ਸਿਹਤ ਮੰਤਰੀ ਨੇ ਪਰਾਲੀ ਨਾ ਫੂਕਣ ਵਾਲੇ ਕਿਸਾਨ ਕੀਤੇ ਸਨਮਾਨਤ
ਬਲਾਕ ਮਾਛੀਵਾੜਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੂੰ ਉਸ ਸਮੇਂ ਮਾਣ ਮਹਿਸੂਸ ਹੋਇਆ ਜਦੋਂ ਇਸ ਬਲਾਕ.....
ਸ੍ਰੀ ਮਾਛੀਵਾੜਾ ਸਾਹਿਬ, : ਬਲਾਕ ਮਾਛੀਵਾੜਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੂੰ ਉਸ ਸਮੇਂ ਮਾਣ ਮਹਿਸੂਸ ਹੋਇਆ ਜਦੋਂ ਇਸ ਬਲਾਕ ਦੇ ਵੱਖ ਵੱਖ ਪਿੰਡਾਂ ਦੇ ਅਗਾਂਹਵਧੂ ਕਿਸਾਨਾਂ ਨੂੰ ਪੰਜਾਬ ਸਰਕਾਰ ਦੇ ਵਿਸ਼ਵ ਵਾਤਾਵਰਣ ਦਿਵਸ ਸਮਾਗਮ ਵਿੱਚ ਲੁਧਿਆਣਾ ਵਿਖੇ ਇੱਕ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।
ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾਂ, ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਅਗਰਵਾਲ ਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਦੇਵ ਸਿੰਘ ਵੱਲੋਂ ਕਿਸਾਨਾਂ ਨੂੰ ਸਨਮਾਨ ਪੱਤਰ ਦਿੱਤੇ ਗਏ। ਇਸ ਵਿੱਚ ਮਾਛੀਵਾੜਾ ਬਲਾਕ ਦੇ 10 ਕਿਸਾਨਾਂ 'ਚ ਹਜਾਰਾ ਸਿੰਘ, ਦਲਜੀਤ ਸਿੰਘ ਵਾਸੀ ਅਕਾਲਗੜ੍ਹ, ਰੁਪਿੰਦਰ ਸਿੰਘ ਛੌੜੀਆਂ, ਚੰਚਲ ਸਿੰਘ ਲੁਬਾਣਗੜ੍ਹ, ਰਵਿੰਦਰਪਾਲ ਸਿੰਘ ਬਹਿਲੋਲਪੁਰ, ਬਲਜੀਤ ਸਿੰਘ ਬੁਰਜ ਪੱਕਾ, ਧਰਮਪਾਲ ਸਿੰਘ ਚੱਕਲੀ ਆਦਲ, ਭੁਪਿੰਦਰ ਸਿੰਘ ਪਵਾਤ, ਅਬਨਿੰਦਰ ਸਿੰਘ ਸ਼ੇਰੀਆਂ ਅਤੇ ਸੁਰਿੰਦਰ ਸਿੰਘ ਗਿੱਲ ਮਾਛੀਵਾੜਾ ਸ਼ਾਮਲ ਸਨ।
ਇਸ ਮੌਕੇ ਖੇਤੀਬਾੜੀ ਅਫ਼ਸਰ ਮਨਜੀਤ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਡਾ. ਗਗਨਦੀਪ ਸਿੰਘ ਤੇ ਡਾ. ਗੁਰਿੰਦਰ ਸਿੰਘ ਨੇ ਕਿਸਾਨਾਂ ਨੂੰ ਵਧਾਈ ਦਿੰਦਿਆਂ ਬਾਕੀ ਕਿਸਾਨਾਂ ਨੂੰ ਵੀ ਵਾਤਾਵਰਣ ਬਚਾਉਣ ਲਈ ਇਨ੍ਹਾਂ ਕਿਸਾਨਾਂ ਤੋਂ ਸੇਧ ਲੈਣ ਲਈ ਪ੍ਰੇਰਿਤ ਕੀਤਾ। ਆਤਮਾ ਸਕੀਮ ਦੇ ਏ. ਟੀ. ਐਮ. ਅਵਤਾਰ ਸਿੰਘ ਵੱਲੋਂ ਕਿਸਾਨਾਂ ਨੂੰ ਵਾਤਾਵਰਣ ਬਚਾਉਣ ਤੇ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਸਨਮਾਨ ਦਿਵਾਉਣ ਵਿੱਚ ਅਹਿਮ ਭੁਮਿਕਾ ਨਿਭਾਈ। ਇਸ ਸਮਾਗਮ ਦੌਰਾਨ ਚਮਕੌਰ ਸਿੰਘ ਘਣਗਸ, ਖੇਤੀ ਇੰਸਪੈਕਟਰ ਜਸਪਾਲ ਸਿੰਘ ਸਹਿਜੋਮਾਜਰਾ ਤੇ ਹੋਰ ਕਿਸਾਨਾਂ ਨੇ ਵੀ ਸ਼ਮੂਲੀਅਤ ਕੀਤੀ।