ਸ਼੍ਰੋਮਣੀ ਅਕਾਲੀ ਦਲ ਸਿਆਸੀ ਹਾਸ਼ੀਏ 'ਤੇ ਆਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਦੇ ਅਕਸ ਨੂੰ ਸਰਕਾਰ ਵਿਚ ਹੁੰਦਿਆਂ ਹੀ ਖ਼ੋਰਾ ਲਗਣਾ ਸ਼ੁਰੂ ਹੋ ਗਿਆ ਸੀ ਪਰ 2017 ਦੀਆਂ ਵਿਧਾਨ ਸਭਾ ਚੋਣਾਂ ਹਾਰਨ ਦੇ 14 ਮਹੀਨਿਆ...........

Sukhbir Singh Badal

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਅਕਸ ਨੂੰ ਸਰਕਾਰ ਵਿਚ ਹੁੰਦਿਆਂ ਹੀ ਖ਼ੋਰਾ ਲਗਣਾ ਸ਼ੁਰੂ ਹੋ ਗਿਆ ਸੀ ਪਰ 2017 ਦੀਆਂ ਵਿਧਾਨ ਸਭਾ ਚੋਣਾਂ ਹਾਰਨ ਦੇ 14 ਮਹੀਨਿਆਂ ਬਾਅਦ ਹੀ ਇਹ ਰਾਜਨੀਤਕ ਹਾਸ਼ੀਏ 'ਤੇ ਆ ਪੁੱਜੀ ਹੈ। ਵਿਰੋਧੀ ਧਿਰ ਵਜੋਂ ਸ਼੍ਰੋਮਣੀ ਅਕਾਲੀ ਦਲ ਹਾਲੇ ਵੀ ਨੀਂਦ ਵਿਚ ਹੈ ਪਰ 2019 ਦੀਆਂ ਸੰਸਦੀ ਚੋਣਾਂ ਨੂੰ ਵੇਖਦਿਆਂ ਅਪਣਾ ਅਕਸ ਬਚਾਉਣ ਲਈ ਭਾਰਤੀ ਜਨਤਾ ਪਾਰਟੀ ਨੂੰ ਬੈਸਾਖੀਆਂ ਵਜੋਂ ਵੇਖਣ ਲੱਗਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਲੋਟ ਰੈਲੀ ਇਸੇ ਦਾ ਸਬੂਤ ਹੈ। ਦਲ ਦੇ ਸੱਦੇ 'ਤੇ ਹੀ ਮੋਦੀ ਮਲੋਟ ਆਏ ਸਨ। ਇਹ ਵਖਰੀ ਗੱਲ ਹੈ ਕਿ ਰੈਲੀ ਨਾਲ ਕਿਸਾਨ, ਭਾਜਪਾ ਦੇ ਹੱਕ ਵਿਚ ਭੁਗਤਣ ਵਾਲੇ ਨਹੀਂ ਹਨ।

ਨਸ਼ਾ ਅਤੇ ਰੇਤ ਮਾਫ਼ੀਆ ਅਕਾਲੀ-ਭਾਜਪਾ ਸਰਕਾਰ ਦੇ ਦਿਨਾਂ ਦੀ ਦੇਣ ਮੰਨੇ ਜਾ ਰਹੇ ਹਨ ਪਰ ਇਹ ਦੋਹਰੀ ਆਫ਼ਤ ਕੈਪਟਨ ਅਮਰਿੰਦਰ ਸਿੰਘ ਦੇ ਗਲ ਆ ਪਈ ਹੈ। ਕੈਪਟਨ ਵਲੋਂ ਰੇਤ ਤੇ ਨਸ਼ਾ ਮਾਫ਼ੀਆ ਵਿਰੁਧ ਛੇੜੀ ਧੜੱਲੇਦਾਰ ਮੁਹਿੰਮ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਮੋਢੇ ਨਾਲ ਮੋਢਾ ਜੋੜ ਕੇ ਖੜਨ ਦੀ ਥਾਂ ਸਿਰਫ਼ ਅਖ਼ਬਾਰੀ ਬਿਆਨਬਾਜ਼ੀ ਕਰ ਕੇ ਹੀ ਬੁੱਤਾ ਸਾਰ ਲਿਆ ਹੈ। ਮੁੱਖ ਮੰਤਰੀ ਦੀ ਨਸ਼ੇ ਦੀ ਸਪਲਾਈ ਤੋੜਨ, ਗੈਂਗਸਟਰਾਂ ਨੂੰ ਹੱਥ ਪਾਉਣ, ਰੇਤ ਮਾਫ਼ੀਆ ਦਾ ਨੱਕ ਵਿਚ ਦਮ ਕਰਨ ਸਮੇਤ ਭ੍ਰਿਸ਼ਟ ਅਫ਼ਸਰਾ ਨੂੰ ਸਬਕ ਸਿਖਾਉਣ ਦੀ ਜੰਗ ਇਕ ਦਲੇਰ ਕਪਤਾਨ ਵਜੋਂ ਅਪਣੇ ਸਿਰ 'ਤੇ ਜਿਤਣੀ ਸ਼ੁਰੂ ਕੀਤੀ ਹੈ।

ਉਂਜ ਹਾਲ ਦੀ ਘੜੀ ਮਾਫ਼ੀਆ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦਾ ਦਾਅਵਾ ਨਹੀਂ ਕੀਤਾ ਜਾ ਸਕਦਾ। ਮੁੱਖ ਮੰਤਰੀ ਬਰਗਾੜੀ ਬੇਹੁਰਮਤੀ ਕਾਂਡ ਦੇ ਦੋਸ਼ੀਆਂ ਨੂੰ ਜੇਲਾਂ ਦੀਆਂ ਸਲਾਖ਼ਾਂ ਪਿੱਛੇ ਡੱਕ ਕੇ ਸਿੱਖਾਂ ਦੇ ਕਾਫ਼ੀ ਹਦ ਤਕ ਦਿਲੋਂ ਨੇੜੇ ਹੋ ਗਏ ਹਨ। ਅਕਾਲੀ ਦਲ ਨੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਲਈ ਬਣਾਏ ਕਮਿਸ਼ਨ ਦਾ ਵਿਰੋਧ ਕੀਤਾ ਸੀ ਜਦਕਿ ਮੌਜੂਦਾ ਸਰਕਾਰ ਇਸ ਰੀਪੋਰਟ ਦੇ ਆਧਾਰ 'ਤੇ ਦੋਸ਼ੀਆਂ ਨੂੰ ਤਕੜੇ ਹੋ ਕੇ ਹੱਥ ਪਾਉਣ ਦੇ ਸਮਰੱਥ ਸਮਝਣ ਲੱਗੀ ਹੈ। ਬਰਗਾੜੀ ਬੇਹੁਰਮਤੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਉਸ ਵੇਲੇ ਦੀ ਸਰਕਾਰ ਦੇ ਇਸ਼ਾਰੇ 'ਤੇ ਵਾਪਰਨ ਦੇ ਸਬੂਤ ਸਾਹਮਣੇ ਆਉਣ ਦੀ ਚਰਚਾ ਛਿੜ ਪਈ ਹੈ।

ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੈਪਟਨ ਵਲੋਂ ਕਾਰਵਾਈ ਸ਼ੁਰੂ ਕਰਨ ਨਾਲ ਪੰਜਾਬੀਆਂ ਦਾ ਸਰਕਾਰ ਵਿਚ ਹੋਰ ਭਰੋਸਾ ਵਧਿਆ ਹੈ। ਵਿਰੋਧੀ ਧਿਰਾਂ ਵਿਚੋਂ ਆਮ ਆਦਮੀ ਪਾਰਟੀ (ਆਪ) ਅਤੇ ਲੋਕ ਇਨਸਾਫ਼ ਪਾਰਟੀ ਹੀ ਪੰਜਾਬੀਆਂ ਦੇ ਹੱਕ ਵਿਚ ਹਾਅ ਦਾ ਨਾਹਰਾ ਮਾਰਨ ਲਈ ਮੈਦਾਨ ਵਿਚ ਨਿਤਰੇ ਹਨ। ਆਪ ਦੀ ਮੁੱਖ ਵਿਰੋਧੀ ਧਿਰ ਵਾਲੀ ਭੂਮਿਕਾ ਅਜੇ ਤਕ ਵੀ ਨਿਰਾਸ਼ਾਜਨਕ ਦਿਸ ਰਹੀ ਹੈ। ਰਵਾਇਤੀ ਵਿਰੋਧੀ ਪਾਰਟੀਆਂ ਜਿਨ੍ਹਾਂ ਵਿਚ ਖੱਬੇਪੱਖੀ ਬਹੁਜਨ ਸਮਾਜ ਪਾਰਟੀ ਅਤੇ ਹੋਰ ਪੰਥਕ ਜਥੇਬੰਦੀਆਂ ਦੇ ਨਾਂ ਗਿਣੇ ਜਾ ਰਹੇ ਹਨ, ਰਾਜਨੀਤਕ ਹਾਸ਼ੀਏ ਤੋਂ ਇਕ ਤਰ੍ਹਾਂ ਬਾਹਰ ਹੋ ਗਈਆਂ ਹਨ

ਅਤੇ ਹਾਲ ਦੀ ਘੜੀ ਇਹ ਅਪਣੀ ਹੋਂਦ ਬਚਾਉਣ ਲਈ ਜੱਦੋ-ਜਹਿਦ ਕਰ ਰਹੀਆਂ ਹਨ। ਪੰਜਾਬ ਦੇ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਖੁਲ੍ਹੇ ਦਿਲ ਨਾਲ ਵੋਟਾਂ ਪਾਈਆਂ ਪਰ ਵੋਟਰ ਹਾਲ ਦੀ ਘੜੀ ਨਿਰਾਸ਼ਾ ਦੇ ਦੌਰ ਦੇ ਆਲੇ-ਦੁਆਲੇ ਘੁੰਮ ਰਹੇ ਹਨ ਪਰ ਮੁੱਖ ਮੰਤਰੀ ਦੇ ਪਿਛਲੇ ਦਿਨੀਂ ਲਏ ਦਿਲੇਰਾਨਾ ਫ਼ੈਸਲਿਆਂ ਨਾਲ ਉਨ੍ਹਾਂ ਨੂੰ ਉਮੀਦ ਜ਼ਰੂਰ ਜਾਗੀ ਹੈ। ਇਹ ਵੀ ਜ਼ਿਕਰ ਕਰਨਾ ਜ਼ਰੂਰੀ ਹੈ

ਕਿ ਪੰਜਾਬੀਆਂ ਦੀ ਨਾਰਾਜ਼ਗੀ ਅਕਾਲੀ-ਭਾਜਪਾ ਨਾਲ ਹਾਲੇ ਘਟੀ ਨਹੀਂ ਅਤੇ ਉਹ ਬਾਦਲਾਂ ਦੇ ਨੇੜੇ ਜਾਣ ਦੇ ਰੌਂਅ ਵਿਚ ਨਹੀਂ ਲਗਦੀ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਜਨਰਲ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਦਲ ਨੇ ਜ਼ਿਮਨੀ ਚੋਣਾਂ ਦੌਰਾਨ ਕਾਂਗਰਸ ਨੂੰ ਤਕੜੀ ਟੱਕਰ ਦਿਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਫ਼ਸਲਾਂ ਦੇ ਭਾਅ ਵਿਚ ਵੀ ਦਲ ਨੇ ਕੇਂਦਰ 'ਤੇ ਦਬਾਅ ਪਾ ਕੇ ਵਾਧਾ ਕਰਵਾਇਆ ਹੈ।