ਅੰਮ੍ਰਿਤਧਾਰੀ ਸਿੱਖਾਂ 'ਤੇ ਤਸ਼ੱਦਦ ਕਰਨ ਵਾਲੇ ਥਾਣੇਦਾਰ ਖਿਲਾਫ਼ ਸਖ਼ਤ ਕਾਰਵਾਈ ਕਰੇ ਸਰਕਾਰ : ਲੌਂਗੋਵਾਲ

ਏਜੰਸੀ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਤੋਂ ਮਾਮਲੇ 'ਚ ਤੁਰੰਤ ਕਾਰਵਾਈ ਦੀ ਕੀਤੀ ਮੰਗ

gobind singh longowal

ਖੰਨਾ : ਥਾਣੇ ਅੰਦਰ ਅੰਮ੍ਰਿਤਧਾਰੀ ਪਿਓ-ਪੁੱਤਰਾਂ 'ਤੇ ਤਸ਼ੱਦਦ ਕਰਨ ਵਾਲੇ ਥਾਣੇਦਾਰ ਖਿਲਾਫ਼ ਬਣਦੀ ਕਰਵਾਈ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਮੁੱਖ ਮੰਤਰੀ ਤਕ ਪਹੁੰਚ ਕੀਤੀ ਹੈ। ਭਾਈ ਲੌਂਗੋਵਾਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਸੋਂ ਮੰਗ ਕੀਤੀ ਕਿ ਇਸ ਮੰਦਭਾਗੀ ਘਟਨਾ ਦੇ ਦੋਸ਼ੀ ਥਾਣੇਦਾਰ ਬਲਜਿੰਦਰ ਸਿੰਘ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ।

ਕਾਬਲੇਗੌਰ ਹੈ ਕਿ  ਲੰਘੇ ਅਪ੍ਰੈਲ ਮਹੀਨੇ ਖੰਨਾ ਦੇ ਪੁਲਿਸ ਥਾਣੇ ਅੰਦਰ ਥਾਣੇਦਾਰ ਸਮੇਤ ਪੁਲਿਸ ਮੁਲਾਜ਼ਮਾਂ ਨੇ ਅੰਮ੍ਰਿਤਧਾਰੀ ਗੁਰਸਿੱਖ ਜਗਪਾਲ ਸਿੰਘ, ਉਸ ਦੇ ਪੁੱਤਰ ਅਤੇ ਇਕ ਹੋਰ ਵਿਅਕਤੀ ਨੂੰ ਨੰਗਾ ਕਰਕੇ  ਅਣਮਨੁੱਖੀ ਤਸ਼ੱਦਦ ਕੀਤਾ ਸੀ। ਇਸ ਘਟਨਾ ਨੂੰ 4 ਮਹੀਨੇ ਬੀਤਣ ਮਗਰੋਂ ਵੀ ਸਬੰਧਤ ਥਾਣੇਦਾਰ 'ਤੇ ਕੋਈ ਕਾਰਵਾਈ ਨਹੀਂ ਹੋਹੀ।

ਭਾਈ ਲੌਂਗੋਵਾਲ ਨੇ ਕਿਹਾ ਕਿ ਪੁਲਿਸ ਨੂੰ ਇਹ ਬਿਲਕੁਲ ਅਧਿਕਾਰ ਨਹੀਂ ਹੈ ਕਿ ਉਹ ਪੁਲਿਸ ਥਾਣਿਆਂ ਅੰਦਰ ਅਨੈਤਿਕ ਕਾਰਵਾਈਆਂ ਕਰੇ। ਕਿਸੇ ਵੀ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਨਾਲ ਅਣਮਨੁੱਖੀ ਵਿਹਾਰ ਕਰਨਾ ਗ਼ਲਤ ਹੈ ਅਤੇ ਅਜਿਹਾ ਕਰਨ ਕਰਕੇ ਖੰਨਾ ਥਾਣੇ ਦੇ ਤਤਕਾਲੀ ਐਸ.ਐਚ.ਓ. ਨੂੰ ਗ੍ਰਿਫ਼ਤਾਰ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਇਹ ਮਾਮਲਾ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ, ਕਿਉਂਕਿ ਪੀੜਤ ਵਿਅਕਤੀ ਅੰਮ੍ਰਿਤਧਾਰੀ ਗੁਰਸਿੱਖ ਹਨ ਅਤੇ ਉਨ੍ਹਾਂ 'ਤੇ ਤਸ਼ੱਦਦ ਸਮੇਂ ਉਨ੍ਹਾਂ ਨੂੰ ਅਲਫ਼ ਨੰਗਾ ਕਰਨ ਦੇ ਨਾਲ ਨਾਲ ਉਨ੍ਹਾਂ ਦੇ ਕਕਾਰਾਂ ਦੀ ਵੀ ਬੇਅਦਬੀ ਕੀਤੀ ਗਈ। ਉਨ੍ਹਾਂ ਨੇ ਮੁੱਖ ਮੰਤਰੀ ਤੋਂ ਇਸ ਮਾਮਲੇ ਵਿਚ ਦੋਸ਼ੀ ਥਾਣੇਦਾਰ ਸਮੇਤ ਹੋਰਨਾਂ ਖਿਲਾਫ਼ ਤੁਰਤ ਬਣਦੀ ਕਾਰਵਾਈ ਦੀ ਮੰਗ ਕੀਤੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।