ਪੰਜਾਬ ’ਚ ਬਦਲਿਆ ਮੌਸਮ ਦਾ ਮਿਜ਼ਾਜ, 48 ਘੰਟਿਆਂ ਵਿਚ ਤੇਜ਼ ਹਨੇਰੀ ਅਤੇ ਮੀਂਹ ਦੀ ਸੰਭਾਵਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤ

Punjab Weather

ਲੁਧਿਆਣਾ (ਰਾਜਵਿੰਦਰ ਸਿੰਘ) ਪੰਜਾਬ ਵਿਚ ਮੌਸਮ ਦਾ ਮਿਜ਼ਾਜ ਬਦਲ ਰਿਹਾ ਹੈ। ਬੀਤੇ ਤਿੰਨ ਦਿਨਾਂ ਤੋਂ ਹੀ ਮੌਸਮ ਬੱਦਲਵਾਈ ਵਾਲਾ ਬਣਿਆ ਹੋਇਆ ਹੈ ਅਤੇ ਕਈ ਥਾਵਾਂ ਤੇ ਰੁਕ-ਰੁਕ ਕੇ ਬਾਰਿਸ਼ ਵੀ ਹੋ ਰਹੀ ਹੈ। ਇਸ ਦੌਰਾਨ ਮੌਸਮ ਵਿਭਾਗ ਦਾ ਕਹਿਣਾ ਹੈ ਕਿ 14 ਮਈ ਤੱਕ ਅਜਿਹਾ ਹੀ ਮੌਸਮ ਬਣਿਆ ਰਹੇਗਾ। ਇਸ ਦੌਰਾਨ ਤੇਜ਼ ਹਨੇਰੀ ਅਤੇ ਮੀਂਹ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮਈ ਮਹੀਨੇ ਵਿਚ ਆਮ ਨਾਲੋਂ ਜ਼ਿਆਦਾ ਬਾਰਿਸ਼ ਹੋ ਸਕਦੀ ਹੈ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਸਹਾਇਕ ਵਿਗਿਆਨੀ ਡਾ. ਕੁਲਵਿੰਦਰ ਕੌਰ ਨੇ ਕਿਹਾ ਕਿ 14 ਮਈ ਤੱਕ ਮੌਸਮ ਦਾ ਮਿਜ਼ਾਜ ਇਸੇ ਤਰ੍ਹਾਂ ਦਾ ਰਹੇਗਾ। ਤੇਜ਼ ਹਨੇਰੀ ਦੇ ਨਾਲ ਭਾਰੀ ਬਾਰਿਸ਼ ਪੈਣ ਦੀ ਸੰਭਾਵਨਾ ਹੈ ਅਤੇ ਇਹ ਬਾਰਿਸ਼ ਪੂਰੇ ਪੰਜਾਬ ਵਿਚ ਹੋਵੇਗੀ। ਉਹਨਾਂ ਕਿਹਾ ਕਿ ਇਸ ਮੌਸਮ ਨਾਲ ਪਾਰਾ 4 ਡਿਗਰੀ ਤੱਕ ਘਟਿਆ ਹੈ ਜਿਸ ਨਾਲ ਗਰਮੀ ਤੋਂ ਰਾਹਤ ਮਿਲੀ ਹੈ।

ਕੁਲਵਿੰਦਰ ਕੌਰ ਨੇ ਦੱਸਿਆ ਕਿ ਇਸ ਮੌਸਮ ਨਾਲ ਕੋਰੋਨਾ ਮਰੀਜ਼ਾਂ ਨੂੰ ਫਾਇਦਾ ਹੋਵੇਗਾ ਕਿਉਂਕਿ ਪ੍ਰਦੂਸ਼ਣ ਦਾ ਪੱਧਰ ਘਟੇਗਾ ਅਤੇ ਜਿਨ੍ਹਾਂ ਮਰੀਜ਼ਾਂ ਨੂੰ ਸਾਹ ਲੈਣ ਵਿਚ ਦਿੱਕਤ ਹੋ ਰਹੀ ਹੈ ਉਹ ਘੱਟ ਹੋਵੇਗੀ। ਉਹਨਾਂ ਕਿਹਾ ਕਿ ਇਹ ਮੌਸਮ ਖੇਤੀ ਲਈ ਵੀ ਕੋਈ ਨੁਕਸਾਨਦਾਇਕ ਨਹੀਂ ਹੈ ਕਿਉਂਕਿ ਕਿਸਾਨ ਆਪਣੀਆਂ ਕਣਕ ਦੀ ਫ਼ਸਲ ਸਾਂਭ ਚੁੱਕੇ ਹਨ ਅਤੇ ਝੋਨੇ ਦੀ ਫਸਲ ਦੀ ਬਿਜਾਈ ਦੀ ਤਿਆਰੀ ਹੋ ਰਹੀ ਹੈ ਜਿਸ ਕਰਕੇ ਇਸ ਦਾ ਕੋਈ ਨੁਕਸਾਨ ਨਹੀਂ ਹੈ।