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ ਜਿਸ ਕਾਰਨ ਹੁਣ ਉਹ ਅਪਣੀ ਆਵਾਜ਼ ਬੁਲੰਦ ਕਰ ਰਹੇ ਹਨ ਅਤੇ ਉਨ੍ਹਾਂ ਦਾ ਗੁੱਸਾ ਬਾਹਰ ਆ ਰਿਹਾ ਹੈ। ਅਸਲ ਵਿਚ ਹਰਸਿਮਰਤ ਨੂੰ ਉਸ ਦੇ ਹਲਕੇ ਦੇ ਇਕ ਪਿੰਡ ਵਿਚ ਦਾਖ਼ਲ ਹੋਣ ਤੋਂ ਰੋਕਿਆ ਜਿਸ ਤੋਂ ਇਹ ਪ੍ਰਗਟਾਵਾ ਹੁੰਦਾ ਹੈ ਕਿ ਬਾਦਲਾਂ ਦੇ ਕਰਮ ਉਨ੍ਹਾਂ ਦਾ ਪਿੱਛਾ ਕਰ ਰਹੇ ਹਨ ਕਿਉਂਕਿ ਉਨ੍ਹਾਂ ਦੇ ਇਕ ਦਹਾਕੇ ਦੇ ਕੁਸ਼ਾਸਨ ਦੌਰਾਨ ਪੰਜਾਬ ਦੇ ਲੋਕਾਂ ਨੇ ਲਹੂ ਦੇ ਅੱਥਰੂ ਗੇਰੇ ਹਨ। 

ਹਰਸਿਮਰਤ ਦੀ ਚੋਣ ਮੁਹਿੰਮ ਨੂੰ ਸਾਬੋਤਾਜ ਕਰਨ ਲਈ ਕਾਂਗਰਸ ਸਰਕਾਰ ਵਲੋਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨ ਦੇ ਉਸ ਵਲੋਂ ਲਾਏ ਗਏ ਦੋਸ਼ਾਂ ਨੂੰ ਰੱਦ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀਆਂ ਨੇ ਬੇਅਦਬੀ ਦੇ ਮਾਮਲਿਆਂ 'ਤੇ ਲੋਕਾਂ ਦਾ ਧਰੂਵੀਕਰਨ ਕਰਨ ਦੀ ਕੋਸ਼ਿਸ਼ ਸਣੇ ਆਪਣੇ ਕੁਸ਼ਾਸਨ ਦੇ ਕਾਰਨ ਆਪਣੀਆਂ ਸੰਭਾਵਨਾਵਾਂ ਨੂੰ ਖੁਦ ਹੀ ਸਾਬੋਤਾਜ ਕਰ ਲਿਆ ਹੈ। ਖ਼ੁਦ ਅਕਾਲੀਆਂ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਮੁੱਚੀ ਸਰਕਾਰੀ ਮਸ਼ੀਨਰੀ ਦੀ ਵਰਤੋਂ ਕੀਤੀ ਸੀ ਪਰ ਉਨ੍ਹਾਂ ਚੋਣਾਂ ਵਿਚ ਲੋਕਾਂ ਦੇ ਗੁੱਸੇ ਕਾਰਨ ਅਕਾਲੀਆਂ ਦਾ ਪੂਰੀ ਤਰ੍ਹਾਂ ਸਫਾਇਆ ਹੋ ਗਿਆ ਸੀ। ਇਹ ਲੋਕ ਇਕ ਦਹਾਕੇ ਦੌਰਾਨ ਉਠਾਈਆਂ ਗਈਆਂ ਮੁਸੀਬਤਾਂ ਨੂੰ ਅਜੇ ਤਕ ਨਹੀਂ ਭੁੱਲੇ ਜਿਸ ਕਰ ਕੇ ਉਹ ਬਾਦਲਾਂ ਨੂੰ ਮੁਆਫ਼ ਨਹੀਂ ਕਰਨਾ ਚਾਹੁੰਦੇ। 

ਮੁੱਖ ਮੰਤਰੀ ਨੇ ਕਿਹਾ ਕਿ ਮੋਦੀ ਕੈਬਨਿਟ ਵਿਚ ਇਕ ਮੰਤਰੀ ਹੋਣ ਦੇ ਬਾਵਜੂਦ ਹਰਸਿਮਰਤ ਪੰਜਾਬ ਦੇ ਲੋਕਾਂ ਦੇ ਕਿਸੇ ਵੀ ਵਰਗ ਲਈ ਕੁਝ ਵੀ ਕਰਨ ਤੋਂ ਅਸਫ਼ਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਬਠਿੰਡਾ ਦੇ ਲੋਕ ਦੇਖ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਰਸਿਮਰਤ ਸਗੋਂ ਉਨ੍ਹਾਂ ਲੋਕਾਂ ਤੋਂ ਹੀ ਵੋਟਾਂ ਮੰਗ ਰਹੀ ਹੈ ਜਿਨ੍ਹਾਂ ਨੂੰ ਇਸ ਦੇ ਪਰਵਾਰ ਨੇ ਹੀ ਤਬਾਹ ਕਰ ਕੇ ਰੱਖ ਦਿਤਾ ਹੈ। 

ਮੁੱਖ ਮੰਤਰੀ ਨੇ ਕਿਹਾ ਕਿ ਚੋਣਾਂ ਕਾਰਗੁਜ਼ਾਰੀ ਦੇ ਸਿਰ ਉੱਤੇ ਜਿਤੀਆਂ ਜਾਂਦੀਆਂ ਹਨ ਜੋ ਉਨ੍ਹਾਂ ਦੀ ਸਰਕਾਰ ਅਤੇ ਕਾਂਗਰਸ ਨੇ ਪਹਿਲਾਂ ਹੀ ਦਿਖਾ ਦਿਤੀ ਹੈ। ਉਨ੍ਹਾਂ ਨੇ ਹਰਸਿਮਰਤ ਅਤੇ ਬਾਦਲਾਂ ਨੂੰ ਸਲਾਹ ਦਿਤੀ ਕਿ ਉਹ ਅਪਣਾ ਬੋਰੀ ਬਿਸਤਰਾ ਲਪੇਟਣਾ ਸ਼ੁਰੂ ਕਰ ਦੇਣ ਕਿਉਂਕਿ ਉਨ੍ਹਾਂ ਦੇ ਕੁਕਰਮਾਂ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿਤਾ ਹੈ ਜਿਸ ਕਰਕੇ ਛੇਤੀ ਹੀ ਉਨ੍ਹਾਂ ਦੇ ਛੁਪਣ ਦੀ ਕੋਈ ਵੀ ਥਾਂ ਨਹੀਂ ਰਹੇਗੀ।