ਸੁਖਪਾਲ ਖਹਿਰਾ ਨੇ ਜਥੇਦਾਰ ਹਰਪ੍ਰੀਤ ਸਿੰਘ ਦੇ ਬਿਆਨ ਨੂੰ ਸਹੀ ਠਹਿਰਾਇਆ
ਕਿਹਾ, ਸਿੱਖਾਂ ਨਾਲ ਆਜ਼ਾਦੀ ਬਾਅਦ ਵਿਤਕਰਿਆਂ ਦੇ ਸੰਦਰਭ ਵਿਚ ਸੀ ਬਿਆਨ
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਬਾਗ਼ੀ ਵਿਧਾਇਕ ਸੁਖਪਾਲ ਸਿੰਘ ਲਹਿਰਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ 6 ਜੂਨ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਸਾਕਾ ਨੀਲਾ ਤਾਰੀ ਦੀ ਬਰਸੀ ਮੌਕੇ ਦਿਤੇ ਖ਼ਾਲਿਸਤਾਨ ਬਾਰੇ ਬਿਆਨ ਨੂੰ ਸਹੀ ਠਹਿਰਾਇਆ ਹੈ।
ਅੱਜ ਵੀਡੀਓ ਰਾਹੀਂ ਮੀਡੀਆ ਦੇ ਰੂਬਰੂ ਹੁੰਦਿਆਂ ਸ. ਖਹਿਰਾ ਨੇ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਕਿ ਉਹ ਖ਼ੁਦ ਭਾਵੇਂ ਖ਼ਾਲਿਸਤਾਨ ਜਾਂ ਹਿੰਸਾ ਦੇ ਹਾਮੀ ਨਹੀਂ ਹਨ ਪਰ ਜੋ ਬਿਆਨ ਜਥੇਦਾਰ ਸਾਹਿਬ ਨੇ ਦਿਤਾ ਹੈ, ਉਹ ਸਿੱਖਾਂ ਨਾਲ ਵਿਤਕਰਿਆਂ ਦੇ ਸੰਦਰਭ ਵਿਚ ਹੈ, ਜਿਸ ਬਾਰੇ ਵਾਵੇਲਾ ਖੜਾ ਕਰਨਾ ਵਾਜਬ ਨਹੀਂ।
ਪਰ ਮੁੱਦੇ ਨੂੰ ਲੈ ਕੇ ਬੇਹੁਦਾ ਭਾਸ਼ਾ ਵਿਚ ਵਿਰੋਧ ਕਰਨ ਦੀ ਥਾਂ ਦਲੀਲ ਨਾਲ ਬਹਿਸ ਹੋ ਸਕਦੀ ਹੈ। ਸ. ਖਹਿਰਾ ਨੇ ਸਿੱਖਾਂ ਨਾਲ ਆਜ਼ਾਦੀ ਤੋਂ ਬਾਅਦ ਹੋਏ ਵਿਤਕਰਿਆਂ ਦਾ ਵਿਸਥਾਰ ਵਿਚ ਜ਼ਿਕਰ ਕਰਦਿਆਂ ਕਿਹਾ ਕਿ ਸੰਘਰਸ਼ ਦੇ ਬਾਵਜੂਦ ਲੰਗੜਾ ਪੰਜਾਬ ਸੂਬਾ ਬਣਿਆ। ਉਨ੍ਹਾਂ ਕਿਹਾ ਕਿ ਦਰਿਆਈ ਪਾਣੀਆਂ ਵਿਚ ਰਿਪੇਰੀਅਨ ਲਾਅ ਨੂੰ ਛਿੱਕੇ ਟੰਗਦਿਆਂ ਪੰਜਾਬ ਨਾਲ ਵੱਡੀ ਲੁੱਟ ਹੋਈ।
ਸ੍ਰੀ ਦਰਬਾਰ ਸਾਹਿਬ 'ਤੇ ਟੈਂਕਾਂ ਨਾਲ ਫ਼ੌਜੀ ਹਮਲਾ ਸ਼ਹੀਦੀ ਪੁਰਬ ਵਾਲੇ ਦਿਨ ਹੀ ਮਿੱਥ ਕੇ ਕੀਤਾ ਗਿਆ। 1984 ਦਾ ਸਿੱਖ ਕਤਲੇਆਮ ਕੌਦ ਭੁੱਲ ਸਕਦਾ ਹੈ? ਆਜ਼ਾਦੀ ਬਾਅਦ ਪੰਡਤ ਜਵਾਹਰ ਲਾਲ ਨਹਿਰੂ ਸਮੇਂ ਕੀਤੇ ਵਾਅਦੇ ਪੂਰੇ ਨਹੀਂ ਹੋਏ। ਪੰਜਾਬ ਨੂੰ ਅੱਜ ਤਕ ਰਾਜਧਾਨੀ ਨਹੀਂ ਮਿਲੀ।
ਅਤਿਵਾਦ ਸਮੇਂ ਹਜ਼ਾਰਾਂ ਨਿਰਦੋਸ਼ ਨੌਜਵਾਨਾਂ ਦੇ ਫਰਜ਼ੀ ਮੁਕਾਬਲਿਆਂ ਦਾ ਅੱਜ ਤਕ ਇਨਸਾਫ਼ ਨਹੀਂ ਹੋਇਆ। ਜਦਕਿ ਸਿੱਖਾਂ ਦੀਆਂ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਤੋਂ ਇਲਾਵਾ ਚੀਨ, ਪਾਕਿਸਤਾਨ ਨਾਲ ਲੜੇ ਯੁੱਧਾਂ ਵਿਚ ਸੱਭ ਤੋਂ ਵੱਧ ਕੁਰਬਾਨੀਆਂ ਹਨ। ਪੰਜਾਬ ਅਨਾਜ ਨਾਲ ਅੱਜ ਤਕ ਦੇਸ਼ ਦਾ ਢਿੱਡ ਭਰਦਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਸ਼ਾਨਾਂਮੱਤਾ ਇਤਿਹਾਸ ਰਿਹਾ ਪਰ ਇਕ ਪਰਵਾਰ ਨੇ ਏਜੰਡਾ ਹੀ ਬਦਲ ਦਿਤਾ ਜੋ ਅਪਣੇ ਆਪ ਨੂੰ ਰਾਸ਼ਟਰਵਾਦੀ ਹੋਣ ਦੇ ਦਾਅਵੇ ਕਾਰਨ ਵਿਤਕਰਿਆਂ ਬਾਰੇ ਸੱਚ ਬੋਲਣ ਤੋਂ ਵੀ ਡਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨਾਲ ਵਿਤਕਰਿਆਂ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ ਅਤੇ ਸਰਕਾਰਾਂ ਚਾਹੁਣ ਤਾਂ ਸੱਭ ਕੁੱਝ ਸੰਭਵ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।