17 ਸਾਲ ਦੀ ਹੋ ਚੁੱਕੀ ਲੜਕੀ ਨੂੰ 12 ਸਾਲ ਦੀ ਉਮਰ 'ਚ ਲੱਗ ਗਈ ਸੀ ਚਿੱਟੇ ਦੀ ਲਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਵੇਂ ਸੂਬਾ ਸਰਕਾਰ ਵਲੋਂ ਪੰਜਾਬ ਵਿਚ ਨਸ਼ਾ ਖ਼ਤਮ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਪੰਜਾਬ ਵਿਚ ਨਸ਼ੇ ਦਾ ਦਰਿਆ ਉਸੇ ਤਰ੍ਹਾਂ ਵਗਦਾ ਨਜ਼ਰ ਆ ਰਿਹਾ ਹੈ।

Drugs

ਮੋਗਾ (ਅਮਜਦ ਖ਼ਾਨ) : ਭਾਵੇਂ ਸੂਬਾ ਸਰਕਾਰ ਵਲੋਂ ਪੰਜਾਬ ਵਿਚ ਨਸ਼ਾ ਖ਼ਤਮ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਪੰਜਾਬ ਵਿਚ ਨਸ਼ੇ ਦਾ ਦਰਿਆ ਉਸੇ ਤਰ੍ਹਾਂ ਵਗਦਾ ਨਜ਼ਰ ਆ ਰਿਹਾ ਹੈ ਜਿਸ ਦੀ ਲਪੇਟ ਵਿਚ ਇਕ ਹੋਰ ਬੇਸਹਾਰਾ ਨਾਬਾਲਗ਼ ਲੜਕੀ ਆਈ ਹੈ। ਇਸ ਲੜਕੀ ਨੂੰ ਸਤਿਕਾਰ ਕਮੇਟੀ ਨੇ ਸਹਾਰਾ ਦਿੰਦਿਆ ਹਰ ਸਹਾਇਤਾ ਦਾ ਭਰੋਸਾ ਦਿਤਾ ਹੈ। ਮੋਗਾ ਵਿਖੇ ਜਿਥੇ ਇਕ 17 ਸਾਲ ਦੀ ਲੜਕੀ ਨੂੰ ਚਿੱਟੇ ਦੀ ਲਤ ਲੱਗ ਗਈ ਅਤੇ ਹੁਣ ਉਸ ਨੇ ਇਸ ਲਤ ਵਿਚੋਂ ਬਾਹਰ ਨਿਕਲਣ ਲਈ ਸਤਿਕਾਰ ਕਮੇਟੀ ਨਾਲ ਸੰਪਰਕ ਕੀਤਾ ਜਿਥੇ ਸਤਿਕਾਰ ਕਮੇਟੀ ਵਾਲੇ ਉਸ ਨੂੰ ਨਾਲ ਲੈ ਕੇ ਐਸ.ਪੀ (ਹੈਡਕਵਾਟਰ) ਰਤਨ ਸਿੰਘ ਬਰਾੜ ਨੂੰ ਮਿਲਣ ਲਈ ਪਹੁੰਚੇ। ਜਿਥੇ ਕੁੜੀ ਨੇ ਅਪਣੀ ਆਪ ਬੀਤੀ ਪੁਲਿਸ ਪ੍ਰਸ਼ਾਸਨ ਨੂੰ ਸੁਣਾਈ।  

ਪੀੜਤ ਲੜਕੀ ਨੇ ਦਸਿਆ ਕਿ ਉਹ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਲਗਭਗ ਪਿਛਲੇ 5 ਸਾਲਾਂ ਤੋਂ ਜਦੋਂ ਉਹ 12 ਸਾਲ ਦੀ ਸੀ, ਮੋਗਾ ਦੇ ਗੋਧੇਵਾਲਾ ਨੇੜੇ ਰਹਿੰਦੀ ਹੈ। ਉਸ ਦੀ ਮਾਂ ਦੀ ਮੌਤ ਹੋ ਚੁੱਕੀ ਹੈ ਅਤੇ ਹੋਰ ਉਸ ਦਾ ਕੋਈ ਨਹੀ ਹੈ। ਲੜਕੀ ਨੇ ਦਸਿਆ ਕਿ 12 ਸਾਲ ਦੀ ਉਮਰ ਵਿਚ ਉਸ ਦੀ ਦੋਸਤ ਨੇ ਉਸ ਨੂੰ ਨਸ਼ੇ ਦੀ ਲਤ ਲਵਾ ਦਿਤੀ ਅਤੇ ਉਹ ਅਪਣੀ ਲੋੜ ਪੂਰੀ ਕਰਨ ਲਈ ਬਿਊਟੀ ਪਾਰਲਰ ਅਤੇ ਹੋਰ ਥਾ ਕੰਮ ਕਰਨ ਲੱਗੀ।

 

ਉਸ ਨੇ ਦਸਿਆ ਕਿ ਉਸ ਨੂੰ ਨਸ਼ਾ ਬੜੀ ਆਸਾਨੀ ਨਾਲ ਅਪਣੇ ਘਰ ਦੇ ਨੇੜੇ ਹੀ ਮਿਲ ਜਾਂਦਾ ਸੀ ਪਰ ਹੁਣ ਉਸ ਨੇ ਨਸ਼ਾ ਛੱਡਣ ਬਾਰੇ ਸੋਚਿਆ ਹੈ ਅਤੇ ਸਤਿਕਾਰ ਕਮੇਟੀ ਨਾਲ ਸੰਪਰਕ ਕੀਤਾ। ਪੀੜਤਾ ਨੇ ਪੁਲਿਸ ਨੂੰ ਸਾਫ਼-ਸਾਫ਼ ਦੱਸ ਦਿਤਾ ਕਿ ਨਸ਼ਾ ਕੌਣ-ਕੌਣ ਤੇ ਕਿਥੇ-ਕਿਥੇ ਵੇਚਦਾ ਹੈ। ਇਸ ਮੌਕੇ ਸਤਿਕਾਰ ਕਮੇਟੀ ਦੇ ਮੈਂਬਰ ਰਾਜਾ ਸਿੰਘ ਖੁਖਰਾਣਾ, ਸਤਪਾਲ ਸਿੰਘ ਡਗਰੂ ਪੰਚਾਇਤ ਮੈਂਬਰ, ਸਰਪੰਚ ਸੁਖਜਿੰਦਰ ਸਿੰਘ, ਸਤਿਕਾਰ ਕਮੇਟੀ ਮੈਂਬਰ ਨਿਰਮਲ ਸਿੰਘ ਖੁਖਰਾਣਾ ਅਤੇ ਤਰਨਾ ਦਲ ਖਾਲਸਾ ਦੇ ਆਗੂ ਬਾਬਾ ਅਰਸ਼ਦੀਪ ਸਿੰਘ ਨੇ ਕਿਹਾ ਕਿ ਉਹ ਪੀੜਤ ਲੜਕੀ ਦੀ ਹਰ ਮਦਦ ਕਰਨਗੇ।