ਬ੍ਰਹਮਪੁਰਾ ਦੇ ਬਿਆਨ 'ਤੇ ਪਲਟਵਾਰਾਂ ਦਾ ਸਿਲਸਿਲਾ ਜਾਰੀ, ਬੀਰ ਦਵਿੰਦਰ ਨੇ ਵੀ ਕਹਿ ਦਿੱਤੀ ਵੱਡੀ ਗੱਲ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਢੀਂਡਸਾ ਵਲੋਂ ਬ੍ਰਹਮਪੁਰਾ ਦੇ ਪਿੱਠ 'ਤੇ ਵਾਰ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ

Bir Davinder Singh

ਚੰਡੀਗੜ੍ਹ : ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਵਲੋਂ ਨਵੀਂ ਪਾਰਟੀ ਦੇ ਗਠਨ ਤੋਂ ਬਾਅਦ ਪੰਜਾਬ ਦੇ ਸਿਆਸੀ ਗਲਿਆਰਿਆ ਅੰਦਰ ਸ਼ੁਰੂ ਹੋਈ ਹਲਚਲ ਬਾਦਸਤੂਰ ਜਾਰੀ ਹੈ। ਢੀਂਡਸਾ ਦੇ ਇਸ ਕਦਮ ਨਾਲ ਸਿੱਖ ਸਿਆਸਤ, ਖ਼ਾਸ ਕਰ ਕੇ ਟਕਸਾਲੀ ਆਗੂਆਂ ਵਿਚਾਲੇ ਸਿਆਸੀ ਖਾਈ ਦਿਨੋਂ ਦਿਨ ਡੂੰਘੀ ਹੁੰਦੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਬੀਤੇ ਦਿਨੀਂ ਅਪਣੇ ਕੁੱਝ ਸਾਥੀ ਆਗੂਆਂ ਦੇ ਢੀਂਡਸਾ ਨਾਲ ਜਾ ਰਲਣ 'ਤੇ ਸਖ਼ਤ ਬਿਆਨ ਜਾਰੀ ਕਰਦਿਆਂ ਪਿੱਠ 'ਚ ਛੁਰਾ ਮਾਰਨ ਜਿਹੇ ਦੋਸ਼ ਲਾਏ ਗਏ ਸਨ।

ਬ੍ਰਹਮਪੁਰਾ ਦੇ ਇਨ੍ਹਾਂ ਦੋਸ਼ਾਂ ਦਾ ਜਿੱਥੇ ਸੁਖਦੇਵ ਸਿੰਘ ਢੀਂਡਸਾ ਨੇ ਖੰਡਨ ਕੀਤਾ ਸੀ, ਉਥੇ ਹੀ ਢੀਂਡਸਾ ਨਾਲ ਜਾ ਖੜੇ ਹੋਏ ਕੁੱਝ ਟਕਸਾਲੀ ਆਗੂਆਂ ਵਲੋਂ ਵੀ ਇਸ ਮੁੱਦੇ 'ਤੇ ਅਪਣੀ ਸਫ਼ਾਈ ਦੇਣ ਦਾ ਸਿਲਸਿਲਾ ਜਾਰੀ ਹੈ। ਸੀਨੀਅਰ ਟਕਸਾਲੀ ਆਗੂ ਸੇਵਾ ਸਿੰਘ ਸੇਖਵਾਂ ਤੋਂ ਬਾਅਦ ਹੁਣ ਵਿਧਾਨ ਸਭਾ ਦੇ ਸਾਬਕਾ ਸਪੀਕਰ ਬੀਰ ਦਵਿੰਦਰ ਨੇ ਵੀ ਬ੍ਰਹਮਪੁਰਾ ਦੇ ਬਿਆਨ 'ਤੇ ਮੋੜਵਾਂ ਜਵਾਬ ਦਿਤਾ ਹੈ।

ਬੀਰ ਦਵਿੰਦਰ ਦਾ ਕਹਿਣਾ ਹੈ ਕਿ ਬ੍ਰਹਮਪੁਰਾ  ਦੇ ਬਿਆਨ ਨਾਲ ਪੰਥਕ ਏਕਤਾ ਦੀਆਂ ਬਣ ਰਹੀਆਂ ਸੰਭਾਵਨਾਵਾਂ ਨੂੰ ਧੱਕਾ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਬ੍ਰਹਮਪੁਰਾ ਵਲੋਂ ਢੀਂਡਸਾ 'ਤੇ ਧੋਖਾ ਦੇਣ ਦੇ ਲਾਏ ਜਾ ਰਹੇ ਦੋਸ਼ ਪੂਰੀ ਤਰ੍ਹਾਂ ਤੱਥਹੀਣ ਹਨ। ਉਨ੍ਹਾਂ ਕਿ ਕਿਹਾ ਕਿ 15 ਜੂਨ ਨੂੰ ਜਥੇਦਾਰ ਬ੍ਰਹਮਪੁਰਾ ਦੇ ਚੰਡੀਗੜ੍ਹ ਸਥਿਤ ਨਿਵਾਸ ਸਥਾਨ 'ਤੇ ਪਾਰਟੀ ਕੋਰ ਕਮੇਟੀ ਦੀ ਮੀਟਿੰਗ ਹੋਈ ਸੀ। ਮੀਟਿੰਗ ਦੌਰਾਨ ਹੀ ਸੁਖਦੇਵ ਸਿੰਘ ਢੀਂਡਸਾ ਨੂੰ ਪਾਰਟੀ ਪ੍ਰਧਾਨ ਬਣਾਏ ਜਾਣ ਦਾ ਫ਼ੈਸਲਾ ਹੋਇਆ ਸੀ।

ਬੀਰ ਦਵਿੰਦਰ ਮੁਤਾਬਕ ਉਨ੍ਹਾਂ ਨੇ ਜਥੇਦਾਰ ਬ੍ਰਹਮਪੁਰਾ ਨੂੰ ਕਿਹਾ ਸੀ ਕਿ ਜੇਕਰ ਪੰਥਕ ਆਗੂਆਂ ਵਿਚਾਲੇ ਸਹਿਮਤੀ ਨਾਲ ਬਣੀ ਤਾਂ ਉਹ ਅਕਾਲੀ ਦਲ ਟਕਸਾਲੀ ਵਿਚੋਂ ਅਸਤੀਫ਼ਾ ਦੇ ਦੇਣਗੇ। ਬੀਰ ਦਵਿੰਦਰ ਦਾ ਕਹਿਣਾ ਹੈ ਕਿ ਢੀਂਡਸਾ ਨੇ ਮੈਨੂੰ ਬੁਲਾਉਣ ਬਾਰੇ ਜਥੇਦਾਰ ਬ੍ਰਹਮਪੁਰਾ ਨੂੰ ਜਾਣੂ ਕਰਵਾ ਦਿਤਾ ਸੀ, ਜਿਸ 'ਤੇ ਬ੍ਰਹਮਪੁਰਾ ਨੇ ਕਿਹਾ ਸੀ ਕਿ ਮੈਂ ਢੀਂਡਸਾ ਨੂੰ ਮਿਲ ਲਵਾਂ ਪਰ ਉਹ ਪੰਥਕ ਏਕਤਾ ਲਈ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਨਵੇਂ ਅਕਾਲੀ ਦਲ 'ਚ ਰਲੇਵਾਂ ਨਹੀਂ ਕਰਨਗੇ।

ਉਨ੍ਹਾਂ ਕਿਹਾ ਕਿ ਢੀਂਡਸਾ ਦਾ ਬ੍ਰਹਮਪੁਰਾ ਦੀ ਪਿੱਠ 'ਤੇ ਵਾਰ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਅਖ਼ੀਰ 'ਚ ਬੀਰ ਦਵਿੰਦਰ ਨੇ ਬ੍ਰਹਮਪੁਰਾ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅਪਣੇ ਤਜਰਬੇ ਨਾਲ ਪੰਥ ਨੂੰ ਨਵੀਂ ਦਿਸ਼ਾ ਦਿਵਾਉਣ ਲਈ ਸਲਾਹਕਾਰ ਦੀ ਭੂਮਿਕਾ ਨਿਭਾਉਣ ਲਈ ਅੱਗੇ ਆਉਣ। ਉਨ੍ਹਾਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਚੰਗੀ ਸਿਹਤ ਤੇ ਦੀਰਘ ਆਯੂ ਦੀ ਕਾਮਨਾ ਵੀ ਕੀਤੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।