ਬੇਰੁਜ਼ਗਾਰ ਅਧਿਆਪਕਾਂ ਨੇ ਆਪਣੇ ਘਰਾਂ ਦੇ ਬਾਹਰ 'ਰੁਜ਼ਗਾਰ ਨਹੀਂ-ਵੋਟ ਨਹੀਂ' ਦੇ ਨਾਹਰੇ ਲਿਖੇ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਧਿਆਪਕ ਆਗੂਆਂ ਨੇ ਕਿਹਾ ਕਿ ਨੌਜਵਾਨਾਂ ਦਾ ਸਿਆਸੀ ਪਾਰਟੀਆਂ ਤੋਂ ਭਰੋਸਾ ਉੱਠਿਆ

Unemployed teachers boycott lok sabha elections

ਬਠਿੰਡਾ : ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੇਰੁਜ਼ਗਾਰ ਬੀਐਡ ਅਧਿਆਪਕ ਯੂਨੀਅਨ ਪੰਜਾਬ ਵਲੋਂ ਲੋਕ ਸਭਾ ਚੋਣਾਂ ਮੌਕੇ ਚਲਾਈ 'ਰੁਜ਼ਗਾਰ ਨਹੀਂ-ਵੋਟ ਨਹੀਂ' ਮੁਹਿੰਮ ਨੂੰ ਬਠਿੰਡਾ ਲੋਕ-ਸਭਾ ਹਲਕੇ ਵਿਚ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੇਰੁਜ਼ਗਾਰ ਨੌਜਵਾਨ ਗੁਰਪ੍ਰੀਤ ਸਰਾਂ, ਅਰਸ਼ਦੀਪ ਕਿਸ਼ਨਗੜ੍ਹ, ਬਚਿੱਤਰ ਸਿੰਘ ਰਿਓਂਦ ਕਲਾਂ, ਰਾਜਵੀਰ ਮੌੜ, ਹਰਵਿੰਦਰ ਸਿੰਘ ਬੁਲਾਡੇਵਾਲਾ, ਸੁਰਿੰਦਰ ਸਿੰਘ, ਗੁਰਮੁਖ ਸਿੰਘ ਨੇ ਕਿਹਾ ਕਿ ਬੇਰੁਜ਼ਗਾਰ ਅਧਿਆਪਕਾਂ ਵਲੋਂ ਸੂਬੇ ਦੀ ਕਾਂਗਰਸ ਸਰਕਾਰ ਦੀਆਂ ਨੀਤੀਆਂ ਦਾ ਲੋਕਾਂ ਦੀ ਕਚਿਹਰੀ ਵਿਚ ਪਰਦਾਫ਼ਾਸ਼ ਕੀਤਾ ਜਾ ਰਿਹਾ ਹੈ।

ਬੇਰੁਜ਼ਗਾਰ ਅਧਿਆਪਕਾਂ ਨੇ ਆਪੋ-ਆਪਣਿਆਂ ਘਰਾਂ ਦੇ ਦਰਵਾਜ਼ਿਆਂ ਮੂਹਰੇ 'ਰੁਜ਼ਗਾਰ ਨਹੀਂ-ਵੋਟ ਨਹੀਂ'ਨਾਹਰੇ ਲਿਖੇ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸੱਤਾ 'ਤੇ ਬਿਰਾਜਮਾਨ ਕਾਂਗਰਸ ਹਕੂਮਤ ਵਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੱਤਾ ਹਾਸਲ ਕਰਨ ਲਈ ਲੋਕਾਂ ਨਾਲ ਅਨੇਕਾਂ ਲਿਖਤੀ ਵਾਅਦੇ (ਚੋਣ ਮੈਨੀਫ਼ੈਸਟੋ ਰਾਹੀਂ) ਕੀਤੇ ਸਨ। ਨੌਜਵਾਨਾਂ 'ਚ ਵੱਡੇ ਪੱਧਰ 'ਤੇ ਫੈਲੀ ਬੇਰੁਜ਼ਗਾਰੀ ਦੂਰ ਕਰਨ ਹਿੱਤ 'ਹਰ ਘਰ ਇਕ ਨੌਕਰੀ' ਦੇਣ ਦਾ ਵਾਅਦਾ ਵੀ ਕੀਤਾ ਗਿਆ ਸੀ। ਨੌਕਰੀ ਮਿਲਣ ਤਕ ਲੱਗਣ ਵਾਲੇ ਸਮੇਂ ਦੌਰਾਨ 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦੇਣ ਦੇ ਐਲਾਨ ਕੀਤੇ ਗਏ ਸਨ। ਪਰ ਕਾਂਗਰਸ ਹਕੂਮਤ ਦੇ ਪਿਛਲੇ ਲਗਭਗ ਦੋ ਸਾਲਾਂ ਦੇ ਅਮਲ ਨਾਲ ਹੋਰ ਵਾਅਦਿਆਂ ਦੀ ਤਰ੍ਹਾਂ ਇਸ ਵਾਅਦੇ ਦੀ ਵੀ ਬਿੱਲੀ ਥੈਲਿਉਂ ਬਾਹਰ ਆ ਗਈ ਹੈ।

ਆਗੂਆਂ ਨੇ ਕਿਹਾ ਕਿ ਨੌਜਵਾਨਾਂ ਦਾ ਸਿਆਸੀ ਪਾਰਟੀਆਂ ਤੋਂ ਭਰੋਸਾ ਉੱਠ ਗਿਆ ਹੈ।  ਉਨ੍ਹਾਂ ਕਿਹਾ ਕਿ ਸੂਬੇ 'ਚ ਪਿਛਲੇ 10 ਸਾਲਾਂ ਦੌਰਾਨ ਅਕਾਲੀ-ਭਾਜਪਾ ਸਰਕਾਰ ਨੇ ਵੀ ਰੁਜ਼ਗਾਰ ਨੂੰ ਆਪਣੀ ਪਹਿਲ ਨਹੀਂ ਸੀ ਬਣਾਇਆ ਅਤੇ ਕੇਂਦਰ ਦੀ ਭਾਜਪਾ ਸਰਕਾਰ ਨੇ ਵੀ 2 ਕਰੋੜ ਨੌਕਰੀਆਂ ਦਾ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਦਸਿਆ ਕਿ ਪੰਜਾਬ 'ਚ ਸਰਕਾਰੀ ਸਕੂਲਾਂ ਵਿੱਚ ਹਜ਼ਾਰਾਂ ਅਧਿਆਪਕ ਅਸਾਮੀਆਂ ਖਾਲੀ ਹਨ, ਜਦੋਂਕਿ ਇਸ ਸਮੇਂ ਕਰੀਬ 50 ਹਜ਼ਾਰ ਅਧਿਆਪਕ ਯੋਗਤਾ ਪ੍ਰੀਖਿਆ ਪਾਸ ਉਮੀਦਵਾਰ ਬੇਰੁਜ਼ਗਾਰ ਹਨ।