ਪੰਜਾਬ ਦੀ ਸੇਵਾ ਲਈ ਆਏ ਹਾਂ- ਧਰਮਿੰਦਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੈਸੇ ਕਮਾਉਣ ਨਹੀਂ, ਪੰਜਾਬ ਦੀ ਸੇਵਾ ਲਈ ਆਏ ਹਾਂ

Dharmendra

ਗੁਰਦਾਸਪੁਰ- ਬਾਲੀਵੁੱਡ ਸਟਾਰ ਧਰਮਿੰਦਰ ਆਪਣੇ ਪੁੱਤਰ ਸੰਨੀ ਦਿਓਲ ਦੇ ਹੱਕ ਵਿਚ ਚੋਣ–ਪ੍ਰਚਾਰ ਕਰਨ ਲਈ ਆ ਡਟੇ ਹਨ। ਸੰਨੀ ਦਿਓਲ ਗੁਰਦਾਸਪੁਰ ਸਾਂਸਦੀ ਹਲਕੇ ਤੋਂ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਹਨ। ਧਰਮਿੰਦਰ ਸ਼ੁੱਕਰਵਾਰ ਦੀ ਸ਼ਾਮ ਨੂੰ ਹੀ ਗੁਰਦਾਸਪੁਰ ਆ ਗਏ ਸਨ। ਸੰਨੀ ਦਿਓਲ ਦੀ ਹਰਮਨ ਪਿਆਰਤਾ ਦਾ ਇਹ ਹਾਲ ਹੈ ਕਿ ਜਦੋਂ ਵੀ ਕਦੇ ਉਹ ਰੋਡ–ਸ਼ੋਅ ਕੱਢਦੇ ਹਨ, ਤਾਂ ਕਈ–ਕਈ ਕਿਲੋਮੀਟਰ ਦੇ ਜਾਮ ਲੱਗ ਜਾਂਦੇ ਹਨ। ਘਰਾਂ, ਦੁਕਾਨਾਂ ਤੇ ਵਾਹਨਾਂ ਦੀਆਂ ਛੱਤਾਂ ਉੱਤੇ ਲੋਕ ਚੜ੍ਹ ਜਾਂਦੇ ਹਨ।

ਅਜਿਹੇ ਮਾਹੌਲ ਦੌਰਾਨ ਬੀਕਾਨੇਰ (ਰਾਜਸਥਾਨ) ਦੇ ਸਾਬਕਾ ਐੱਮਪੀ ਧਰਮਿੰਦਰ ਨੇ ਕਿਹਾ ਕਿ ਉਹ ਇੱਥੇ ਕਿਸੇ ਨਾਲ ਕੋਈ ਬਹਿਸ ਕਰਨ ਲਈ ਨਹੀਂ ਆਏ, ਸਗੋਂ ਆਮ ਜਨਤਾ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਆਏ ਹਨ। ਦੱਸ ਦਈਏ ਕਿ ਗੁਰਦਾਸਪੁਰ ਤੋਂ ਹੀ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੇ ਸੰਨੀ ਦਿਓਲ ਨੂੰ ਸਥਾਨਕ ਮੁੱਦਿਆਂ ਬਾਰੇ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਸੀ।

ਧਰਮਿੰਦਰ ਨੇ ਅੱਗੇ ਕਿਹਾ ਕਿ ਜਾਖੜ ਨਾਲ ਬਹਿਸ ਕਰਨੀ ਸੁਖਾਲੀ ਨਹੀਂ ਹੋਵੇਗੀ ਕਿਉਂਕਿ ਉਹ ਖ਼ੁਦ ਲੰਮੇ ਸਮੇਂ ਤੋਂ ਸਿਆਸਤਦਾਨ ਹੈ ਤੇ ਉਸ ਦੇ ਪਿਤਾ ਵੀ ਸਿਆਸਤ ਵਿਚ ਰਹੇ ਹਨ। ਇਸੇ ਲਈ ਉਨ੍ਹਾਂ ਨੂੰ ਬਹਿਸ ਕਰਨ ਦਾ ਵੱਡਾ ਤਜਰਬਾ ਹੈ। ਉਨ੍ਹਾਂ ਕਿਹਾ ਕਿ ਉਹ ਖ਼ੁਦ ਵੀ ਭਾਸ਼ਣ ਨਹੀਂ ਦੇ ਸਕਦੇ ਪਰ ਆਮ ਲੋਕਾਂ ਨਾਲ ਗੱਲਬਾਤ ਜ਼ਰੂਰ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੁੱਤਰ ਸੰਨੀ ਦਿਓਲ ਵੀ ਉਨ੍ਹਾਂ ਵਰਗਾ ਹੀ ਹੈ, ਜਿਸ ਨੂੰ ਸਿਆਸਤ ਨਹੀਂ ਆਉਂਦੀ।

ਉਨ੍ਹਾਂ ਕਿਹਾ ਕਿ ਸੰਨੀ ਦਿਓਲ ਨੇ ਕੁੱਝ ਦੇਸ਼–ਭਗਤੀ ਵਾਲੇ ਫ਼ਿਲਮੀ ਰੋਲ ਕੀਤੇ ਸਨ, ਜਿਸ ਕਰ ਕੇ ਉਸ ਨੂੰ ਇੰਨਾ ਪਿਆਰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਗੁਰਦਾਸਪੁਰ ਹਲਕੇ ਦੇ ਕੋਣੇ–ਕੋਣੇ ਵਿਚ ਜਾ ਕੇ ਸੰਨੀ ਦਿਓਲ ਲਈ ਵੋਟਾਂ ਮੰਗਣਗੇ। ਸੁਆਲਾਂ ਦੇ ਜੁਆਬ ਦਿੰਦਿਆਂ ਧਰਮਿੰਦਰ ਨੇ ਇਹ ਵੀ ਕਿਹਾ ਕਿ ਉਹ ਇੱਥੇ ਕੋਈ ਧਨ ਕਮਾਉਣ ਲਈ ਨਹੀਂ ਆਏ। ਉਹ ਇੱਥੇ ਰੱਬ ਦੀ ਮਰਜ਼ੀ ਨਾਲ ਆਏ ਹਨ ਤੇ ਉਨ੍ਹਾਂ ਦਾ ਮੰਤਵ ਸਿਰਫ਼ ਪੰਜਾਬ ਤੇ ਦੇਸ਼ ਦੀ ਸੇਵਾ ਕਰਨਾ ਹੈ ਤੇ ਗ਼ਰੀਬੀ, ਬੇਰੁਜ਼ਗਾਰੀ, ਅਨਪੜ੍ਹਤਾ ਅਤੇ ਡ੍ਰੱਗ–ਮਾਫ਼ੀਆ ਦਾ ਖ਼ਾਤਮਾ ਕਰਨਾ ਹੈ।