ਵਿਜ਼ਿਟਰ ਵੀਜ਼ੇ 'ਤੇ ਤਨਜ਼ਾਨੀਆ ਤੋਂ ਆਈ ਮੁਟਿਆਰ ਵੇਚਦੀ ਸੀ ਹੈਰੋਇਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਜ਼ਿਟਰ ਵੀਜ਼ੇ 'ਤੇ ਦਿੱਲੀ ਵਿਚ ਆਕੇ ਰਹਿ ਰਹੀ ਤਨਜ਼ਾਨੀਆ ਦੀ ਸ਼ੁਫਾ ਹਰੁਨਾ ਪਤਨੀ ਨਾਸਿਰ ਹੁਸੈਨ ਵੀਜ਼ਾ ਖ਼ਤਮ ਹੋਣ ਤੋਂ ਬਾਅਦ

Tanzanian woman operating from Delhi arrested with heroin

ਜਲੰਧਰ, ਵਿਜ਼ਿਟਰ ਵੀਜ਼ੇ 'ਤੇ ਦਿੱਲੀ ਵਿਚ ਆਕੇ ਰਹਿ ਰਹੀ ਤਨਜ਼ਾਨੀਆ ਦੀ ਸ਼ੁਫਾ ਹਰੁਨਾ ਪਤਨੀ ਨਾਸਿਰ ਹੁਸੈਨ ਵੀਜ਼ਾ ਖ਼ਤਮ ਹੋਣ ਤੋਂ ਬਾਅਦ ਵੀ ਦਿੱਲੀ ਵਿਚ ਰਹਿਕੇ ਹੈਰੋਇਨ ਸਪਲਾਈ ਕਰ ਰਹੀ ਸੀ। ਜਲੰਧਰ ਦਿਹਾਤੀ ਪੁਲਿਸ ਨੇ ਹਰਿਆਣੇ ਦੇ ਮੁਰਥਲ ਤੋਂ ਉਸ ਨੂੰ ਉਸ ਸਮੇਂ ਗਿਰਫਤਾਰ ਕੀਤਾ ਹੈ, ਜਦੋਂ ਉਹ ਅੱਧਾ ਕਿੱਲੋ ਹੈਰੋਇਨ ਦੇ ਨਾਲ ਇੱਕ ਢਾਬੇ ਉੱਤੇ ਬੈਠੀ ਸੀ। ਹੈਰੋਇਨ ਉਸ ਨੇ ਕਿਸੇ ਗਾਹਕ ਨੂੰ ਦੇਣੀ ਸੀ, ਪਰ ਸਮਾਂ ਰਹਿੰਦੇ ਪੁਲਿਸ ਨੇ ਉਸ ਨੂੰ ਦਬੋਚ ਲਿਆ।

ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਥਾਣਾ ਮਕਸੂਦਾਂ ਦੇ ਇੰਚਾਰਜ ਰਮਨਦੀਪ ਸਿੰਘ ਅਤੇ ਏਐੱਸਆਈ ਰਘੁਨਾਥ ਸਿੰਘ ਨੇ ਬ੍ਰਹਮਲੋਕ ਫਾਟਕ ਦੇ ਕੋਲੋਂ ਮਹੱਲਾ ਕਰਾਰ ਖਾਂ  ਨਿਵਾਸੀ ਅਮਿਤ ਕੁਮਾਰ ਉਰਫ ਕਾਕਾ ਨੂੰ 20 ਗ੍ਰਾਮ ਹੈਰੋਇਨ  ਦੇ ਨਾਲ ਗਿਰਫਤਾਰ ਕੀਤਾ ਸੀ। ਪੁੱਛਗਿਛ ਵਿਚ ਖੁਲਾਸਾ ਹੋਇਆ ਸੀ ਕਿ ਅਮਿਤ ਦਿੱਲੀ ਦੇ ਨਵਾਦਾ ਮੋਹਣੀ ਗਾਰਡਨ, ਉੱਤਮ ਨਗਰ ਵਿਚ ਰਹਿਣ ਵਾਲੀ ਸ਼ੁਫਾ ਹਰੁਨਾ ਤੋਂ ਹੈਰੋਇਨ ਲਿਆਉਂਦਾ ਸੀ। ਡੀਐੱਸਪੀ ਦਿਗਵਿਜੇ ਕਪਿਲ ਦੀ ਅਗਵਾਈ ਵਿਚ ਪੁਲਿਸ ਨੇ ਦਿੱਲੀ ਵਿਚ ਉਸ ਦੀ ਭਾਲ ਵਿਚ ਛਾਪੇਮਾਰੀ ਕੀਤੀ, ਪਰ ਉਹ ਹੱਥ ਨਹੀਂ ਲੱਗੀ।

ਪੁਲਿਸ ਨੇ ਉਸ ਦਾ ਮੋਬਾਇਲ ਨੰਬਰ ਹਾਸਲ ਕੀਤਾ ਤਾਂ ਪਤਾ ਲੱਗਿਆ ਕਿ ਉਹ ਇਸ ਸਮੇਂ ਹਰਿਆਣੇ ਦੇ ਮੁਰਥਲ ਜ਼ਿਲ੍ਹੇ ਵਿਚ ਹੈ। ਮੋਬਾਇਲ ਟਾਵਰ ਲੋਕੇਸ਼ਨ ਦੇ ਆਧਾਰ 'ਤੇ ਡੀਐੱਸਪੀ ਦਿਗਵਿਜੇ ਦੀ ਟੀਮ ਉਸ ਦੇ ਪਿੱਛੇ ਲੱਗ ਗਈ ਅਤੇ ਉਸ ਨੂੰ ਉਥੋਂ ਗਿਰਫਤਾਰ ਕਰ ਲਿਆ। ਉਸ ਦੇ ਕੋਲੋਂ 570 ਗ੍ਰਾਮ ਹੈਰੋਇਨ ਮਿਲੀ। ਜਾਂਚ ਵਿਚ ਸਾਹਮਣੇ ਆਇਆ ਕਿ 6 ਮਹੀਨੇ ਪਹਿਲਾਂ ਸ਼ੁਫਾ ਹਰੁਨਾ ਵਿਜ਼ਿਟਰ ਵੀਜ਼ੇ 'ਤੇ ਦਿੱਲੀ ਆਈ ਸੀ।

ਇੱਥੇ ਆਕੇ ਉਸ ਨੇ ਹੈਰੋਇਨ ਤਸਕਰੀ ਦਾ ਕੰਮ ਸ਼ੁਰੂ ਕਰ ਦਿੱਤਾ। ਅਮਿਤ ਵੀ ਉਸ ਤੋਂ ਸਪਲਾਈ ਲੈ ਕੇ ਆਉਂਦਾ ਸੀ। ਕਰੀਬ ਇੱਕ ਮਹੀਨਾ ਪਹਿਲਾਂ ਸ਼ੁਫਾ ਦਾ ਵੀਜ਼ਾ ਖਤਮ ਹੋ ਗਿਆ। ਇਸ ਦੇ ਬਾਵਜੂਦ ਉਹ ਭਾਰਤ ਵਿਚ ਰਹਿਕੇ ਡਰੱਗਜ਼ ਦੀ ਸਮਗਲਿੰਗ ਕਰ ਰਹੀ ਸੀ। ਐੱਸਐੱਸਪੀ ਮਾਹਲ ਨੇ ਦੱਸਿਆ ਕਿ ਸ਼ੁਫਾ ਨੂੰ ਰਿਮਾਂਡ 'ਤੇ ਲੈ ਕੇ ਸਪਲਾਈ ਦੇਣ ਅਤੇ ਲੈਣ ਵਾਲਿਆਂ ਦੇ ਬਾਰੇ ਵਿਚ ਜਾਣਕਾਰੀ ਹਾਸਲ ਕੀਤੀ ਜਾਵੇਗੀ।